ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਆਤਿਸ਼ੀ ਦੀ ਅਗਵਾਈ ‘ਚ ਨਵੀਂ ਸਰਕਾਰ ਦਾ ਹੋਵੇਗਾ ਗਠਨ : ਰਾਏ

ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਮੰਗਲਵਾਰ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ਸੀਨੀਅਰ ਨੇਤਾ ਆਤਿਸ਼ੀ ਦੀ ਅਗਵਾਈ ‘ਚ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਕਰੇਗੀ। ‘ਆਪ’ ਦੇ ਵਿਧਾਇਕ ਦਲ ਦੀ ਬੈਠਕ ਮੰਗਲਵਾਰ ਨੂੰ ਕੇਜਰੀਵਾਲ ਦੇ ਘਰ ਹੋਈ। ਬੈਠਕ ‘ਚ ਕੇਜਰੀਵਾਲ ਨੇ ਆਤਿਸ਼ੀ ਨੂੰ ਆਪਣੀ ਉੱਤਰਾਧਿਕਾਰੀ ਚੁਣਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਰਬ ਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ।
ਇਸ ਤੋਂ ਬਾਅਦ ‘ਆਪ’ ਨੇ ਆਤਿਸ਼ੀ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ। ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਰਾਏ ਨੇ ਕਿਹਾ ਕਿ ਨਵੀਂ ਕੈਬਨਿਟ ‘ਤੇ ਫ਼ੈਸਲਾ ਪਾਰਟੀ ਬਾਅਦ ‘ਚ ਲਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਅਸਤੀਫ਼ੇ ਤੋਂ ਬਾਅਦ ‘ਆਪ’ ਵਿਧਾਇਕਾਂ ਦਾ ਇਕ ਵਫ਼ਤ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਮਿਲੇਗਾ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ।