ਰਾਓ ਤੇ ਐਸ਼ਵਰਿਆ ਬੇਹੱਦ ਜਲਦ ਫ਼ਿਲਮ ਫ਼ੰਨੇ ਖ਼ਾਂ ‘ਚ ਇਕੱਠੇ ਆਉਣ ਵਾਲੇ ਹਨ ਨਜ਼ਰ। ਐਸ਼ਵਰਿਆ ਇਸ ਫ਼ਿਲਮ ਨਾਲ ਪਰਦੇ ‘ਤੇ ਮੁੜ ਕਰ ਰਹੀ ਹੈ ਵਾਪਸੀ …
ਬੌਲੀਵੁੱਡ ਫ਼ਿਲਮਾਂ ‘ਚ ਗੰਭੀਰ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਰਾਜਕੁਮਾਰ ਰਾਓ ਆਪਣੀ ਅਗਲੀ ਫ਼ਿਲਮ ‘ਫ਼ੰਨੇ ਖ਼ਾਂ ‘ਨੂੰ ਲੈ ਕੇ ਕਾਫ਼ੀ ਖ਼ੁਸ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਬੱਚਨ ਨਾਲ ਇਹ ਫ਼ਿਲਮ ਕਰਨ ‘ਚ ਬਹੁਤ ਮਜ਼ਾ ਆਇਆ ਹੈ। ਰਾਜਕੁਮਾਰ ਨੇ ਇੱਕ ਪ੍ਰੋਗਰਾਮ ‘ਚ ਹਿੱਸਾ ਲੈਂਦੇ ਹੋਏ ਗੱਲਬਾਤ ਦੌਰਾਨ ਦੱਸਿਆ ਕਿ ਫ਼ਿਲਮ ਫ਼ੰਨੇ ਖ਼ਾਂ ਕਾਫ਼ੀ ਚੰਗੀ ਬਣੀ ਹੈ। ਮੈਂ ਇਸ ਗੱਲ ਨੂੰ ਲੈ ਕੇ ਕਾਫ਼ੀ ਖ਼ੁਸ਼ ਹਾਂ। ਅੱਗੇ ਗੱਲ ਕਰਦੇ ਰਾਓ ਨੇ ਕਿਹਾ ਕਿ ਉਸ ਦਾ ਸਾਬਕਾ ਵਿਸ਼ਵ ਸੁੰਦਰੀ ਤੇ ਅਦਾਕਾਰਾ ਐਸ਼ਵਰਿਆ ਰਾਏ ਅਤੇ ਬਾਲੀਵੁੱਡ ਦੇ ਮਿਸਟਰ ਇੰਡੀਆ ਭਾਵ ਅਨਿਲ ਕਪੂਰ ਨਾਲ ਫ਼ਿਲਮ ‘ਚ ਕੰਮ ਕਰਨ ਨੂੰ ਲੈ ਕੇ ਤਜਰਬਾ ਚੰਗਾ ਰਿਹਾ ਹੈ। ਫ਼ਿਲਮ ਫ਼ੰਨੇ ਖ਼ਾਂ ਡੱਚ ਫ਼ਿਲਮ ਦੀ ਹਿੰਦੀ ਭਾਸ਼ਾ ‘ਚ ਰੀਮੇਕ ਹੈ। ਅਤੁਲ ਮਾਂਜਰੇਕਰ ਦੁਆਰਾ ਡਾਇਰੈਕਟ ਫ਼ਿਲਮ ਫ਼ੰਨੇ ਖ਼ਾਂ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਰਾਜਕੁਮਾਰ ਰਾਓ ਇਸ ਫ਼ਿਲਮ ਤੋਂ ਇਲਾਵਾ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ ਅਤੇ ਮੈਂਟਲ ਹੈ ਕਯਾ ਫ਼ਿਲਮਾਂ ‘ਚ ਵੀ ਦਮਦਾਰ ਭੂਮਿਕਾ ਨਿਭਾਅ ਰਹੇ ਹਨ। ਰਾਓ ਨੇ ਆਪਣੇ ਬੌਲੀਵੁੱਡ ਸਫ਼ਰ ਦੀ ਸ਼ੁਰੂਆਤ 2010 ‘ਚ ਲਵ ਸੈਕਸ ਔਰ ਧੋਖਾ ਫ਼ਿਲਮ ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਸ਼ਹੀਦ, ਅਲੀਗੜ੍ਹ, ਬਰੇਲੀ ਕੀ ਬਰਫ਼ੀ, ਨਿਊਟਨ, ਓਮਰੇਟਾ, ਆਦਿ ਫ਼ਿਲਮਾਂ ‘ਚ ਕਈ ਅਹਿਮ ਭੂਮਿਕਾਵਾਂ ਨਿਭਾ ਕੇ ਫ਼ਿਲਮ ਇੰਡਸਟਰੀ ‘ਚ ਆਪਣੀ ਇੱਕ ਅਲੱਗ ਪਛਾਣ ਕਾਇਮ ਕਰ ਚੁੱਕੇ ਹਨ। ਰਾਓ ਫ਼ਿਲਮ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ ‘ਚ ਅਨਿਲ ਕਪੂਰ ਅਤੇ ਸੋਨਮ ਕਪੂਰ ਨਾਲ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ਇਸ ਸਾਲ ਦੇ ਆਖ਼ੀਰ ਤਕ ਰਿਲੀਜ਼ ਹੋਣ ਦੀ ਆਸ ਹੈ।












