ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ 100ਵਾਂ ਟੈੱਸਟ ਪੰਜਾਬ ਕ੍ਰਿਕਟ ਐਸੋਸੀਏਸ਼ਨ (PLCA) ਸਟੇਡੀਅਮ ਮੋਹਾਲੀ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਟੈੱਸਟ ਬੈਂਗਲੁਰੂ ‘ਚ ਖੇਡੇ ਜਾਣ ਦੀ ਯੋਜਨਾ ਬਣਾਈ ਗਈ ਸੀ। ਸਥਾਨਕ IPL ਫ਼ਰੈਂਚਾਈਜ਼ੀ ਰੌਇਲ ਚੈਲੰਜਰਜ਼ ਬੈਂਗਲੁਰੂ ਨਾਲ 14 ਸਾਲਾਂ ਦੇ ਸਬੰਧਾਂ ਕਾਰਨ ਚਿੰਨਾਸਵਾਮੀ ਸਟੇਡੀਅਮ ਕੋਹਲੀ ਲਈ ਘਰੇਲੂ ਮੈਦਾਨ ਰਿਹਾ ਹੈ।
ਕ੍ਰਿਕਬਜ਼ ਮੁਤਾਬਿਕ ਸ੍ਰੀ ਲੰਕਾ ਖ਼ਿਲਾਫ਼ ਪਹਿਲਾਂ ਤੋਂ ਐਲਾਨੀ ਗਈ ਸੀਰੀਜ਼ ਉਲਟੇ ਕ੍ਰਮ ‘ਚ ਖੇਡੀ ਜਾ ਸਕਦੀ ਹੈ। ਸੀਰੀਜ਼ ‘ਚ ਦੋ ਟੈੱਸਟ ਅਤੇ 3 T-20 ਅੰਤਰਰਾਸ਼ਟਰੀ ਮੈਚ ਸ਼ਾਮਿਲ ਹਨ। ਸ੍ਰੀ ਲੰਕਾ ਆਪਣੇ ਭਾਰਤੀ ਦੌਰੇ ਦੀ ਸ਼ੁਰੂਆਤ ਲਖਨਊ ‘ਚ T-20 ਮੈਚਾਂ ਨਾਲ ਕਰੇਗਾ। ਇਸ ਤੋਂ ਪਹਿਲਾਂ ਦੌਰੇ ਦੀ ਸ਼ੁਰੂਆਤ ਟੈੱਸਟ ਮੈਚਾਂ ਨਾਲ ਹੋਣ ਵਾਲੀ ਸੀ।
ਉੱਤਰ ਪ੍ਰਦੇਸ਼ ਕ੍ਰਿਕਟ ਸੰਘ (UPCA) 24 ਫ਼ਰਵਰੀ ਨੂੰ ਪਹਿਲੇ T-20 ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਬਾਅਦ ਦੂਜਾ ਅਤੇ ਤੀਜਾ T-20 ਮੈਚ 26 ਅਤੇ 27 ਫ਼ਰਵਰੀ ਨੂੰ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (HPCA) ਸਟੇਡੀਅਮ ‘ਚ ਖੇਡਿਆ ਜਾਵੇਗਾ। UPCA ਅਤੇ HPCA ਦੋਵਾਂ ਦੇ ਅਧਿਕਾਰੀਆਂ ਨੇ ਪ੍ਰੋਗਰਾਮ ਦੀ ਪੁਸ਼ਟੀ ਕੀਤੀ ਹੈ।












