ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿਚ ਨਵਜੋਤ ਸਿੱਧੂ ਦਾ ਪਹਿਲਾ ਛੱਕਾ

ਪਟਿਆਲਾ : ਮੁੱਖ ਮੰਤਰੀ ਨਾਲ ਚੱਲ ਰਹੇ ਵਿਵਾਦ ਦਰਮਿਆਨ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿਚ ਪਹਿਲਾ ‘ਛੱਕਾ ਠੋਕ’ ਦਿੱਤਾ ਹੈ। ਐਤਵਾਰ ਨੂੰ ਨਵਜੋਤ ਸਿੱਧੂ ਪਟਿਆਲਾ ਦੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ ’ਤੇ ਪੁੱਜੇ ਜਿੱਥੇ ਜਲਾਲਪੁਰ ਵਲੋਂ ਨਵਜੋਤ ਸਿੰਘ ਸਿੱਧੂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਦੌਰਾਨ ਖਾਸ ਇਹ ਰਹੀ ਕਿ ਸ਼ਨੀਵਾਰ ਨੂੰ ਜਿੱਥੇ ਨਵਜੋਤ ਸਿੱਧੂ ਦੀ ਰਿਹਾਇਸ਼ ’ਤੇ ਪਟਿਆਲਾ ਜ਼ਿਲ੍ਹੇ ਦਾ ਇਕ ਵੀ ਵਿਧਾਇਕ ਨਹੀਂ ਸੀ ਪਹੁੰਚਿਆ, ਉਥੇ ਹੀ ਅੱਜ ਐਤਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਹੀ ਸ਼ੁਤਰਾਣਾ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵੀ ਸਿੱਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਜ਼ਰ ਆਏ।
ਵਿਧਾਇਕ ਜਲਾਲਪੁਰ ਦੇ ਘਰ ਪਹੁੰਚੇ ਨਵਜੋਤ ਸਿੱਧੂ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਵਿਧਾਇਕ ਪਾਹੜਾ, ਵਿਧਾਇਕ ਦਰਸ਼ਨ ਸਿੰਘ ਬਰਾੜ ਸਮੇਤ ਹੋਰ ਵਿਧਾਇਕ ਵੀ ਮੌਜੂਦ ਸਨ। ਇਸ ਦੌਰਾਨ ਸਿੱਧੂ ਵਲੋਂ ਜਲਾਲਪੁਰ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ।
ਸ਼ਨੀਵਾਰ ਨੂੰ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲੇ ਸਨ ਸਿੱਧੂ
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਵੀ ਨਵਜੋਤ ਸਿੱਧੂ ਵਲੋਂ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ। ਸ਼ਨੀਵਾਰ ਸਵੇਰੇ ਸਿੱਧੂ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਜਿੱਥੇ ਉਨ੍ਹਾਂ ਪੱਤਰਕਾਰਾਂ ਸਾਹਮਣੇ ਜਾਖੜ ਨੂੰ ਜੱਫ਼ੀ ਪਾ ਕੇ ਏਕੇ ਦਾ ਸਬੂਤ ਦਿੱਤਾ। ਜਾਖੜ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ, ਉਪਰੰਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ।
ਇਸ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਲਾਲ ਸਿੰਘ ਨਾਲ ਸਿੱਧੂ ਵਲੋਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਰਾਜਾ ਵੜਿੰਗ, ਦਵਿੰਦਰ ਸਿੰਘ ਘੁਬਾਇਆ, ਬਰਿੰਦਰ ਪਾਹੜਾ, ਦਰਸ਼ਨ ਸਿੰਘ ਬਰਾੜ, ਰਾਜਿੰਦਰ ਸਿੰਘ ਕਾਕਾ, ਪ੍ਰੀਤਮ ਕੋਟਭਾਈ ਅਤੇ ਕੁਲਬੀਰ ਜ਼ੀਰਾ ਦੇ ਨਾਲ ਹੀ ਰਹੇ। ਇਸ ਮੌਕੇ ਖਾਸ ਗੱਲ ਇਹ ਰਹੀ ਕਿ ਰਾਜਾ ਵੜਿੰਗ ਖੁਦ ਸਿੱਧੂ ਦੀ ਗੱਡੀ ਚਲਾਉਂਦੇ ਨਜ਼ਰ ਆਏ।