ਕੋਰੋਨਾ ਪਾਜ਼ੇਟਿਵ ਮੰਤਰੀ ਆਸ਼ੂ ਦੀ ਕੌਂਸਲਰ ਪਤਨੀ ਨੇ ਪਾਇਆ ਭੜਥੂ

Image Courtesy :jagbani(punjabkesari)

ਲੁਧਿਆਣਾ : ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਹੁਣ ਇਸ ਗੱਲ ਦੀ ਚਰਚਾ ਹੈ ਕਿ ਮੰਤਰੀ ਆਸ਼ੂ ਦੀ ਰਿਪੋਰਟ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੌਂਸਲਰ ਪਤਨੀ ਮਮਤਾ ਆਸ਼ੂ ਲੁਧਿਆਣਾ ਨਿਗਮ ਹਾਊਸ ਦੀ ਬੈਠਕ ‘ਚ ਹਿੱਸਾ ਲੈਣ ਲਈ ਚਲੇ ਗਏ, ਜਦੋਂ ਕਿ ਨਿਯਮਾਂ ਮੁਤਾਬਕ ਮਰੀਜ਼ ਦੇ ਕਰੀਬੀ ਆਪਣਾ ਟੈਸਟ ਕਰਵਾਉਣ ਤੱਕ ਖੁਦ ਨੂੰ ਇਕਾਂਤਵਾਸ ਰੱਖਦੇ ਹਨ ਪਰ ਜਨਤਾ ਦੀ ਇਸ ਸੇਵਕ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਹੈ।
ਨਿਗਮ ਹਾਊਸ ਦੀ ਬੈਠਕ ‘ਚ ਮਮਤਾ ਆਸ਼ੂ ਨੇ ਮਾਸਕ ਤਾਂ ਪਾਇਆ ਹੋਇਆ ਸੀ ਪਰ ਬੈਠਕ ‘ਚ ਹੋਈ ਬਹਿਸਬਾਜ਼ੀ ਦੌਰਾਨ ਉਹ ਮਾਸਕ ਤੋਂ ਬਗੈਰ ਵਿਰੋਧੀ ਧਿਰ ਨਾਲ ਉਲਝਦੇ ਹੋਏ ਦਿਖਾਈ ਦਿੱਤੇ। ਹੁਣ ਮੰਤਰੀ ਆਸ਼ੂ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਹਾਊਸ ਦੇ ਮੈਂਬਰਾਂ ਦੀ ਚਿੰਤਾ ਵੱਧ ਗਈ ਹੈ।
ਲੁਧਿਆਣਾ ਨਗਰ ਨਿਗਮ ਦੇ ਮੇਅਰ, ਅਕਾਲੀ ਦਲ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਬੈਠਕ ‘ਚ ਸ਼ਾਮਲ ਸਨ। ਇੱਥੇ ਸਵਾਲ ਇਹ ਹੈ ਕਿ ਮਾਸਕ ਨਾ ਪਾਉਣ ‘ਤੇ ਤੁਰੰਤ ਲੋਕਾਂ ਦੇ ਚਲਾਨ ਕਰਨ ਵਾਲੀ ਪੁਲਸ ਅਤੇ ਪ੍ਰਸ਼ਾਸਨ ਕੀ ਹੁਣ ਮੰਤਰੀ ਆਸ਼ੂ ਦੀ ਪਤਨੀ ਦਾ ਚਲਾਨ ਕੱਟੇਗਾ ਜਾਂ ਫਿਰ ਉਨ੍ਹਾਂ ‘ਤੇ ਕੋਈ ਕਾਰਵਾਈ ਹੋਵੇਗੀ, ਇਹ ਇਕ ਵੱਡਾ ਸਵਾਲ ਹੈ।
News Credit :jagbani(punjabkesari)