ਕੋਹਲੀ ਤੇ ਭਾਰਤ ICC ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ

virat-kohli-pti_mਕੋਲਕਾਤਾ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ICC ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਭਾਰਤੀ ਟੀਮ ਵੀ ਰੈਂਕਿੰਗ ‘ਚ ਸਿਖਰਲੇ ਸਥਾਨ ‘ਤੇ ਬਣੀ ਹੋਈ ਹੈ। ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਕੈਰੇਬਿਆਈ ਟੀਮ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਉਸ ਦੇ 125 ਅੰਕ ਹਨ ਤੇ ਉਹ ਭਾਰਤੀ ਟੀਮ ਤੋਂ ਸਿਰਫ਼ 1 ਅੰਕ ਪਿੱਛੇ ਹੈ। ਇੰਗਲੈਂਡ ਚੌਥੇ ਸਥਾਨ ‘ਤੇ ਹੈ, ਜਦਕਿ ਨਿਊਜ਼ੀਲੈਂਡ ਨੇ ਤੀਜਾ ਸਥਾਨ ਬਰਕਰਾਰ ਰੱਖਿਆ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਵਿਰਾਟ ਕੋਹਲੀ ਨੰਬਰ ਇਕ ‘ਤੇ ਹੈ, ਜਿਸ ਨੂੰ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣਿਆ ਗਿਆ। ਆਸਟ੍ਰੇਲੀਆ ਦਾ ਐਰੋਨ ਫ਼ਿੰਚ 86 ਅੰਕ ਲੈ ਕੇ ਦੂਜੇ ਸਥਾਨ ‘ਤੇ ਹੈ। ਇੰਗਲੈਂਡ ਦਾ ਜੋ ਰੂਟ ਪਹਿਲੀ ਵਾਰ ਟਾਪ-5 ‘ਚ ਪਹੁੰਚਿਆ ਹੈ ਤੇ ਉਹ 7 ਸਥਾਨ ਚੜ੍ਹ ਕੇ ਚੌਥੇ ਸਥਾਨ ‘ਤੇ ਹੈ। ਫ਼ਾਈਨਲ ‘ਚ ਮੈਨ ਆਫ਼ ਦਿ ਮੈਚ ਰਿਹਾ ਮਾਰਲੋਨ ਸੈਮੂਅਲਸ 18ਵੇਂ ਸਥਾਨ ‘ਤੇ ਹੈ। ਗੇਂਦਬਾਜ਼ਾਂ ‘ਚ ਭਾਰਤ ਦੇ ਜਸਪ੍ਰੀਤ ਬੁਮਰਾਹ ਤੇ ਆਸ਼ੀਸ਼ ਨਹਿਰਾ ਨੇ ਕਰੀਅਰ ਦੀ ਬਿਹਤਰੀਨ ਰੈਂਕਿੰਗ ਹਾਸਲ ਕੀਤੀ। ਭਾਰਤ ਦਾ ਰਵੀਚੰਦਰਨ ਅਸ਼ਵਿਨ ਤੀਜੇ ਸਥਾਨ ‘ਤੇ ਹੈ, ਜਦਕਿ ਆਲਰਾਊਂਡਰਾਂ ਦੀ ਸੂਚੀ ‘ਚ ਸ਼ੇਨ ਵਾਟਸਨ ਚੋਟੀ ‘ਤੇ ਹੈ।