ਕੇਜਰੀਵਾਲ ਦੇ ਘੱਟਦੇ ਵਜ਼ਨ ਨੂੰ ਲੈ ਕੇ ਆਤਿਸ਼ੀ ਦਾ ਟਵੀਟ- ਭਾਜਪਾ CM ਦੀ ਸਿਹਤ ਨੂੰ ਖ਼ਤਰੇ ‘ਚ ਪਾ ਰਹੀ

ਨਵੀਂ ਦਿੱਲੀ- ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿਚ ਬੰਦ ਹਨ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਦਾ ਜੇਲ੍ਹ ਵਿਚ ਸਾਢੇ 4 ਕਿਲੋ ਵਜ਼ਨ ਘੱਟ ਹੋ ਗਿਆ ਹੈ। ਵਜ਼ਨ ਘੱਟ ਹੋਣ ਕਾਰਨ ਡਾਕਟਰਾਂ ਨੇ ਵੀ ਚਿੰਤਾ ਜਤਾਈ ਹੈ। ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ‘ਆਪ’ ਨੇਤਾ ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਸ਼ੂਗਰ ਹੈ। ਸਿਹਤ ਸਮੱਸਿਆਵਾਂ ਦੇ ਬਾਵਜੂਦ ਉਹ ਦੇਸ਼ ਦੀ ਸੇਵਾ ਵਿਚ 24 ਘੰਟੇ ਲੱਗੇ ਰਹਿੰਦੇ ਸਨ। ਗ੍ਰਿਫ਼ਤਾਰੀ ਮਗਰੋਂ ਹੁਣ ਤੱਕ ਅਰਵਿੰਦ ਕੇਜਰੀਵਾਲ ਦਾ ਵਜ਼ਨ 4.5 ਕਿਲੋ ਘੱਟ ਗਿਆ ਹੈ। ਇਹ ਬਹੁਤ ਹੀ ਚਿੰਤਾਜਨਕ ਹੈ। ਅੱਜ ਭਾਜਪਾ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਕੇ ਉਨ੍ਹਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾ ਰਹੀ ਹੈ। ਜੇਕਰ ਅਰਵਿੰਦ ਕੇਜਰੀਵਾਲ ਨੂੰ ਕੁਝ ਹੋ ਗਿਆ ਤਾਂ ਪੂਰਾ ਦੇਸ਼ ਤਾਂ ਕੀ, ਭਗਵਾਨ ਵੀ ਇਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ।
ਦੱਸਣਯੋਗ ਹੈ ਕਿ ਕੇਜਰੀਵਾਲ ਨੂੰ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 10 ਦਿਨਾਂ ਤੱਕ ਈਡੀ ਦੀ ਰਿਮਾਂਡ ‘ਤੇ ਰਹੇ ਅਤੇ ਸਵਾਲਾਂ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ 1 ਅਪ੍ਰੈਲ ਨੂੰ ਕੋਰਟ ਨੇ ਉਨ੍ਹਾਂ ਨੂੰ 15 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਜੇਲ੍ਹ ਵਿਚ ਰਹਿਣਾ ਪਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਅਹੁਦੇ ‘ਤੇ ਰਹਿੰਦੇ ਹੋਏ ਕਿਸੇ ਮੁੱਖ ਮੰਤਰੀ ਨੂੰ ਜੇਲ੍ਹ ਜਾਣਾ ਪਿਆ ਹੈ। ਕੇਜਰੀਵਾਲ ਨੂੰ ਤਿਹਾੜ ਜੇਲ੍ਹ ਨੰਬਰ-2 ਵਿਚ ਰੱਖਿਆ ਗਿਆ ਹੈ।