ਨਵੀਂ ਦਿੱਲੀ- ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਦੀ ਬੈਠਕ ਵੀ ਵੀਰਵਾਰ ਨੂੰ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਮੇਜ਼ ‘ਤੇ ਰਖਵਾਏ। ਇਸ ਤੋਂ ਬਾਅਦ ਜ਼ੀਰੋ ਆਵਰ ਅਤੇ ਪ੍ਰਸ਼ਨ ਕਾਲ ਨੂੰ ਮੁਲਤਵੀ ਕਰਦੇ ਹੋਏ ਖਾਣ ਮੰਤਰੀ ਜੀ. ਕਿਸ਼ਨ ਰੈੱਡੀ ਨੂੰ ‘ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੰਸ਼ੋਧਨ ਬਿੱਲ, 2026’ ਪੇਸ਼ ਕਰਨ ਲਈ ਕਿਹਾ ਗਿਆ।
ਮੰਤਰੀ ਵੱਲੋਂ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ‘ਤੇ ਸੰਖੇਪ ਚਰਚਾ ਹੋਈ। ਮੰਤਰੀ ਦੇ ਜਵਾਬ ਤੋਂ ਬਾਅਦ ਰਾਜ ਸਭਾ ਨੇ ਇਸ ਬਿੱਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਹ ਬਿੱਲ ਬੁੱਧਵਾਰ ਨੂੰ ਲੋਕ ਸਭਾ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਸੀ। ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ, ਦੁਪਹਿਰ 12:05 ਵਜੇ ਰਾਸ਼ਟਰਗੀਤ ‘ਵੰਦੇ ਮਾਤਰਮ’ ਦੀ ਧੁਨ ਵਜਾਈ ਗਈ ਅਤੇ ਚੇਅਰਮੈਨ ਨੇ ਰਾਜ ਸਭਾ ਦੀ ਬੈਠਕ ਅਣਿਸ਼ਚਿਤ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।















