ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਸਿਫਰਕਾਲ ਦੌਰਾਨ ਕਾਂਗਰਸੀ ਮੈਂਬਰ ਅਜੀਤ ਸਿੰਘ ਮੋਫਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਪੰਥਕ ਸਰਕਾਰ ਇਸ ‘ਤੇ ਕੁਝ ਵੀ ਨਹੀਂ ਕਰ ਸਕੀ। ਇਸ ਘਟਨਾ ਨੂੰ ਪੰਜਾਬ ਦੇ ਲੋਕ ਕਦੇ ਨਹੀਂ ਭੁੱਲ ਸਕਦੇ। ਇਸ ਸਮੇਂ ਦੌਰਾਨ ਰਾਜ ਪੁਲਿਸ ਵਲੋਂ ਸ਼ਰ੍ਹੇਆਮ ਗੁੰਡਾਗਰਦੀ ਕੀਤੀ ਗਈ। ਇਸ ‘ਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਸੀ.ਬੀ.ਆਈ ਜਾਂਚ ਕਰ ਰਹੀ ਹੈ। ਇਸ ‘ਤੇ ਬਹਿਸ ਨਹੀਂ ਹੋ ਸਕਦੀ। ਇਸ ‘ਤੇ ਅਕਾਲੀ ਮੈਂਬਰ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ‘ਤੇ 1984 ਵਿਚ ਦੰਗੇ ਕਰਵਾਉਣ ਅਤੇ ਸ੍ਰੀ ਹਰਿਮੰਦਰ ਾਹਿਬ ਵਿਚ ਪੁਲਿਸ ਬਲ ਭੇਜਣ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਹੈ। ਪੰਜਾਬ ਵਿਚ ਬੀਤੇ ਦਿਨੀਂ ਕੀਤੀ ਗਈ ਬੇਅਦਬੀ ਦੀ ਘਟਨਾਵਾਂ ਦੇ ਪਿੱਛੇ ਇਸੇ ਦਾ ਹੱਥ ਹੈ। ਇਸੇ ਦੌਰਾਨ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਮਲਵਿੰਦਰ ਸਿੰਘ ਬੈਂਸ ਨੇ ਬੇਅਦਬੀ ਨੂੰ ਲੈ ਕੇ ਸੱਤਾਧਾਰੀ ਦਲ ਤੋਂ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰ ਨਹੀਂ ਫੜ ਸਕਦੀ ਅਤੇ ਸੀ.ਬੀ.ਆਈ ਜਾਂਚ ਲਈ ਮੋਹਤਾਜ ਹੈ ਤਾਂ ਉਸ ਨੂੰ ਪਹਿਲਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਵਿਚਾਲੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਦੀ ਬੈਂਸ ਭਰਾਵਾਂ ਨਾਲ ਇੰਨੀ ਤੂੰ-ਤੂੰ, ਮੈਂ-ਮੈਂ ਹੋਈ ਕਿ ਉਪ ਮੁੱਖ ਮੰਤਰੀ ਨੂੰ ਦਖ਼ਲ ਦੇਣੀ ਪਈ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਇਥੋਂ ਤੱਕ ਕਹਿਣਾ ਪਿਆ ਕਿ ਉਹ ਇਸ ਮਸਲੇ ਨੂੰ ਸੁਲਝਾਉਣ। ਸਪੀਕਰ ਨੇ ਆਪਣੀ ਬੇਵਸੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਸਾਡੀ ਆਪਣੀ ਪਾਰਟੀ ਦੇ ਲੋਕ ਹੀ ਇਸ ਤਰ੍ਹਾਂ ਬੋਲਣਗੇ ਤਾਂ ਉਹ ਕੀ ਕਰ ਸਕਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਸਦਨ ਨੂੰ ਚਲਾਉਦ ਅਤੇ ਰੈਗੁਲੇਟ ਕਰਨਾ ਸਪੀਕਰ ਦਾ ਕੰਮ ਹੈ। ਇਸ ‘ਤੇ ਸਪੀਕਰ ਨੇ ਕਿਹਾ ਕਿ ਜੋ ਵੀ ਅਸੰਸਦੀ ਭਾਸ਼ਾ ਦਾ ਪ੍ਰਯੋਗ ਹੋਇਆ ਹੈ ਉਹ ਉਹਨਾਂ ਨੇ ਰਿਕਾਰਡ ਤੋਂ ਹਟਾ ਦਿੱਤਾ ਹੈ। ਇਸ ਤੋਂ ਜ਼ਿਆਦਾ ਉਹ ਕੀ ਕਰ ਸਕਦੇ ਹਨ। ਇਸ ‘ਤੇ ਕਾਂਗਰਸੀ ਮੈਂਬਰਾਂ ਨੇ ਵਾਕਆਊਟ ਕਰਦੇ ਹੋਏ ਵਿਰਸਾ ਸਿੰਘ ਵਲਟੋਹਾ ਖਿਲਾਫ਼ ਕਈ ਅਸੰਸਦੀ ਸ਼ਬਦਾਂ ਦਾ ਪ੍ਰਯੋਗ ਕੀਤਾ ਅਤੇ ਕਾਫੀ ਦੇਰ ਹੰਗਾਮਾ ਹੁੰਦਾ ਰਿਹਾ।
ਅਬੋਹਰ ਦੀ ਨੇਚਰ ਹਾਈਟਸ ਕੰਪਨੀ ਖਿਲਾਫ ਕਾਰਵਾਈ ਦੀ ਮੰਗ
ਵਿਧਾਇਕ ਸੁਨੀਲ ਜਾਖੜ ਨੇ ਅਬੋਹਰ ਦੇ ਨਾਗਰਿਕ ਨੀਰਜ ਵਲੋਂ ਨੇਚਰ ਹਾਈਟਸ ਇੰਡੀਆ ਲਿਮ. ਵਲੋਂ ਦਸ ਹਜ਼ਾਰ ਪਰਿਵਾਰਾਂ ਦਾ 800 ਕਰੋੜ ਰੁਪਏ ਹੜਪਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਆਦਮੀ ਨੇ ਬਚਣ ਲਈ ਅਬੋਹਰ ਦੇ ਹੀ ਵਪਾਰੀ ਫਾਰਮ ਹਾਊਸ ਵਿਚ ਹੀ ਦਫ਼ਤਰ ਬਣਾ ਰੱਖਿਆ ਹੈ। ਆਪਣੇ ਅਧਿਕਾਰ ਰਾਇਲ ਸਿਟੀ ਨੂੰ ਸੌਂਪ ਦਿੱਤੇ ਹਨ, ਜਿਸ ਨੂੰ ਭਾਜਪਾ ਦੇ ਇਕ ਮੰਤਰੀ ਦਾ ਸਹਿਯੋਗ ਪ੍ਰਾਪਤ ਹੈ। ਜਿਹਨਾਂ ਲੋਕਾਂ ਦਾ ਪੈਸਾ ਹੜੱਪਿਆ ਗਿਆ ਹੈ ਉਸ ਨੂੰ ਵਾਪਸ ਦਿਵਾਇਆ ਜਾਵੇ। ਮੁੱਖ ਮੰਤਰੀ ਡੀ.ਜੀ.ਪੀ ਨੂੰ ਇਸ ਸਬੰਧ ਵਿਚ ਨਿਰਦੇਸ਼ ਦੇਣ।
ਜ਼ਮੀਨ ਵਾਪਸ ਕਰਨ ਲਈ ਬਿਲ ਪੇਸ਼ ਕੀਤਾ ਜਾਵੇ
ਕਾਂਗਰਸ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਤਲੁਜ-ਯਮੁਨਾ ਲਿੰਕ ਨਹਿਰ ਲਈ ਕਿਸਾਨਾਂ ਦੀ ਜ਼ਮੀਨ ਜੋ ਸਰਕਾਰ ਨੇ ਲਈ ਸੀ, ਉਸ ਨੂੰ ਵਾਪਸ ਦਿਵਾਉਣ ਦੀ ਸੋਧ ਲੈ ਕੇ ਆਈ ਸੀ, ਜਿਸ ਨੂੰ ਬਾਅਦ ਵਿਚ ਸਰਕਾਰ ਨੇ ਮੰਨ ਲਿਆ। ਉਹਨਾਂ ਕਿਹਾ ਕਿ ਹੁਣ ਇਸ ਬਾਰੇ ਬਿੱਲ ਪੇਸ਼ ਕਰ ਉਸ ਨੂੰ ਪਾਸ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼ੁਕਰ ਹੈ ਕਿ ਕਾਂਗਰਸ ਪਾਰਟੀ ਦੀਆਂ ਮੰਗਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਮੰਨ ਲਿਆ ਹੈ। ਜੇਕਰ ਸਰਕਾਰ ਸਹੀ ਅਰਥਾਂ ਵਿਚ ਪਾਣੀ ਦੇ ਮੁੱਦੇ ਨੂੰ ਸੁਲਝਾਉਣਾ ਚਾਹੁੰਦੀ ਹੈ ਤਾਂ ਇਸ ਬਿਲ ਨੂੰ ਵਿਧਾਨ ਸਭਾ ਵਿਚ ਛੇਤੀ ਪਾਸ ਕੀਤਾ ਜਾਵੇ।















