ਰੋਜ਼ਾਨਾ ਦੋ ਤੋਂ ਵੱਧ ਅੰਡੇ ਸਿਹਤ ਲਈ ਖ਼ਤਰਨਾਕ

ਜੇ ਤੁਸੀਂ ਵੀ ਇੱਕ ਅੰਡਾ ਪ੍ਰੇਮੀ ਹੋ ਤਾਂ ਤੁਹਾਡੇ ਲਈ ਇਹ ਇੱਕ ਬੁਰੀ ਖ਼ਬਰ ਹੈ। ਖੋਜਾਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੋਜ਼ਾਨਾ ਦੋ ਤੋਂ ਵੱਧ ਆਂਡੇ ਖਾਣਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਜੀ ਹਾਂ, ਇਸ ਨਵੀਂ ਖੋਜ ‘ਚ ਦੱਸਿਆ ਗਿਆ ਹੈ ਕਿ ਜੇ ਕੋਈ ਵਿਅਕਤੀ ਹਰ ਦਿਨ ਰੋਜ਼ਾਨਾ ਦੋ ਤੋਂ ਵੱਧ ਆਂਡੇ ਖਾਂਦਾ ਹੈ ਤਾਂ ਉਸ ਨੂੰ ਕਾਰਡੀਓਵੈਸਕੁਲਰ ਡਿਜ਼ੀਜ਼ ਯਾਨੀ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਅਤੇ ਮੌਤ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।
30 ਹਜ਼ਾਰ ਲੋਕਾਂ ਦੀ ਡਾਇਟ ‘ਤੇ 31 ਸਾਲ ਤਕ ਰੱਖੀ ਗਈ ਨਜ਼ਰ
ਅਮੈਰੀਕਨ ਮੈਡੀਕਲ ਐਸੋਸੀਏਸ਼ਨ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਇੱਕ ਰਸਾਲੇ ‘ਚ ਪ੍ਰਕਾਸ਼ਿਤ ਇਸ ਸਟੱਡੀ ‘ਚ ਅਮਰੀਕਾ ਦੇ ਲਗਭਗ 30 ਹਜ਼ਾਰ ਲੋਕਾਂ ਦੀ ਡਾਇਟ, ਉਨ੍ਹਾਂ ਦੀ ਸਿਹਤ ਅਤੇ ਲਾਈਫ਼ਸਟਾਈਲ ਨਾਲ ਜੁੜੀਆਂ ਆਦਤਾਂ ‘ਤੇ ਲਗਭਗ 31 ਸਾਲ ਤਕ ਨਜ਼ਰ ਰੱਖੀ ਗਈ। ਅਮਰੀਕਾ ਦੀ ਯੂਨੀਵਰਸਿਟੀ ਔਫ਼ ਮੈਸਾਚੁਏਸਟਸ ਦੀ ਪ੍ਰੋਫ਼ੈਸਰ ਕੈਥਰੀਨ ਟਕਰ ਕਹਿੰਦੀ ਹੈ ਕਿ ਸਾਡੀ ਸਟੱਡੀ ਦੇ ਨਤੀਜੇ ਦੱਸਦੇ ਹਨ ਕਿ ਅੰਡੇ ‘ਚ ਜੋ ਕੋਲੈਸਟਰੋਲ ਪਾਇਆ ਜਾਂਦਾ ਹੈ ਜੇ ਉਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕੀਤਾ ਜਾਵੇ ਤਾਂ ਸਿਹਤ ‘ਤੇ ਇਸ ਦਾ ਬੁਰਾ ਅਸਰ ਪੈਂਦਾ ਹੈ।
ਇੱਕ ਵੱਡੇ ਅੰਡੇ ‘ਚ 200 ਮਿਲੀਗ੍ਰਾਮ ਤਕ ਹੁੰਦਾ ਹੈ ਕੋਲੈਸਟਰੋਲ
ਅਮਰੀਕਾ ਦੇ ਡਿਪਾਰਟਮੈਂਟ ਔਫ਼ ਐਗਰੀਕਲਚਰ ਮੁਤਾਬਿਕ, ਇੱਕ ਵੱਡੇ ਅੰਡੇ ‘ਚ ਲਗਭਗ 200 ਮਿਲੀਗ੍ਰਾਮ ਤਕ ਕੋਲੈਸਟਰੋਲ ਪਾਇਆ ਜਾਂਦਾ ਹੈ। ਅਜਿਹੇ ‘ਚ ਹਰ ਦਿਨ 300 ਮਿਲੀਗ੍ਰਾਮ ਤੋਂ ਜ਼ਿਆਦਾ ਕੋਲੈਸਟਰੋਲ ਦਾ ਸੇਵਨ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖ਼ਤਰੇ ਨੂੰ 17 ਫ਼ੀਸਦੀ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ 18 ਫ਼ੀਸਦੀ ਤਕ ਵਧਾ ਦਿੰਦਾ ਹੈ। ਕੈਥਰੀਨ ਕਹਿੰਦੀ ਹੈ ਕਿ ਮੇਰਾ ਤਾਂ ਇਹੀ ਸੁਝਾਅ ਹੈ ਕਿ ਹਰ ਦਿਨ ਦੋ ਅੰਡਿਆਂ ਜਾਂ ਦੋ ਆਮਲੇਟਾਂ ਤੋਂ ਵੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਿਊਟ੍ਰੀਸ਼ਨ ਦਾ ਮਤਲਬ ਹੀ ਹੈ ਸੰਯਮ ਅਤੇ ਸਹੀ ਬੈਲੇਂਸ।
ਸੂਰਜਵੰਸ਼ੀ