ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਅਹਿਮਦਾਬਾਦ ‘ਚ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਗੁਜਰਾਤ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇਗੀ। ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ‘ਆਪ’ ਗੁਜਰਾਤ ‘ਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਰੁੱਧ ਇਕ ਭਰੋਸੇਮੰਦ ਵਿਕਲਪ ਹੈ। ਉਨ੍ਹਾਂ ਕਿਹਾ,”2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ‘ਆਪ’ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ। ‘ਆਪ’, ਭਾਜਪਾ ਅਤੇ ਕਾਂਗਰਸ ਵਿਰੁੱਧ ਇਕ ਭਰੋਸੇਮੰਦ ਵਿਕਲਪ ਹੈ। ਗੁਜਰਾਤ ‘ਚ ਜਲਦ ਤਬਦੀਲੀ ਹੋਵੇਗੀ।” ਗੁਜਰਾਤ ਵਿਧਾਨ ਸਭਾ ‘ਚ 182 ਸੀਟਾਂ ਹਨ।
ਦੱਸਣਯੋਗ ਹੈ ਕਿ ਗੁਜਰਾਤ ਦੀ ਸਿਆਸਤ ਨੂੰ ਲੈ ਕੇ ਕੇਜਰੀਵਾਲ ਬਹੁਤ ਉਤਸ਼ਾਹਤ ਰਹਿੰਦੇ ਹਨ। ਭਾਜਪਾ ਦੇ ਗੜ੍ਹ ‘ਚ ਉਹ ਮੰਨਦੇ ਹਨ ਕਿ ਕਾਂਗਰਸ ਦਾ ਵਜੂਦ ਉੱਥੇ ਕੁਝ ਖਾਸ ਨਹੀਂ ਹਨ। ਆਪ ਕਾਂਗਰਸ ਨੂੰ ਭਾਜਪਾ ਦੀ ਬੀ ਟੀਮ ਮੰਨਦੀ ਹੈ। ਇਸ ਕਾਰਨ ਹਰ ਵਾਰ ਭਾਜਪਾ ਹੀ ਬਾਜੀ ਮਾਰ ਲੈ ਜਾਂਦੀ ਹੈ। ਇਸ ਵਾਰ ਆਪ ਗੁਜਰਾਤ ਦੀ ਰਾਜਨੀਤੀ ‘ਚ ਆਪਣੀ ਧਾਕ ਜਮਾਉਣਾ ਚਾਹੁੰਦੀ ਹੈ। ਸੂਰਤ ‘ਚ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੂੰ ਦੇਖੀਏ ਤਾਂ ਇਸ ਵਾਰ ਦਾ ਮੁਕਾਬਲਾ ਭਾਜਪਾ ਅਤੇ ਕਾਂਗਰਸ ਦੀ ਬਜਾਏ ਤ੍ਰਿਕੋਣੀ ਬਣ ਸਕਦਾ ਹੈ।















