ਕੌਫ਼ੀ ਪੀਣਾ, ਖ਼ਾਸ ਕਰ ਕੇ ਇੱਕ ਦਿਨ ‘ਚ 25 ਕੱਪ ਤਕ, ਧਮਣੀਆਂ ਲਈ ਓਨਾ ਬੁਰਾ ਨਹੀਂ ਜਿੰਨਾ ਪਹਿਲਾਂ ਦੇ ਅਧਿਐਨ ‘ਚ ਮੰਨਿਆ ਗਿਆ ਸੀ। ਮੰਗਲਵਾਰ ਨੂੰ ਸਾਹਮਣੇ ਆਏ ਇੱਕ ਨਵੇਂ ਅਧਿਐਨ ‘ਚ ਅਜਿਹਾ ਕਿਹਾ ਗਿਆ ਹੈ। ਧਮਣੀਆਂ ਸਾਡੇ ਦਿਲ ਰਾਹੀਂ ਔਕਸੀਜਨ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੂਨ ਨੂੰ ਸਾਡੇ ਪੂਰੇ ਸ਼ਰੀਰ ਤਕ ਪਹੁੰਚਾਉਂਦੀਆਂ ਹਨ। ਜੇ ਇਨ੍ਹਾਂ ਦਾ ਲਚਕੀਲਾਪਨ ਖ਼ਤਮ ਹੁੰਦਾ ਹੈ ਤਾਂ ਇਹ ਸਖ਼ਤ ਹੋ ਜਾਂਦੀਆਂ ਹਨ, ਅਤੇ ਇਸ ਨਾਲ ਦਿਲ ‘ਤੇ ਜ਼ੋਰ ਪੈਂਦਾ ਹੈ ਅਤੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਜਾਂ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।
ਬ੍ਰਿਟੇਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਅਧਿਐਨ ‘ਚ ਅੱਠ ਹਜ਼ਾਰ ਲੋਕਾਂ ਨੂੰ ਸ਼ਾਮਿਲ ਕੀਤਾ ਸੀ। ਇਹ ਅਧਿਐਨ ਪਹਿਲਾਂ ਦੇ ਉਸ ਅਧਿਐਨ ਨੂੰ ਗ਼ਲਤ ਦੱਸਦਾ ਹੈ ਜਿਸ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਕੌਫ਼ੀ ਪੀਣ ਨਾਲ ਧਮਣੀਆਂ ‘ਚ ਸਖ਼ਤੀ ਆ ਜਾਂਦੀ ਹੈ। ਖੋਜਕਾਰਾਂ ਨੇ ਕਿਹਾ ਕਿ ਕੌਫ਼ੀ ਪੀਣ ਨੂੰ ਧਮਣੀਆਂ ਦੀ ਸਖ਼ਤੀ ਨਾਲ ਜੋੜਨ ਵਾਲੇ ਪਹਿਲੇ ਅਧਿਐਨ ਵਿੱਚ ਮੁਕਾਬਲੇਬਾਜ਼ਾਂ ਦੀ ਘੱਟ ਗਿਣਤੀ ਹੋਣ ਕਾਰਨ ਇਸ ਨੂੰ ਯੂਨੀਵਰਸਲ ਨਹੀਂ ਮੰਨਿਆ ਜਾ ਸਕਦਾ।
ਅਧਿਐਨ ਲਈ ਕੌਫ਼ੀ ਦੀ ਖਪਤ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਗਿਆ ਸੀ। ਪਹਿਲਾ ਜੋ ਇੱਕ ਦਿਨ ‘ਚ ਇੱਕ ਕੱਪ ਤੋਂ ਘੱਟ ਕੌਫ਼ੀ ਪੀਂਦੇ ਹਨ, ਦੂਜਾ ਜੋ ਰੋਜ਼ਾਨਾ ਇੱਕ ਤੋਂ ਤਿੰਨ ਕੱਪ ਅਤੇ ਤੀਜਾ ਜੋ ਤਿੰਨ ਕੱਪ ਤੋਂ ਜ਼ਿਆਦਾ ਕੌਫ਼ੀ ਪੀਂਦੇ ਹਨ। ਇੱਕ ਦਿਨ ‘ਚ 25 ਕੱਪ ਤੋਂ ਜ਼ਿਆਦਾ ਕੌਫ਼ੀ ਪੀਣ ਵਾਲੇ ਲੋਕਾਂ ਨੂੰ ਅਧਿਐਨ ਤੋਂ ਬਾਹਰ ਰੱਖਿਆ ਗਿਆ ਪਰ ਇਸ ਉੱਚ ਸੀਮਾ ਤਕ ਵੀ ਕੌਫ਼ੀ ਪੀਣ ਵਾਲੇ ਲੋਕਾਂ ਦੀ ਤੁਲਨਾ ਜਦੋਂ ਇੱਕ ਕੱਪ ਤੋਂ ਘੱਟ ਕੌਫ਼ੀ ਪੀਣ ਵਾਲਿਆਂ ਨਾਲ ਕੀਤੀ ਗਈ ਤਾਂ ਉਨ੍ਹਾਂ ਦੀਆਂ ਧਮਣੀਆਂ ‘ਚ ਸਖ਼ਤੀ ਵੱਧ ਜਾਣ ਵਰਗਾ ਕੁੱਝ ਨਹੀਂ ਦੇਖਿਆ ਗਿਆ।
ਕੰਬੋਜ










