ਕੌਣ ਹੋਵੇਗਾ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ?

walia-bigਮਾਘੀ ਦੇ ਦਿਹਾੜੇ 14 ਜਨਵਰੀ 2016 ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਵਿੱਚ ਹੋਏ ਇਤਿਹਾਸਕ ਇਕੱਠ ਅਤੇ ਅਰਵਿੰਦ ਕੇਜਰੀਵਾਲ ਦੀ ਲਲਕਾਰ ਨੇ ਪੰਜਾਬ ਦੀ ਸਿਆਸਤ ਨੂੰ ਜ਼ਬਰਦਸਤ ਅਤੇ ਹੈਰਾਨੀਜਨਕ ਮੋੜ ਦੇ ਦਿੱਤਾ ਹੈ। ਇਹ ਅਜਿਹਾ ਮੋੜ ਹੈ ਜਿਸਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਅਤੇ ਨਾ ਹੀ ਕਾਂਗਰਸ ਨਜ਼ਰਅੰਦਾਜ਼ ਕਰ ਸਕਦੀ ਹੈ। ਇਸ ਦਿਨ ਪੰਜਾਬ ਦੀ ਸੱਤਾ ਉਤੇ ਆਮ ਆਦਮੀ ਪਾਰਟੀ ਦੀ ਦਾਅਵੇਦਾਰੀ ਸਥਾਪਤ ਹੋ ਗਈ ਸੀ ਅਤੇ 2017 ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਮੁਕਾਬਲਾ ਤ੍ਰਿਕੋਣਾ ਹੋ ਗਿਆ। 26 ਨਵੰਬਰ 2012 ਨੂੰ ਬਣੀ ਆਮ ਆਦਮੀ ਪਾਰਟੀ ਨੇ ਆਪਣੀ ਇਸ ਛੋਟੀ ਜਿਹੀ ਸਿਆਸੀ ਉਮਰ ਵਿੱਚ ਜੋ ਕਾਰਨਾਮਾ 10 ਫ਼ਰਵਰੀ 2015 ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 67 ਸੀਟਾਂ ਲੈ ਕੇ ਕੀਤਾ, ਉਸੇ ਤਰ੍ਹਾਂ ਦੇ ਕਾਰਨਾਮੇ ਦੇ ਆਸ ਫ਼ਰਵਰੀ 2017 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੁਹਰਾਉਣ ਦੀ ਹੈ। ਆਪ ਦੇ ਰਾਸ਼ਟਰ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਆਸ ਨੂੰ ਉਸ ਵੇਲੇ ਬੂਰ ਪੈਂਦਾ ਨਜ਼ਰੀਂ ਆਇਆ ਜਦੋਂ ਪੰਜਾਬ ਵਿੱਚ ਕੀਤੇ ਗਏ ਸਰਵੇਖਣਾਂ ਦੇ ਨਤੀਜੇ ਪੰਜਾਬ ਦੀ ਸਿਆਸੀ ਹਵਾ ‘ਆਪ’ ਦੇ ਹੱਕ ਵਿੱਚ ਦਰਸਾਉਣ ਲੱਗੇ। ਹਫ਼ਪੋਸਟ-ਸੀਵੋਟਰ ਵੱਲੋਂ ਕੀਤੇ ਸਰਵੇਖਣ ਅਨੁਸਾਰ ਆਮ ਆਦਮੀ ਪਾਰਟੀ ਨੂੰ 117 ਸੀਟਾਂ ਵਾਲੀ ਪੰਜਾਬ ਵਿਧਾਨ ਸਭਾ ਵਿੱਚੋਂ 94 ਤੋਂ 100 ਸੀਟਾਂ ਮਿਲਣ ਦੀ ਆਸ ਹੈ। ਇਕ ਹੋਰ ਸਰਵੇਖਣ ਨੇ ਆਪ ਨੂੰ 85-100 ਸੀਟਾਂ ਜਿੱਤਣ ਦੀ ਪੇਸ਼ਨਗੋਈ ਕੀਤੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪ ਨੇ 4 ਲੋਕ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਾਰਟੀ ਦੇ ਹਿੱਸੇ 24 ਫ਼ੀਸਦੀ ਵੋਟ ਆਏ ਸਨ। ਮੁੱਖ ਮੰਤਰੀ ਬਾਰੇ ਕੀਤੇ ਸਰਵੇਖਣ ਵੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਦੀ ਨੰਬਰ ਇਕ ਪਸੰਦ ਮੰਨਦੇ ਹਨ, ਕੈਪਟਨ ਨੂੰ ਦੂਸਰਾ ਅਤੇ ਸੁਖਬੀਰ ਬਾਦਲ ਨੂੰ ਤੀਜਾ ਸਥਾਨ ਮਿਲਿਆ ਹੈ।
ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵੀ ਅਤੇ ਆਮ ਪੰਜਾਬੀ ਵੀ ਇਹ ਸਵਾਲ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਜੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਕੌਣ ਹੋਵੇਗਾ। ਸਿਆਸੀ ਟਿੱਪਣੀਕਾਰਾਂ ਅਤੇ ਸਿਆਸੀ ਵਿਗਿਆਨੀਆਂ ਨੁੰ ਇਹ ਵੀ ਭਲੀ ਭਾਂਤ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਕੋਰ ਟੀਮ ਵਿੱਚ ਕੋਈ ਪੰਜਾਬੀ ਨਹੀਂ ਹੈ ਅਤੇ ਨਾ ਹੀ ਕੋਈ ਸਿੱਖ। ਅਰਵਿੰਦ ਕੇਜਰੀਵਾਲ ਦੀ ਕੋਰ ਟੀਮ ਦੇ 10-11 ਮੈਂਬਰ ਹਨ, ਭਾਵੇਂ ਰਾਸ਼ਟਰੀ ਕਾਰਜਕਾਰਨੀ ਦੇ 25 ਮੈਂਬਰ ਹਨ। ਇਹਨਾਂ 25 ਮੈਂਬਰਾਂ ਵਿੱਚ ਪ੍ਰੋ. ਸਾਧੂ ਸਿੰਘ, ਯਾਮਨੀ ਗੋਮਰ, ਭਗਵੰਤ ਮਾਨ, ਹਰਜੋਤ ਬੈਂਸ ਅਤੇ ਬਲਜਿੰਦਰ ਕੌਰ ਸ਼ਾਮਲ ਹਨ। ਅਰਵਿੰਦ ਕੇਜਰੀਵਾਲ ਦੇ ਹਮਰਾਜ਼ ਜਾਂ ਵਿਸ਼ਵਾਸ ਪਾਤਰਾਂ ਦੀ ਟੀਮ ਵਿੱਚ ਅਸ਼ੀਸ਼ ਤਲਵਾਰ, ਆਵਿਸ਼ੀ ਮਾਲਰੇਨਾ, ਅਸ਼ੀਸ਼ ਖੇਤਾਨ, ਰਾਘਵ ਚੱਢਾ, ਆਸ਼ੂਤੋਸ਼, ਕੁਮਾਰ ਵਿਸ਼ਵਾਸ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਪੰਕਜ਼ ਗੁਪਤਾ ਆਦਿ ਸ਼ਾਮਲ ਹਨ। ਇਹ ਉਹ ਨਾਮ ਹਨ ਜੋ ਦਿੱਲੀ ਫ਼ਤਿਹ ਦੇ ਸੂਤਰਧਾਰ ਬਣੇ ਹਨ। ਇਹਨਾਂ ਵਿੱਚੋਂ ਸੰਜੇ ਸਿੰਘ, ਅਸ਼ੀਸ਼ ਖੇਤਾਨ ਅਤੇ ਦੁਰਗੇਸ਼ ਪਾਠਕ ਆਦਿ ਅਰਵਿੰਦ ਕੇਜਰੀਵਾਲ ਦੇ 13 ਹੋਰ ਨਿਗਰਾਨ ਪੰਜਾਬ ਦੀਆਂ ਚੋਣਾਂ ਨਾਲ ਨਾਲ ਪਾਰਟੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੇ ਹਨ। ਪੰਜਾਬ ਵਿੱਚ ਸੰਜੇ ਸਿੰਘ ਦੀ ਅਗਵਾਈ ਵਿੱਚ ਪਾਰਟੀ ਦੇ ਵੱਖ ਵੱਖ ਵਿੰਗ ਆ ਰਹੀਆਂ ਚੋਣਾਂ ਜਿੱਤਣ ਲਈ ਤਕੜੀ ਮਿਹਨਤ ਕਰ ਰਹੇ ਹਨ। ਅਸ਼ੀਸ਼ ਖੇਤਾਨ ਅਤੇ ਕੰਵਰ ਸੰਧੂ ਨੇ ‘ਬੋਲਦਾ ਪੰਜਾਬ’ ਪ੍ਰੋਗਰਾਮ ਕਰ ਕੇ ਯੂਥ ਮੈਨੀਫ਼ੈਸਟੋ ਤਿਆਰ ਕੀਤਾ। ਇਹ 51 ਸੂਤਰੀ ਮੈਨੀਫ਼ੈਸਟੋ ਦੇ ਮੁੱਖ ਪੰਨੇ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਫ਼ੋਟੋ ਅਤੇ ਥੱਲੇ ਛਪੀ ਝਾੜੂ ਦੀ ਤਸਵੀਰ ਨੇ ਜਿੱਥੇ ਅਸ਼ੀਸ਼ ਖੇਤਾਨ, ਐਚ. ਐਸ. ਫ਼ੂਲਕਾ ਸਮੇਤ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਪਈ ਅਤੇ ਪਛਤਾਵੇ ਵਜੋਂ ਹਰਿਮੰਦਰ ਸਾਹਿਬ ਵਿੱਚ ਸੇਵਾ ਕਰਨੀ ਪਈ, ਉਥੇ ਵਿਰੋਧੀ ਪਾਰਟੀਆਂ ਨੂੰ ਮੀਡੀਆ ਵਿੱਚ ਇਕ ਵੱਡਾ ਮੁੱਦਾ ਮਿਲ ਗਿਆ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਆਮ ਆਦਮੀ ਦੇ ਖਿਲਾਫ਼ ਇਕ ਹੋਰ ਮੁੱਦਾ ਵੀ ਮਿਲਿਆ ਹੋਇਆ ਹੈ ਕਿ ਪੰਜਾਬੀ ਵਿੱਚ ਇਹਨਾਂ ਕੋਲ ਕੋਈ ਲੀਡਰ ਨਹੀਂ। ਆਮ ਲੋਕ ਵੀ ਇਹ ਪੁੱਛਦੇ ਵੇਖੇ ਜਾ ਸਕਦੇ ਹਨ ਕਿ ਕੀ ਹੁਣ ਬਾਹਰਲੇ ਬੰਦੇ ਪੰਜਾਬ ‘ਤੇ ਰਾਜ ਕਰਨਗੇ। ਕੀ ਆਮ ਆਦਮੀ ਪਾਰਟੀ ਕੋਲ ਕੋਈ ਵੀ ਅਜਿਹਾ ਨੇਤਾ ਨਹੀਂ ਜੋ ਮੁੱਖ ਮੰਤਰੀ ਬਣ ਸਕੇ। ਆਮ ਪੰਜਾਬੀਆਂ ਦੇ ਇਸ ਸਵਾਲ ਦੇ ਜਵਾਬ ਨੂੰ ਤਲਾਸ਼ਣ ਲਈ ‘ਆਪ’ ਦੀ ਪੰਜਾਬ ਲੀਡਰਸ਼ਿਪ ਵੱਲ ਨਜ਼ਰ ਮਾਰੀ ਜਾ ਸਕਦੀ ਹੈ। ਪੰਜਾਬ ਦੀ ਆਪ ਲੀਡਰਸ਼ਿਪ ਵਿੱਚ ਜਿਹੜੇ ਨੇਤਾ ਮੁੱਖ ਮੰਤਰੀ ਦੇ ਦਾਅਵੇਦਾਰ ਹੋ ਸਕਦੇ ਹਨ, ਉਹਨਾਂ ਵਿੱਚੋਂ ਕੁਝ ਨਾਮ ਹੇਠ ਲਿਖੇ ਹਨ:
ਸੁੱਚਾ ਸਿੰਘ ਛੋਟੇਪੁਰ
ਐਚ. ਐਸ. ਫ਼ੂਲਕਾ
ਭਗਵੰਤ ਮਾਨ
ਪ੍ਰੋ. ਸਾਧੂ ਸਿੰਘ
ਹਿੰਮਤ ਸਿੰਘ ਸ਼ੇਰਗਿੱਲ
ਸੁਚਾ ਸਿੰਘ ਛੋਟੇਪੁਰ- ਅਕਾਲੀ ਪਿਛੋਕੜ ਵਾਲਾ 68 ਵਰ੍ਹਿਆਂ ਦਾ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਹੈ। ਸ. ਸੁੱਚਾ ਸਿੰਘ ਛੋਟੇਪੁਰ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਵਫ਼ਾਦਾਰ ਸਿਪਾਹੀ ਸੀ ਅਤੇ ਸੰਤ ਜੀ ਦੇ ਕਤਲ ਤੋਂ ਬਾਦ ਬਣੀ ਸ. ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਿਹਤ ਤੇ ਰਾਜ ਮੰਤਰੀ ਬਣਿਆ। ਜਦੋਂ ਬਰਨਾਲਾ ਸਰਕਾਰ ਨੇ 1986 ਵਿੱਚ ਹਰਿਮੰਦਰ ਸਾਹਿਬ ਵਿੱਚ ਅਪਰੇਸ਼ਨ ਬਲੈਕ ਥੰਡਰ ਦੇ ਨਾਮ ਨਾਲ ਹਥਿਆਰਬੰਦ ਜਵਾਨ ਭੇਜੇ ਤਾਂ ਉਸਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਦਾ ਸਾਥ ਦਿੰਦੇ ਹੌਏ ਛੋਟੇਪੁਰ ਨੇ ਮੰਤਰੀ ਪਦ ਤਿਆਗ ਦਿੱਤਾ ਸੀ। ਸੁੱਚਾ ਸਿੰਘ ਛੋਟੇਪੁਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮੋਹਨ ਸਿੰਘ ਤੁੜ ਦੇ ਜਵਾਈ ਹਨ। ਸੋ, ਇਸ ਅਕਾਲੀ ਪਿਛੋਕੜ ਵਾਲੇ ਨੇਤਾ ਨੇ ਆਮ ਆਦਮੀ ਪਾਰਟੀ ਵੱਲੋਂ 2014 ਦੀ ਲੋਕ ਸਭਾ ਚੋਣ ਗੁਰਦਾਸਪੁਰ ਤੋਂ ਲੜੀ ਸੀ। ਛੋਟੇਪੁਰ ਨੂੰ 1,73,376 ਵੋਟਾਂ ਮਲੀਆਂ ਸਨ ਅਤੇ ਭਾਜਪਾ ਦੇ ਵਿਨੋਦ ਖੰਨਾਂ ਤੋਂ ਹਾਰ ਮਿਲੀ ਸੀ। ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਛੋਟੇਪੁਰ ਸਭ ਤੋਂ ਸੀਨੀਅਰ ਨੇਤਾ ਹੈ ਅਤੇ ਕਨਵੀਨਰ ਦੇ ਤੌਰ ‘ਤੇ ਵੀ ਅਜੇ ਕਿਸੇ ਵਿਵਾਦ ਤੋਂ ਬਚਿਆ ਹੋਇਆ ਹੈ। ਅਰਵਿੰਦ ਕੇਜਰੀਵਾਲ ਦਾ ਵਿਸ਼ਵਾਸ ਪਾਤਰ ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਦਾ ਦਾਅਵੇਦਾਰ ਹੈ।
2. ਐਚ. ਐਸ. ਫ਼ੂਲਕਾ- ਭਦੌੜੀਏ ਸਰਦਾਰਾਂ ਦਾ ਮੁੰਡਾ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ 1984 ਤੋਂ ਲਗਾਤਾਰ ਯਤਨਸ਼ੀਲ ਹੈ। ਐਡਵੋਕੇਟ ਫ਼ੂਲਕਾ ਨੇ ਦਿੱਲੀ ਦੰਗਿਆਂ ਵਿੱਚ ਕਾਂਗਰਸੀ ਨੇਤਾ ਐਚ. ਕੇ. ਐਲ. ਭਗਤ, ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਨੂੰ ਲੈ ਕੇ ਤਕੜੀ ਕਾਨੂੰਨੀ ਲੜਾਈ ਲੜੀ ਹੈ। ਦੰਗਿਆਂ ਦੌਰਾਨ ਉਹ ਖੁਦ ਸ਼ਿਕਾਰ ਹੁੰਦਾ ਹੁੰਦਾ ਬਚਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਸ ਪੁਰਾਣੇ ਵਿਦਿਆਰਥੀ ਬਾਰੇ ਪੰਜਾਬੀਆਂ ਦੇ ਮਨਾਂ ਵਿੱਚ ਚੰਗੀ ਇੱਜ਼ਤ ਹੈ। 2014 ਵਿੱਚ ਉਹ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਆਪ ਦੀ ਟਿਕਟ ‘ਤੇ ਲੜਿਆ ਅਤੇ ਕਾਂਗਰਸ ਦੇ ਰਵਨੀਤ ਬਿੱਟੂ ਹੱਥੋਂ ਹਾਰ ਗਿਆ। ਐਡਵੋਕੇਟ ਫ਼ੂਲਕਾ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਤਕੜਾ ਦਾਅਵੇਦਾਰ ਹੈ।
3. ਭਗਵੰਤ ਮਾਨ- ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ 17 ਅਕਤੂਬਰ 1973 ਨੂੰ ਪੈਦਾ ਹੋਇਆ ਭਗਵੰਤ ਮਾਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਕਾਮੇਡੀ ਕਲਾਕਾਰ ਦੇ ਤੌਰ ‘ਤੇ ਕਾਫ਼ੀ ਪ੍ਰਸਿੱਧ ਹੋ ਚੁੱਕਿਆ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਬਣਾਈ ਤਾਂ ਭਗਵੰਤ ਮਾਨ ਉਸਦਾ ਨੰਬਰ ਦੋ ਦਾ ਨੇਤਾ ਬਣ ਗਿਆ ਸੀ। 2014 ਵਿੱਚ ਭਗਵੰਤ ਮਾਨ ਨੇ ਪੀ. ਪੀ. ਪੀ. ਨੂੰ ਛੱਡ ਕੇ ‘ਆਪ’ ਦੇ ਟਿਕਟ ਤੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਬਹੁਤ ਵੱਡੇ ਫ਼ਰਕ ਨਾਲ ਹਰਾ ਕੇ ਲੋਕ  ਸਭਾ ਵਿੱਚ ਪਹੁੰਚਿਆ। ਲੋਕ ਸਭਾ ਵਿੱਚ ਦਿੱਤੇ ਭਗਵੰਤ ਦੇ ਵਿਅੰਗਮਈ ਭਾਸ਼ਣਾਂ ਨੇ ਉਸਦਾ ਕੱਦ ਸਿਆਸਤ ਵਿੱਚ ਕਾਫ਼ੀ ਵਧਾ ਦਿੱਤਾ ਪਰ ਸ਼ਰਾਬ ਪੀ ਕੇ ਧਾਰਮਿਕ ਸਟੇਜ ‘ਤੇ ਜਾਣ ਦੇ ਇਲਜ਼ਾਮ ਨੇ ਉਸਦੇ ਬਿੰਬ ਨੂੰ ਥੋੜ੍ਹਾ ਧੁੰਦਲਾ ਜ਼ਰੂਰ ਕੀਤਾ ਹੈ। 43 ਵਰ੍ਹਿਆਂ ਦਾ ਨੌਜਵਾਨ ਭਗਵੰਤ ਮਾਨ ਵੀ ਪੰਜਾਬ ਦ ਮੁੱਖ ਮੰਤਰੀ ਦੇ ਅਹੁਦੇ ਦਾ ਹੱਕਦਾਰ ਹੋ ਸਕਦਾ ਹ।
4. ਪ੍ਰੋ. ਸਾਧੂ ਸਿੰਘ- 1941 ਨੂੰ ਮੋਗੇ ਦੇ ਮਨੂੰਕੇ ਪਿੰਡ ਵਿੱਚ ਪੈਦਾ ਹੋਏ ਪ੍ਰੋ. ਸਾਧੂ ਸਿੰਘ ਸਾਰੀ ਉਮਰ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਰਹੇ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਸਿਆਸਤ ਵਿੱਚ ਆਏ ਅਤੇ ਫ਼ਰੀਦਕੋਟ ਤੋਂ ਆਪ ਵੱਲੋਂ ਲੋਕ ਸਭਾ ਲਈ ਚੁਣੇ ਗਏ। ਪੰਜਾਬੀ ਕਵਿਤਾ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋ. ਸਾਧੂ ਸਿੰਘ ਵੀ ਅਰਵਿੰਦ ਕੇਜਰੀਵਾਲ ਦੀ ਚੋਣ ਹੋ ਸਕਦੇ ਹਨ। ਇਹ ਚੋਣ ਉਸ ਵੇਲੇ ਹੋਰ ਵੀ ਦਮ ਮਿਲਦਾ ਹੈ ਜਦੋਂ ‘ਆਪ’ ਪੰਜਾਬ ਦੀ ਦਲਿਤ ਵੋਟ ਦਾ ਦਿਲ ਜਿੱਤਣ ਦਾ ਯਤਨ  ਕਰਦੀ ਨਜ਼ਰ ਆਉਂਦੀ ਹੈ।
5. ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ- 36 ਵਰ੍ਹਿਆਂ ਦਾ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਦਾ ਇਮਾਨਦਾਰੀ ਅਤੇ ਮਿਹਨਤੀ ਦਿੱਖ ਵਾਲਾ ਨੌਜਵਾਨ ਨੇਤਾ ਹੈ। ਗੁਜਰਾਤ ਵਿੱਚਲੇ ਸਿੱਖ ਕਿਸਾਨਾਂ ਦੇ ਮੁੱਦੇ ‘ਤੇ ਸ਼ੇਰਗਿੱਲ ਨੇ ਲੋਕਾਂ ਦੀ ਵਾਅਵਾ ਹਮਦਰਦੀ ਖੱਟੀ ਹੈ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਲਿਆਕਤ ਅਤੇ ਬੁੱਧੀ ਦੇ ਸਿਰ ‘ਤੇ ਸ਼ੇਰਗਿੱਲ ਨੇ ਇੰਗ ਲੈਂਡ ਆਪਣੀ ਕਾਨੂੰਨ ਦੀ ਡਿਗਰੀ ਹਾਸਲ ਕੀਤੀ। 2014 ਦੀ ਲੋਕ ਸਭਾ ਚੋਣ ਆਨੰਦਪੁਰ ਸਾਹਿਬ ਹਲਕੇ ਤੋਂ ਲੜੀ ਪਰ ਹਰ ਗਿਆ। ਪੰਜਾਬ ‘ਆਪ’ ਦੇ ਨੇਤਾਵਾਂ ਵਿੱਚ ਹਿੰਮਤ ਸਿੰਘ ਸ਼ੇਰਗਿੱਲ ਚੰਗੀ ਭੱਲ ਰੱਖਦਾ ਹੈ। ਮੁੱਖ ਮੰਤਰੀ ਤਾਂ ਕੇਜਰੀਵਾਲ ਜੋ ਚਾਹੇਗਾ ਉਹੀ ਬਣੇਗਾ ਅਤੇ ਸ਼ੇਰਗਿੱਲ ਵੀ ਬਣ ਸਕਦਾ ਹੈ।
ਪੰਜਾਬ ਵਿੱਚ ਸੱਚਮੁਚ ਹੀ ਆਮ ਆਦਮੀ ਪਾਰਟੀ ਕੋਲ ਅਨੁਭਵੀ ਸਿਆਸੀ ਚਿਹਰਿਆਂ ਦੀ ਕਮੀ ਤਾਂ ਹੈ। ਉਕਤ ਪੰਜਾਂ ਤੋਂ ਬਾਅਦ ਜੇ ਹੋਰ ਨਾਮ ਲੈਣੇ ਹੋਣ ਤਾਂ ਯਾਮਨੀ ਡੋਮਰ, ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਆਦਿ ਦੀ ਗਿਣਤੀ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਪੰਜਾਬ ਵਿੱਚ ਕੋਈ ਅਜਿਹਾ ਚਿਹਰਾ ਨਹੀਂ ਨਜ਼ਰ ਆ ਰਿਹਾ ਜਿਸ ਉਪਰ ਸਰਬਸੰਮਤੀ ਨਾਲ ਮੋਹਰ ਲੱਗ ਸਕੇ। ਜੇ ਧਰਮਵੀਰ ਗਾਂਧੀ ਅਤੇ ਹਰਿੰਦਰ ਖਾਲਸਾ ਪਾਰਟੀ ਵਿੱਚ ਹੁੰਦੇ ਤਾਂ ਸ਼ਾਇਦ ਗੱਲ ਹੋਰ ਹੁੰਦੀ। ਡਾ. ਗਾਂਧੀ ਸਿੱਖਾਂ ਅਤੇ ਹਿੰਦੂਆਂ ਦੋਵਾਂ ਨੂੰ ਪ੍ਰਵਾਨ ਹੋ ਸਕਣ ਵਾਲਾ ਸਖਸ਼ ਹੈ। ਇਹ ਵੀ ਹੋ ਸਕਦਾ ਹੈ ਕਿ ਪਾਰਟੀ ਸਰਦਾਰਾ ਸਿੰਘ ਜੌਹਲ ਵਰਗੇ ਕਿਸੇ ਬੁੱਧੀਜੀਵੀ ਨੂੰ ਸ਼ਿੰਗਾਰ ਲਵੇ। ਹਾਲ ਦੀ ਘੜੀ ਪੰਜਾਬ ਦੀ ‘ਆਪ’ ਕੋਲ ਵੱਡੇ ਅਤੇ ਸਰਵਪ੍ਰਵਾਨਿਤ ਨੇਤਾਵਾਂ ਦੀ ਘਾਟ ਹੈ। ਅਜਿਹੇ ਹਾਲਾਤ ਵਿੱਚ ਕੀ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ?  ਇਹ ਸਵਾਲ ਵੀ ਚਰਚਾ ਦੀ ਮੰਗ ਕਰਦਾ ਹੈ। ਇਹ ਗੱਲ ਤਾਂ ਸਹੀ ਹੈ ਕਿ ਅੱਜ ਪੰਜਾਬ ਵਿੱਚ ਕੇਜਰੀਵਾਲ ਇਕ ਵੱਡੇ ਸਿਆਸੀ ਕੱਦ ਵਾਲੇ ਨੇਤਾ ਦੇ ਤੌਰ ‘ਤੇ ਪ੍ਰਵਾਨਿਆ ਜਾਣ ਲੱਗਾ ਹੈ। ਬਾਦਲਾਂ ਅਤੇ ਬਿਕਰਮਜੀਤ ਸਿੰਘ ਮਜੀਠੀਆ ਦ ਖਿਲਾਫ਼ ਉਚੀ ਸੁਰ ਵਿੱਚ ਬੋਲਣ ਕਾਰਨ ਉਸਦਾ ਮੁਹਾਵਰਾ ਪੰਜਾਬੀਆਂ ਨੂੰ ਪਸੰਦ ਆ ਰਿਹਾ ਹੈ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦਾ ਆਉਂਦਾ ਸੀ। ਉਂਝ ਵੀ ਕੇਜਰੀਵਾਲ ਦੇ ਸੁਪਨੇ ਵੱਡੇ ਹਨ ਅਤੇ ਉਹ ਹਿੰਦੋਸਤਾਨ ਵਿੱਚ ਨਰਿੰਦਰ ਮੋਦੀ ਦੇ ਨਾਲ ਸਿੱਧੀ ਟੱਕਰ ਲੈਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ। ਪੰਜਾਬ ਤਾਂ ਉਸ ਲਈ ਇਕ ਪੜਾਅ ਹੋ ਸਕਦਾ ਹੈ। ਸ਼ਾਇਦ ਉਸਦੀ ਮੰਜ਼ਿਲ ਦਾ ਰਾਹ ਪੰਜਾਬ ਵਿੱਚੋਂ ਦੀ ਹੋ ਕੇ ਜਾਂਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਾਂਗ ਕਿਸੇ ਮੁਨੀਸ਼ ਸਿਸੋਦੀਆ ਦੀ ਤਲਾਸ਼ ਕਰ ਰਿਹਾ ਹੋਵੇ, ਜਿਸ ਨੁੰ ਪੰਜਾਬ ਦੀ ਵਾਗਡੋਰ ਫ਼ੜਾ ਸਕੇ। ਕੀ ਉਹ ਸਿਸੋਦੀਆ ਐਡਵੋਕੇਟ ਫ਼ੂਲਕਾ ਹੈ, ਭਗਵੰਤ ਮਾਨ ਹੈ ਜਾਂ ਪ੍ਰੋ. ਸਾਧੂ ਸਿੰਘ। ਇਹ ਤਾਂ ਸਮਾਂ ਹੀ ਦੱਸੇਗਾ।
***