ਜਲੰਧਰ —ਹਿੰਦ ਕ੍ਰਾਂਤੀ ਦਲ ਦੇ ਕੌਮੀ ਪ੍ਰਧਾਨ ਮਨੋਜ ਨੰਨਾ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਿੰਦੂਆਂ ਦੇ ਭਰੋਸੇ ‘ਤੇ ਖਰੀ ਉੱਤਰੀ ਹੈ। ਅੱਜ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਹਿੰਦੂਆਂ ਨੇ ਕਾਂਗਰਸ ਦੇ ਪੱਖ ਵਿਚ ਵੋਟਾਂ ਪਾਈਆਂ ਸਨ ਤੇ ਹਿੰਦੂ ਸਮਾਜ ਇਹ ਆਸ ਰੱਖਦਾ ਸੀ ਕਿ ਕਾਂਗਰਸ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰੇਗੀ ਪਰ ਪਿਛਲੇ ਡੇਢ ਸਾਲ ਦੌਰਾਨ ਹਿੰਦੂ ਨੇਤਾਵਾਂ ਦੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ‘ਤੇ ਕਤਲ ਕੀਤੇ ਗਏ, ਜਿਸ ਨਾਲ ਹਿੰਦੂ ਸਮਾਜ ਵਿਚ ਸਹਿਮ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਪਿਛਲੇ ਦਿਨੀਂ ਜਿਸ ਤਰ੍ਹਾਂ ਹਿੰਦੂ ਆਗੂਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਉਹ ਬੇਹੱਦ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਹੁਣ ਇਨ੍ਹਾਂ ਮੁਲਜ਼ਮਾਂ ਦੇ ਨਾਲ ਹੇਠਲੇ ਪੱਧਰ ‘ਤੇ ਸਬੰਧ ਰੱਖਣ ਵਾਲੇ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਤੱਕ ਡੂੰਘਾਈ ਨਾਲ ਜਾਂਚ ਕਰਨ ਨਾਲ ਕਈ ਖੁਲਾਸੇ ਹੋ ਸਕਦੇ ਹਨ।
ਮਨੋਜ ਨੰਨਾ ਨੇ ਕਿਹਾ ਕਿ ਹੁਣ ਹਿੰਦੂ ਭਾਈਚਾਰੇ ਦਾ ਭਰੋਸਾ ਕਾਂਗਰਸ ‘ਤੇ ਫਿਰ ਤੋਂ ਬਣਿਆ ਹੈ ਅਤੇ ਕੈਪਟਨ ਸਰਕਾਰ ਜੇਕਰ ਇਸੇ ਤਰ੍ਹਾਂ ਸਖਤੀ ਨਾਲ ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ ਪੇਸ਼ ਆਉਂਦੀ ਹੈ ਤਾਂ ਇਸ ਨਾਲ ਸੂਬੇ ਵਿਚ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਹਿੰਦ ਕ੍ਰਾਂਤੀ ਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਵੀ ਕਰੇਗਾ ਕਿਉਂਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਤਾਂ ਸਾਰਿਆਂ ਨੂੰ ਇਸਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਾ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੌਸਲਾ ਵਧੇਗਾ ਤੇ ਇਸ ਨਾਲ ਕ੍ਰਿਮੀਨਲਾਂ ‘ਤੇ ਸ਼ਿਕੰਜਾ ਵੀ ਕੱਸਿਆ ਜਾਵੇਗਾ।















