ਚੰਡੀਗੜ੍ਹ: ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿੰਗਸ ਇਲੈਵਨ ਕ੍ਰਿਕੇਟ ਟੀਮ ਵੱਲੋਂ ਪੰਜਾਬ ਦੀ ਬਿਗੜ ਰਹੀ ਕਾਨੂੰਨ ਤੇ ਵਿਵਸਥਾ ਪ੍ਰਤੀ ਡਰ ਪ੍ਰਗਟਾਏ ਜਾਣ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਕੈਪਟਨ ਅਮਰਿੰਦਰ ਨੇ ਡਰ ਤੇ ਅਨਿਸ਼ਚਿਤਤਾ ਦਾ ਮਹੌਲ ਪੈਦਾ ਕਰਨ ਲਈ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਨਿਵੇਸ਼ਕਾਂ ਦਾ ਪੰਜਾਬ ‘ਚ ਨਿਵੇਸ਼ ਕਰਨ ਤੋਂ ਉਤਸਾਹ ਭੰਗ ਕਰੇਗਾ, ਜਿਹੜੇ ਪਹਿਲਾਂ ਹੀ ਸੂਬੇ ਦੀ ਕਾਨੂੰਨ ਤੇ ਵਿਵਸਥਾ ਨੂੰ ਲੈ ਕੇ ਡਰੇ ਹੋਏ ਹਨ।
ਇਥੇ ਜਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿੰਗਸ ਇਲੈਵਨ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ ਕਰਨਾ ਪੂਰੀ ਤਰ੍ਹਾਂ ਗਲਤ ਹੋਵੇਗਾ, ਕਿਉਂਕਿ ਬੀਤੇ ਕੁਝ ਮਹੀਨਿਆਂ ਤੋਂ ਸੂਬੇ ‘ਚ ਡਰ ਤੇ ਅਨਿਸ਼ਚਿਤਤਾ ਦਾ ਮਹੌਲ ਬਣਿਆ ਹੋਇਆ ਹੈ। ਇਸ ਲੜੀ ਹੇਠ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਮੀਦ ਪ੍ਰਗਟਾਈ ਹੈ ਕਿ ਕਿੰਗਸ ਇਲੈਵਨ ਦੀ ਟੀਮ ਮੋਹਾਲੀ ਤੋਂ ਬਾਹਰ ਜਾਣ ਦੇ ਆਪਣੇ ਇਰਾਦੇ ਨੂੰ ਮੁੜ ਵਿਚਾਰੇਗੀ, ਕਿਉਂਕਿ ਅਕਾਲੀ ਸਰਕਾਰ ਦੀਆਂ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਹੇਠ ਪੈਦਾ ਕੀਤੇ ਕੰਟਰੋਲ ਹੇਠ ਅਸਥਿਰਤਾ ਦੇ ਮਹੌਲ ਦੇ ਬਾਵਜੂਦ ਪੰਜਾਬ ਹਮੇਸ਼ਾ ਤੋਂ ਇਕ ਸ਼ਾਂਤ ਸੂਬਾ ਰਿਹਾ ਹੈ। ਉਨ੍ਹਾਂ ਨੇ ਟੀਮ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਿਰਫ ਇਕ ਸਾਲ ਦਾ ਸਮਾਂ ਰਹਿ ਗਿਆ ਹੈ, ਜਦੋਂ ਸੱਭ ਕੁਝ ਠੀਕ ਹੋ ਜਾਵੇਗਾ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਰੈਲੀਆਂ ਕਰਨ ਦੀ ਬਜਾਏ ਲੋਕਾਂ ਦਾ ਭਰੋਸਾ ਮੁੜ ਹਾਸਿਲ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ, ਜੋ ਹਾਲੇ ਦੀਆਂ ਘਟਨਾਵਾਂ ਤੋਂ ਬਾਅਦ ਖਤਮ ਹੋ ਚੁੱਕਾ ਹੈ ਤੇ ਜਿਹੜੀਆਂ ਘਟਨਾਵਾਂ ਅਸਲਿਅਤ ‘ਚ ਤੁਹਾਡੀ ਸ਼ੈਅ ‘ਤੇ ਅੰਜ਼ਾਮ ਦਿੱਤੀਆਂ ਗਈਆਂ ਸਨ।
ਉਨ੍ਹਾਂ ਨੇ ਕਿਹਾ ਕਿ ਕਿੰਗਸ ਇਲੈਵਨ ਦੀਆਂ ਚਿੰਤਾਵਾਂ ਸੂਬੇ ਦੇ ਲੋਕਾਂ ‘ਚ ਡਰ ਅਤੇ ਅਨਿਸ਼ਚਿਤਤਾ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਨ। ਇਸ ਕਾਰਨ ਕਿੰਗਸ ਇਲੈਵਨ ਦੀਆਂ ਚਿੰਤਾਵਾਂ ਨੂੰ ਜਾਣ ਕੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਡਰ ਕਈ ਲੋਕਾਂ ਤੇ ਨਿਵੇਸ਼ਕਾਂ ‘ਚ ਫੈਲ੍ਹਿਆ ਹੋਇਆ ਹੈ।















