ਭਾਰਤੀ ਟੀਮ ਵਿੱਚ ਵਾਪਸੀ ਦੇ ਨਾਲ 21 ਵਿਕਟਾਂ ਲੈਣ ਵਾਲੇ ਰਵਿੰਦਰ ਜਡੇਜਾ ਨੇ ਮੰਨਿਆ ਕਿ ਉਹ ਖੁਸ਼ਕਿਮਸਤ ਰਿਹਾ ਹੈ ਕਿ ਉਸਦੀ ਵਾਪਸੀ ‘ਚ ਸਭ ਕੁਝ ਠੀਕ ਰਿਹਾ, ਜਿਸ ਨਾਲ ਉਹ ਦੱਖਣੀ ਅਫ਼ਰੀਕਾ ਦੇ ਖਿਲਾਫ਼ ਮੌਜੂਦਾ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਿਆ।
ਰਣਜੀ ਟਰਾਫ਼ੀ ਵਿੱਚ ਉਸਨੇ 34 ਵਿਕਟਾਂ ਲਈਆਂ, ਜਿਸ ਤੋਂ ਬਾਅਦ ਟੈਸਟ ਟੀਮ ਵਿੱਚ ਉਸਦੀ ਵਾਪਸੀ ਹੋਈ। ਚੌਥੇ ਟੈਸਟ ਵਿੱਚ ਦੱਖਣੀ ਅਫ਼ਰੀਕਾ ਦੀ ਪਹਿਲੀ ਪਾਰੀ ਵਿੱਚ 30 ਦੌੜਾਂ ਦੇ ਕੇ 5 ਵਿਕਟਾਂ ਲੈਣ ਵਾਲੇ ਜਡੇਜਾ ਨੇ ਕਿਹਾ,”ਤੁਸੀਂ ਕਹਿ ਸਕਦੇ ਹੋ, ਜਦ ਮੈਂ ਟੀਮ ਤੋਂ ਬਾਹਰ ਹੋਇਆ ਸੀ, ਉਦੋਂ 6 ਮਹੀਨੇ ਬਾਹਰ ਰਿਹਾ। ਰਣਜੀ ਟਰਾਫ਼ੀ ਦੌਰਾਨ ਮੈਨੂੰ 3 ਮੈਚ ਖੇਡਣ ਨੂੰ ਮਿਲੇ ਅਤੇ ਕਿਸਮਤ ਨੇ ਸਾਥ ਦਿੱਤਾ ਕਿ ਵਿਕਟ ਟਰਨ ਲੈ ਰਹੀ ਸੀ।”
ਉਸਨੇ ਕਿਹਾ, ”ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਕਾਫ਼ੀ ਮਿਹਨਤ ਕੀਤੀ ਸੀ। ਰਣਜੀ ਟਰਾਫ਼ੀ ਸੈਸ਼ਨ ਉਸ ਸਮੇਂ ਸ਼ੁਰੂ ਹੋਇਆ, ਜਦੋਂ ਦੱਖਣੀ ਅਫ਼ਰੀਕਾ ਖਿਲਾਫ਼ ਸੀਰੀਜ਼ ਹੋਣੀ ਸੀ, ਲਿਹਾਜ਼ਾ ਮੇਰੇ ਲਈ ਸਭ ਕੁਝ ਅਨੁਕੂਲ ਰਿਹਾ।” ਜਡੇਜਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਫ਼ਿਰੋਜ਼ਸ਼ਾਹ ਕੋਟਲਾ ਦੀ ਪਿੱਚ ਨੂੰ ਕੋਈ ਟਰਨਰ ਨਹੀਂ ਕਹੇਗਾ।










