ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਮੁੜ ਦਿੱਤਾ ਲੰਚ ਦਾ ਸੱਦਾ, ਮਿਲ ਸਕਦੀ ਹੈ ਇਸ ਅਹੁਦੇ ਦੀ ਆਫ਼ਰ

ਚੰਡੀਗੜ੍ਹ : ਸਾਲ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੀਆਂ ਤਿਆਰੀਆਂ ਹਰੇਕ ਪਾਰਟੀ ਵਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਆਪਣੀ ਸਤਾ ਦੇ 4 ਸਾਲ ਪੂਰੇ ਕਰ ਚੁੱਕੀ ਪੰਜਾਬ ਦੀ ਕਾਂਗਰਸ ਸਰਕਾਰ ਨਵਜੋਤ ਸਿੰਘ ਸਿੱਧੂ ਦੀ ਮੁੜ ਤੋਂ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਕਰਦੀ ਵਿਖਾਈ ਦੇ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਸਰਕਾਰ ਵਿੱਚ ਵਾਪਸੀ ਦੇ ਆਸਾਰ ਮੁੜ ਜ਼ੋਰ ਫੜਦੇ ਦਿਖਾਈ ਦੇ ਰਹੇ ਹਨ। ਵਾਰ-ਵਾਰ ਹਾਈਕਮਾਨ ਨਾਲ ਹੋ ਰਹੀਆਂ ਮੀਟਿੰਗਾਂ ਦੇ ਦੌਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਤੋਂ ਨਵਜੋਤ ਸਿੱਧੂ ਨੂੰ 17 ਮਾਰਚ ਯਾਨੀ ਬੁੱਧਵਾਰ ਵਾਲੇ ਦਿਨ ਇਕੱਠੇ ਲੰਚ ਕਰਨ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਸਿੰਧੂ ਨਾਲ ਇਹ ਮੁਲਾਕਾਤ ਆਪਣੇ ਸਿਸਵਾਂ ਵਾਲੇ ਘਰ ਵਿੱਚ ਕਰਨਗੇ।
ਦੱਸ ਦੇਈਏ ਕਿ ਸਿੱਧੂ ਵੱਲੋਂ ਸਾਲ 2019 ਵਿੱਚ ਮੰਤਰੀ ਮੰਡਲ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਵਿੱਚ ਇਹ ਲੰਚ ਦੀ ਦੂਜੀ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਸਾਲ 2020 ’ਚ 25 ਨਵੰਬਰ ਨੂੰ ਕੈਪਟਨ ਨੇ ਨਵਜੋਤ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਿਆ ਸੀ।
ਮਿਲ ਸਕਦੀਆਂ ਹਨ ਇਹ ਜ਼ਿੰਮੇਵਾਰੀਆਂ
ਸੂਤਰਾਂ ਮੁਤਾਬਕ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਅਹਿਮ ਭੂਮਿਕਾ ਸੌਂਪੀ ਜਾ ਸਕਦੀ ਹੈ। ਚਰਚਾਵਾਂ ਇਹ ਵੀ ਹੋ ਰਹੀਆਂ ਹਨ ਕਿ ਕੈਪਟਨ ਸਿੱਧੂ ਨੂੰ ਉਨ੍ਹਾਂ ਦੇ ਮਨਪਸੰਦ ਦਾ ਮੰਤਰਾਲੇ ਜਿਵੇਂ ਮੁੜ ਤੋਂ ਸਥਾਨਕ ਸਰਕਾਰਾ ਵਾਲੇ ਮੰਤਰਾਲੇ ਦੀ ਆਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਪਟੀ ਸੀਐੱਮ ਬਣਾਉਣ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਉਣ ਬਾਰੇ ਵੀ ਗੱਲਬਾਤ ਹੋ ਰਹੀ ਹੈ। ਦੱਸ ਦੇਈਏ ਕਿ ਸਥਾਨਕ ਚੋਣਾਂ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨਾਲ ਸਿਆਸੀ ਤੋਲਮੋਲ ਕਰਨ ਵਿੱਚ ਹੱਥ ਸਭ ਤੋਂ ਜ਼ਿਆਦਾ ਹੈ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਇਹ ਨਹੀਂ ਚਾਉਣਗੇ ਕੀ ਉਹ ਸਖ਼ਸ ਸੂਬਾ ਪ੍ਰਧਾਨ ਬਣੇ, ਜੋ ਉਨ੍ਹਾਂ ਦੇ ਨਜ਼ਦੀਕੀ ਨਾ ਹੋਵੇ, ਕਿਉਂਕਿ ਟਿਕਟ ਵੰਡ ਤੋਂ ਪ੍ਰਚਾਰ ਤੱਕ ਅਹਿਮ ਜ਼ਿੰਮੇਵਾਰੀ ਸੂਬਾ ਪ੍ਰਧਾਨ ਦੀ ਹੁੰਦੀ ਹੈ। ਦੂਜੇ ਪਾਸੇ ਜੇਕਰ ਸਿੱਧੂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਇਸ ਨਾਲ ਜਿਥੇ ਇਕ ਪਾਸੇ ਵਿਧਾਇਕਾਂ ’ਚ ਗਲਤ ਸੁਨੇਹੇ ਜਾ ਸਕਦੇ ਹਨ, ਉਥੇ ਹੀ ਦੂਜੇ ਪਾਸੇ ਡਿਪਟੀ ਸੀਐੱਮ ਦਾ ਅਹੁਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਮਜ਼ਬੂਤੀ ਨੂੰ ਚੁਣੌਤੀ ਦੇਵੇਗਾ।
ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਨੇ ਕੈਪਟਨ ਨਾਲ ਕੀਤੀ ਸੀ ਬੈਠਕ
9 ਮਾਰਚ ਨੂੰ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਡਿਨਰ ‘ਤੇ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਹਾਈਕਮਾਨ ਦੀ ਸਿੱਧੂ ਨੂੰ ਸੌਂਪੀ ਜਾਣ ਵਾਲੀ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਅਗਲੇ ਦਿਨ 10 ਮਾਰਚ ਨੂੰ ਹਰੀਸ਼ ਰਾਵਤ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਸੀ। ਰਾਵਤ ਨੇ ਸਿੱਧੂ ਨਾਲ ਇਹ ਮੁਲਾਕਾਤ ਬ ਤੋਂ ਬਾਅਦ ਗੇਂਦ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿੱਚ ਸੁੱਟ ਦਿੱਤੀ ਸੀ।