ਵੇਲਿੰਗਟਨ – ਨਿਊ ਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਦੱਖਣੀ ਅਫ਼ਰੀਕਾ ਖ਼ਿਲਾਫ਼ ਦੋ ਟੈੱਸਟ ਮੈਚਾਂ ਦੀ ਘਰੇਲੂ ਸੀਰੀਜ਼ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਸੱਟ ਔਪਰੇਸ਼ਨ ਨਾਲ ਠੀਕ ਨਹੀਂ ਹੋ ਸਕੀ, ਅਤੇ ਇਸ ਕਾਰਨ ਉਹ ਬੰਗਲਾਦੇਸ਼ ਖ਼ਿਲਾਫ਼ ਵੀ ਨਹੀਂ ਸਨ ਖੇਡ ਸਕੇ। ਉਨ੍ਹਾਂ ਨੇ ਆਖਰੀ ਵਾਰ ਨਵੰਬਰ ‘ਚ ਭਾਰਤ ਖ਼ਿਲਾਫ਼ ਟੈੱਸਟ ਮੈਚ ਖੇਡਿਆ ਸੀ।
ਕੋਚ ਗੈਰੀ ਸਟੀਡ ਨੇ ਬੱਲੇਬਾਜ਼ ਹਾਮਿਸ਼ ਰਦਰਫ਼ੋਰਡ ਅਤੇ ਹਰਫ਼ਨਮੌਲਾ ਕੌਲਿਨ ਡੀ ਗ੍ਰੈਂਡਹੋਮ ਨਾਲ ਦੋ ਨਵੇਂ ਖਿਡਾਰੀਆਂ – ਵਿਕਟਕੀਪਰ ਕੈਮ ਫ਼ਲੈਚਰ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ – ਨੂੰ ਸ਼ਾਮਿਲ ਕੀਤਾ ਹੈ। ਰਦਰਫ਼ੋਰਡ ਨੇ ਆਖ਼ਰੀ ਵਾਰ 2015 ‘ਚ ਟੈੱਸਟ ਖੇਡਿਆ ਸੀ। ਤੇਜ਼ ਗੇਂਦਬਾਜ਼ ਟਰੈਂਟ ਬੋਲਟ ਤੀਜੇ ਬੱਚੇ ਦੇ ਜਨਮ ਕਾਰਨ ਪਹਿਲਾ ਟੈੱਸਟ ਨਹੀਂ ਖੇਡ ਸਕਣਗੇ। ਪਹਿਲਾ ਟੈੱਸਟ 17 ਫ਼ਰਵਰੀ ਤੋਂ ਸ਼ੁਰੂ ਹੋਵੇਗਾ।












