ਕੌਮੇਡੀ ਵੱਲ ਰੁਖ਼ ਕਰ ਰਿਹੈ ਅਕਸ਼ੈ ਕੁਮਾਰ

ਅਦਾਕਾਰ ਅਕਸ਼ੈ ਕੁਮਾਰ ਅਗਲੇ ਸਾਲ ਕੌਮੇਡੀ ‘ਤੇ ਆਧਾਰਿਤ ਸੀਕੁਅਲ ਫ਼ਿਲਮਾਂ ‘ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਅਸਲ ‘ਚ ਅਕਸ਼ੈ ਕਾਫ਼ੀ ਸਮੇਂ ਤੋਂ ਗੰਭੀਰ ਫ਼ਿਲਮਾਂ ‘ਚ ਹੀ ਕੰਮ ਕਰ ਰਿਹਾ ਹੈ। ਹਾਲ ਹੀ ‘ਚ ਚਰਚਾ ਹੋਈ ਸੀ ਕਿ ਅਕਸ਼ੈ ਸੁਪਰਹਿੱਟ ਕੌਮੇਡੀ ਫ਼ਿਲਮ ਹੇਰਾ ਫ਼ੇਰੀ ਦੇ ਤੀਜੇ ਭਾਗ ‘ਚ ਕੰਮ ਕਰਨ ਜਾ ਰਿਹਾ ਹੈ। ਹੁਣ ਫ਼ਿਰੋਜ਼ ਨਾਡਿਆਡਵਾਲਾ ਦੀ ਫ਼ਿਲਮ ਅਵਾਰਾ ਪਾਗਲ ਦੀਵਾਨਾ ਦੇ ਸੀਕੁਅਲ ਦੀ ਚਰਚਾ ਵੀ ਕਾਫ਼ੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਨ੍ਹਾਂ ਦੋਹਾਂ ਹੀ ਫ਼ਿਲਮਾਂ ‘ਚ ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਫ਼ਿਰੋਜ਼, ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਦੀ ਸੁਪਰਹਿੱਟ ਐਕਸ਼ਨ-ਕੌਮੇਡੀ ਫ਼ਿਲਮ ਅਵਾਰਾ ਪਾਗਲ ਦੀਵਾਨਾ ਦੇ ਸੀਕੁਅਲ ‘ਤੇ ਕੰਮ ਕਰ ਰਹੇ ਹਨ। ਫ਼ਿਲਮ 2019 ਤਕ ਫ਼ਲੋਰ ‘ਤੇ ਆ ਜਾਵੇਗੀ। ਫ਼ਿਲਮ ਦਾ ਪਹਿਲਾ ਭਾਗ ਜਿੱਥੇ ਹੌਲੀਵੁੱਡ ਫ਼ਿਲਮ ਦੀ ਰੀਮੇਕ ਸੀ। ਉਥੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਵਾਰਾ ਪਾਗਲ ਦੀਵਾਨਾ-2 ਬਿਲਕੁਲ ਨਵੀਂ ਸਕ੍ਰਿਪਟ ‘ਤੇ ਬਣਾਈ ਜਾਵੇਗੀ। ਹੇਰਾ ਫ਼ੇਰੀ 3 ਲਈ ਜਿੱਥੇ ਅਕਸ਼ੈ, ਸੁਨੀਲ, ਪਰੇਸ਼ ਰਾਵਲ ਦੀ ਤੀਕੜੀ ਫ਼ਾਈਨਲ ਹੈ, ਉਥੇ ਇਸ ਨਵੀਂ ਫ਼ਿਲਮ ‘ਚ ਹੁਣ ਤਕ ਸਿਰਫ਼ ਅਕਸ਼ੈ ਅਤੇ ਸੁਨੀਲ ਸ਼ੈੱਟੀ ਨੂੰ ਅਪ੍ਰੋਚ ਕਰਨ ਦੀ ਗੱਲ ਹੀ ਸਾਹਮਣੇ ਆਈ ਹੈ। ਇਹ ਫ਼ਿਲਮ ਕਾਫ਼ੀ ਵੱਡੇ ਪੱਧਰ ‘ਤੇ ਬਣਾਉਣ ਦੀ ਯੋਜਨਾ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵਿਦੇਸ਼ ‘ਚ ਹੀ ਹੋਵੇਗੀ। ਫ਼ਿਲਹਾਲ ਅਕਸ਼ੈ ਕੁਮਾਰ ਆਪਣੀਆਂ ਅਗਲੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ਰੁੱਝਿਆ ਹੋਇਆ ਹੈ। ਇਨ੍ਹਾਂ ‘ਚ ਕੇਸਰੀ, ਗੋਲਡ ਅਤੇ ਹਾਊਸਫ਼ੁੱਲ-4 ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਫ਼ਿਲਮ ਕੇਸਰੀ ਇੱਕ ਇਤਿਹਾਸਕ ਫ਼ਿਲਮ ਹੈ ਜੋ ਸਾਰਾਗੜ੍ਹੀ ਦੀ ਲੜਾਈ ‘ਤੇ ਬਣਾਈ ਜਾ ਰਹੀ ਹੈ, ਅਤੇ ਇਸ ‘ਚ ਅਕਸ਼ੈ ਨਾਲ ਪਰਿਣੀਤੀ ਚੋਪੜਾ ਨਜ਼ਰ ਆਵੇਗੀ।
ਅਕਸ਼ੈ ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਕਿਰਦਾਰ ਨਿਭਾਅ ਰਿਹਾ ਹੈ, ਪਰ ਅਗਲੇ ਸਾਲ ਉਹ ਜ਼ਿਆਦਾ ਕੌਮੇਡੀ ਫ਼ਿਲਮਾਂ ਹੀ ਕਰਦਾ ਨਜ਼ਰ ਆਵੇਗਾ …