ਕਿਸਾਨਾਂ ਨੇ ਕਰ ‘ਤਾ ਵੱਡਾ ਐਲਾਨ, ਇਸ ਤਾਰੀਖ਼ ਨੂੰ ਸ਼ੰਭੂ ਬਾਰਡਰ ਤੋਂ ਜਾਣਗੇ ਦਿੱਲੀ

ਚੰਡੀਗੜ੍ਹ : ਕਿਸਾਨ ਜੱਥੇਬੰਦੀਆਂ ਨੇ ਵੱਡਾ ਐਲਾਨ ਕਰਦੇ ਹੋਏ ਦਿੱਲੀ ਕੂਚ ਕਰਨ ਦੀ ਗੱਲ ਆਖੀ ਹੈ। ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਵਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਕੂਚ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 9 ਮਹੀਨਿਆਂ ਤੋਂ ਚੁੱਪ ਬੈਠੇ ਹਾਂ ਪਰ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵੀ ਬਾਰਡਰ ਨਹੀਂ ਖੋਲ੍ਹੇ ਗਏ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।
ਪੰਧੇਰ ਨੇ ਕਿਹਾ ਕਿ ਜੱਥਿਆਂ ਦੇ ਰੂਪ ‘ਚ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ ਇਨ੍ਹਾਂ ਨਾਲ ਕੋਈ ਟਰੈਕਟਰ-ਟਰਾਲੀ ਨਹੀਂ ਹੋਵੇਗੀ। ਪੰਧੇਰ ਨੇ ਕਿਹਾ ਕਿ ਦਿੱਲੀ ‘ਚ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਜਗ੍ਹਾ ਦਿੱਤੀ ਜਾਵੇ।