ਅੰਮ੍ਰਿਤਸਰ, – ਸਰਬ ਸਾਂਝਾ/ਰੰਘਰੇਟਾ ਦਲ ਅਤੇ ਕਾਂਗਰਸ ਵੱਲੋਂ ਅੰਮ੍ਰਿਤਸਰ ਪੰਜਾਬ ਪ੍ਰਦੇਸ਼ ਕਾਂਗਰਸ ਐੱਸ. ਸੀ. ਐੱਸ. ਟੀ. ਸੈੱਲ ਦੇ ਸੂਬਾਈ ਜਨਰਲ ਸਕੱਤਰ ਗੁਰਿੰਦਰ ਸਿੰਘ ਸਾਬੀ ਦੀ ਅਗਵਾਈ ਹੇਠ ਲਾਰੈਂਸ ਰੋਡ ਚੌਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਗੁਰਿੰਦਰ ਸਿੰਘ ਸਾਬੀ ਤੇ ਜਨਰਲ ਸਕੱਤਰ ਪੰਜਾਬ ਦੀਪਕ ਕਨੌਜੀਆ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ‘ਤੇ ਜਾਣਬੁਝ ਕੇ ਹਮਲਾ ਕਰਵਾਇਆ ਗਿਆ ਕਿਉਂਕਿ ਗੁਜਰਾਤ ਵਿਚ ਭਾਜਪਾ ਦੀ ਸਰਕਾਰ ਹੈ ਤੇ ਉਥੇ ਪ੍ਰਧਾਨ ਮੰਤਰੀ ਦੇ ਕਹਿਣ ‘ਤੇ ਹੀ ਹਮਲਾ ਹੋਇਆ। ਨਰਿੰਦਰ ਮੋਦੀ ਦਲਿਤਾਂ ਦਾ ਦੁਸ਼ਮਣ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਹੈ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਕੂੜਾ ਚੁੱਕਦੇ ਦਿਖਾਇਆ ਗਿਆ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਰ ਰਿਹਾ ਹੈ, ਇਹ ਦੇਸ਼ ਨੂੰ ਬਰਬਾਦ ਕਰ ਕੇ ਰੱਖ ਦੇਵੇਗਾ।
ਇਸ ਮੌਕੇ ਗੁਲਜ਼ਾਰ ਸਿੰਘ ਖਾਸਾ, ਪਾਲ ਸਿੰਘ ਬਮਰਾਹ, ਗੁਰਮੇਜ ਜੇਠੂਵਾਲ, ਰਮੇਸ਼ ਬੌਬੀ, ਭੁਪਿੰਦਰ ਸਿੰਘ, ਗੋਲਡੀ ਵਾਲੀਆ, ਗੁਰਸ਼ਰਨ ਸਿੰਘ ਬਿੱਲਾ, ਅਸ਼ੋਕ ਕਰਮਪੁਰਾ, ਬਲਵਿੰਦਰ ਸਿੰਘ, ਸਤਨਾਮ ਸਿੰਘ, ਬਾਬਾ ਸੁਖਦੇਵ ਸਿੰਘ, ਵਿਕਰਮਜੀਤ ਸਿੰਘ, ਚੰਨਪ੍ਰੀਤ ਸਿੰਘ, ਜਸਵਿੰਦਰ ਸਿੰਘ ਭਾਟੀਆ, ਰਾਜਵਿੰਦਰ ਕੌਰ ਗਿੱਲ, ਮਨਦੀਪ ਕੌਰ ਗਿੱਲ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਯੂਥ ਕਾਂਗਰਸ ਦੇ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਨੂੰ ਭਾਰਤ ਸਰਕਾਰ ਦੀ ਨਾਕਾਮੀ ਦੱਸਦਿਆਂ ਕਿਹਾ ਕਿ ਜੋ ਸਰਕਾਰ ਵੱਡੇ ਆਗੂਆਂ ਦੀ ਸੁਰੱਖਿਆ ਨਹੀਂ ਕਰ ਸਕਦੀ ਉਸ ਸਰਕਾਰ ਦੇ ਹੱਥਾਂ ਵਿਚ ਦੇਸ਼ ਵੀ ਸੁਰੱਖਿਆ ਨਹੀਂ ਹੋ ਸਕਦੀ। ਇਸ ਹਮਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਸਮੇਂ ਮੋਦੀ ਸਰਕਾਰ, ਆਰ. ਆਰ. ਐੱਸ. ਤੇ ਭਾਜਪਾ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭੁਪਿੰਦਰ ਰੰਧਾਵਾ, ਸ਼ੈਲਿੰਦਰਜੀਤ ਸਿੰਘ ਸ਼ੈਲੀ, ਮਹਾਬੀਰ ਰਾਮਪੁਰਾ, ਕੁਲਦੀਪ ਸਿੰਘ, ਸੁਖਰਾਜ, ਹਰਜੀਤ ਆਦਿ ਹਾਜ਼ਰ ਸਨ।















