ਪੂਰੇ ਭਾਰਤ ‘ਚ ਕੋਰੋਨਾ ਵਾਇਰਸ ਦੇ ਕੇਸਾਂ ‘ਚ ਮੁੜ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਰਾਸ਼ਟਰ ‘ਚ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਮਹਾਂਮਾਰੀ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਣੇ ਸਾਰੇ ਸ਼ਹਿਰਾਂ ‘ਚ ਸਖ਼ਤ ਨਿਯਮ ਵੀ ਲਾਗੂ ਕਰ ਦਿੱਤੇ ਹਨ। ਪੂਰੇ ਮਹਾਰਾਸ਼ਟਰ ‘ਚ ਹੁਣ ਤੋਂ ਹਰ ਵੀਕੈਂਡ ‘ਤੇ ਤਾਲਾਬੰਦੀ ਲਾਗੂ ਰਹੇਗੀ।
ਕੋਰੋਨਾ ਮਹਾਮਾਰੀ ਦਾ ਅਸਰ ਫ਼ਿਲਮਾਂ ਅਤੇ TV ਸੀਰੀਅਲਜ਼ ਦੀ ਸ਼ੂਟਿੰਗ ‘ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਕਦੇ ਸਿਤਾਰਿਆਂ ਦੀ ਵਜ੍ਹਾ ਕਾਰਨ ਤਾਂ ਕਦੇ ਹਾਲਾਤ ਦੀ ਵਜ੍ਹਾ ਕਾਰਨ ਨਿਰਦੇਸ਼ਕਾਂ ਨੂੰ ਆਪਣੀ ਫ਼ਿਲਮਾਂ ਅਤੇ TV ਸੀਰੀਅਲਜ਼ ਦੀ ਸ਼ੂਟਿੰਗ ਰੱਦ ਕਰਨੀ ਪੈ ਰਹੀ ਹੈ। ਹਾਲ ਹੀ ‘ਚ ਖ਼ਬਰ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ਬ੍ਰਹਮਾਸਤਰ ਅਤੇ ਸ਼ਾਹਰੁਖ਼ ਖ਼ਾਨ ਅਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ਪਠਾਨ ਦੀ ਸ਼ੂਟਿੰਗ ਵੀ ਕੁੱਝ ਦਿਨਾਂ ਲਈ ਰੋਕ ਦਿੱਤੀ ਗਈ ਹੈ।
ਖ਼ਬਰਾਂ ਮੁਤਾਬਿਕ ਕੋਵਿਡ ਦੇ ਪ੍ਰਕੋਪ ਨੂੰ ਦੇਖਦਿਆਂ ਸੈੱਟ ‘ਤੇ ਜ਼ਿਆਦਾ ਲੋਕ ਨਹੀਂ ਰਹਿ ਸਕਦੇ ਤੇ ਇਸ ਵਜ੍ਹਾ ਨਾਲ ਸੈੱਟ ਦਾ ਕਨਸਟ੍ਰਕਸ਼ਨ ਦਾ ਕੰਮ ਪੂਰੀ ਤਰ੍ਹਾਂ ਨਹੀਂ ਹੋ ਪਾ ਰਿਹਾ ਜਿਸ ਕਰਕੇ ਰਣਬੀਰ ਤੇ ਸ਼ਾਹਰੁਖ਼ ਦੀਆਂ ਫ਼ਿਲਮਾਂ ਕੁੱਝ ਸਮੇਂ ਲਈ ਹੋਲਡ ‘ਤੇ ਚਲੀਆਂ ਗਈਆਂ ਹਨ।
ਬੁਲਾਰੇ ਅਸ਼ੋਕ ਦੁਬੇ ਨੇ ਕਿਹਾ, ”ਤਿੰਨ ਫ਼ਿਲਮਾਂ ਦੇ ਇਸ ਤਰ੍ਹਾਂ ਦੇ ਸੈੱਟਸ ਹਨ ਜਿਨ੍ਹਾਂ ‘ਤੇ ਅਜੇ ਕਨਸਟ੍ਰਕਸ਼ਨ ਚੱਲ ਰਹੀ ਹੈ। ਇਨ੍ਹਾਂ ‘ਚ ਪਠਾਨ ਅਤੇ ਬ੍ਰਹਮਾਸਤਰ ਵੀ ਸ਼ਾਮਿਲ ਹਨ। ਸੈੱਟ ਨੂੰ ਬਣਾਉਣ ‘ਚ ਹਰ ਦਿਨ ਘੱਟ ਤੋਂ ਘੱਟ 250 ਲੋਕਾਂ ਦੀ ਜ਼ਰੂਰਤ ਪਵੇਗੀ ਅਤੇ ਇਹ ਕੰਮ ਕਰੀਬ ਇੱਕ ਮਹੀਨਾ ਚੱਲੇਗਾ, ਪਰ ਇਸ ਨਵੇਂ ਲੌਕਡਾਊਨ ਨੂੰ ਦੇਖਦਿਆਂ ਇਸ ਤਰ੍ਹਾਂ ਕਰਨਾ ਮੁਸ਼ਕਿਲ ਹੋਵੇਗਾ।”











