ICC ਰੈਂਕਿੰਗ ‘ਚ ਗੇਂਦਬਾਜ਼ਾਂ ਵਿੱਚ ਜਡੇਜਾ ਸਿਖਰ ‘ਤੇ ਬਰਕਰਾਰ

ਦੁਬਈ: ਸਟਾਰ ਫ਼ਿਰਕੀ ਗੇਂਦਬਾਜ਼ ਰਵਿੰਦਰ ਜਡੇਜਾ ਨੇ ਅੱਜ ਜਾਰੀ ਟੈਸਟ ਰੈਂਕਿੰਗ ਵਿੱਚ ਗੇਂਦਬਾਜ਼ਾਂ ਦੀ ਸੂਚੀ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ, ਜਦੋਂ ਕਿ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪੰਜਵੇਂ ਸਥਾਨ ‘ਤੇ ਕਾਇਮ ਹੈ।
ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਚੇਤੇਸ਼ਵਰ ਪੁਜਾਰਾ ਚੌਥੇ ਸਥਾਨ ਨਾਲ ਸਿਖਰਲਾ ਭਾਰਤੀ ਬਣਿਆ, ਜਦੋਂ ਕਿ ਸਲਾਮੀ ਬੱਲੇਬਾਜ਼ ਸ਼ੇਖਰ ਧਵਨ 21 ਸਥਾਨਾਂ ਦੀ ਲੰਮੀ ਛਾਲ ਨਾਲ 39ਵੇਂ ਸਥਾਨ ‘ਤੇ ਖਿਸਕ ਗਿਆ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਿਖਰ ‘ਤੇ ਹੈ। ਉਸ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਸਥਾਨ ਆਉਂਦਾ ਹੈ। ਗੇਂਦਬਾਜ਼ਾਂ ਦੀ ਸੂਚੀ ‘ਚ ਰਵੀਚੰਦਰਨ ਅਸ਼ਵਿਨ ਨੇ ਸ੍ਰੀਲੰਕਾ ਦੇ ਕਪਤਾਨ ਰੰਗਨਾ ਹੇਰਾਥ ਨੂੰ ਪਛਾੜਦਿਆਂ ਇੱਕ ਵਾਰ ਮੁੜ ਦੂਜਾ ਸਥਾਨ ਹਾਸਲ ਕੀਤਾ ਹੈ। ਹੇਰਾਥ ਤੀਜੇ ਸਥਾਨ ‘ਤੇ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਸਥਾਨ ਦੇ ਲਾਭ ਨਾਲ 23ਵੇਂ ਸਥਾਨ ‘ਤੇ ਹੈ। ਜਡੇਜਾ ਅਤੇ ਅਸ਼ਵਿਨ ਨੇ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਸਿਖਰ ‘ਤੇ ਹੈ। ਇੰਗਲੈਂਡ ਦਾ ਹਰਫ਼ਨਮੌਲਾ ਬੇਨ ਸਟੋਕਸ 12 ਸਥਾਨਾਂ ਦੇ ਲਾਭ ਨਾਲ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸਾਂਝੇ ਤੌਰ ‘ਤੇ 25ਵੇਂ ਸਥਾਨ ‘ਤੇ ਹੈ ਜਦੋਂ ਕਿ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਉਹ ਦੋ ਸਥਾਨ ਉਪਰ ਖਿਸਕ ਕੇ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹਰਫ਼ਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਉਹ ਦੱਖਣੀ ਅਫ਼ਰੀਕਾ ਦੇ ਵਰਨਣ ਫ਼ਿਲੇਂਡਰ ਨੂੰ ਪਛਾੜ ਕੇ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਦੇ ਗਾਲੇ ਵਿੱਚ ਸ੍ਰੀਲੰਕਾ ਖ਼ਿਲਾਫ਼ ਪਹਿਲਾ ਟੈਸਟ 304 ਦੌੜਾਂ ਅਤੇ ਇੰਗਲੈਂਡ ਦੇ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜਾ ਟੈਸਟ 239 ਦੌੜਾਂ ਨਾਲ ਜਿੱਤਣ ਤੋਂ ਬਾਅਦ ਇਹ ਨਵੀਂ ਰੈਂਕਿੰਗ ਜਾਰੀ ਕੀਤੀ ਗਈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਜਾਨੀ ਬੇਯਰਸਟਾ ਤਿੰਨ ਸਥਾਨਾਂ ਦੇ ਲਾਭ ਨਾਲ ਨੌਵੇਂ ਸਥਾਨ ‘ਤੇ ਹੈ।