ਗਾਜ਼ੀਆਬਾਦ, -ਗਾਜ਼ੀਆਬਾਦ ਵਿਚ 7 ਸਾਲ ਦੀ ਮਾਸੂਮ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜ ਨਗਰ ਐਕਸਟੈਂਸ਼ਨ ਵਿਚ ਬਣ ਰਹੇ ਇਕ ਮਾਲ ਵਿਚ ਸ਼ੁੱਕਰਵਾਰ ਦੇਰ ਰਾਤ ਬੱਚੀ ਦੀ ਅੱਧ-ਨੰਗੀ ਲਾਸ਼ ਮਿਲੀ। ਬੱਚੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਘਰ ਦੇ ਕੋਲੋਂ ਅਗਵਾ ਕਰਨ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਕ ਕੰਸਟ੍ਰਕਸ਼ਨ ਵਰਕਰ ਦੀ ਧੀ ਸੀ। ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਇਹ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਕੰਸਟ੍ਰਕਸ਼ਨ ਸਾਈਟ ਦੇ ਕੋਲ ਹੀ ਰਹਿ ਰਿਹਾ ਸੀ।
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਸ਼ੁੱਕਰਵਾਰ ਸ਼ਾਮ ਕਰੀਬ 7-8 ਵਜੇ ਲਾਪਤਾ ਹੋ ਗਈ ਸੀ। ਅਸੀਂ ਉਸ ਨੂੰ ਲੱਭਣਾ ਸ਼ੁਰੂ ਕੀਤਾ। ਕੁਝ ਘੰਟਿਆਂ ਬਾਅਦ ਨਿਰਮਾਣ ਅਧੀਨ ਮਾਲ ਦੇ ਬੇਸਮੈਂਟ ਵਿਚ ਉਸ ਦੀ ਲਾਸ਼ ਰਾਤ ਕਰੀਬ ਇਕ ਵਜੇ ਮਿਲੀ। ਪੁਲਸ ਨੇ 3 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।















