ਕਰੇਲਾ ਖਾਣ ‘ਚ ਭਾਵੇ ਹੀ ਕੌੜਾ ਹੁੰਦਾ ਹੈ, ਪਰ ਇਸ ਦੇ ਫ਼ਾਇਦੇ ਹੈਰਾਨ ਕਰ ਦੇਣ ਵਾਲੇ ਹਨ। ਕਰੇਲਾ ਕਈ ਰੋਗਾਂ ਨੂੰ ਦੂਰ ਕਰਨ ‘ਚ ਸਹਾਈ ਹੁੰਦਾ ਹੈ। ਕਰੇਲੇ ‘ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਕਰੇਲਾ ਸ਼ੂਗਰ ਦੇ ਰੋਗੀ ਲਈ ਤਾਂ ਬਹੁਤ ਹੀ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
1.ਸਿਰ ਦਰਦ ਦੂਰ – ਕਰੇਲੇ ਦੀਆਂ ਤਾਜ਼ੀਆਂ ਪੱਤੀਆਂ ਨੂੰ ਪੀਸ ਕੇ ਮੱਥੇ ‘ਤੇ ਲਗਾਉਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
2.ਜ਼ਖ਼ਮ ਹੋਣ ਠੀਕ – ਜ਼ਖ਼ਮ ‘ਤੇ ਕਰੇਲੇ ਦੀਆਂ ਜੜ੍ਹਾਂ ਨੂੰ ਪੀਸ ਕੇ ਲਗਾਉਣ ਨਾਲ ਜ਼ਖ਼ਮ ਪੱਕ ਜਾਂਦਾ ਹੈ। ਇਸ ਨਾਲ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ। ਜੇ ਤੁਹਾਡੇ ਕੋਲ ਕਰੇਲੇ ਦੀ ਜੜ੍ਹ ਨਹੀਂ ਹੈ ਤਾਂ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਗਰਮ ਕਰ ਕੇ ਪੱਟੀ ਬੰਨ੍ਹ ਲਓ। ਇਸ ਨਾਲ ਇਹ ਜਲਦੀ ਠੀਕ ਹੋ ਜਾਵੇਗਾ।
3.ਗੋਡਿਆਂ ਦੇ ਦਰਦ ‘ਚ ਆਰਾਮ – ਕੱਚੇ ਕਰੇਲੇ ਨੂੰ ਅੱਗ ‘ਤੇ ਭੁੰਨ ਕੇ ਫ਼ਿਰ ਮਸਲ ਕੇ ਰੂੰ ‘ਚ ਲਪੇਟ ਕੇ ਗੋਡਿਆਂ ‘ਤੇ ਬੰਨ੍ਹਣ ਨਾਲ ਦਰਦ ‘ਚ ਆਰਾਮ ਮਿਲਦਾ ਹੈ।
4.ਪੱਥਰੀ ਲਈ ਫ਼ਾਇਦੇਮੰਦ – ਕਰੇਲੇ ਦੇ ਰਸ ਨੂੰ ਪੀਣ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਪੱਥਰੀ ਦੀ ਸਮੱਸਿਆ ਹੋਣ ‘ਤੇ ਰੋਜ਼ਾਨਾ ਇਸ ਦੇ ਰਸ ਦੀ ਵਰਤੋਂ ਕਰੋ।
5.ਮੂੰਹ ਦੇ ਛਾਲਿਆਂ ਤੋਂ ਛੁਟਕਾਰਾ – ਕਰੇਲਾ ਮੂੰਹ ਦੇ ਛਾਲਿਆਂ ਲਈ ਇੱਕ ਅਚੂਕ ਦਵਾਈ ਹੈ। ਕਰੇਲੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਉਸ ‘ਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਕੇ ਪੇਸਟ ਬਣਾ ਲਓ ਅਤੇ ਮੂੰਹ ਦੇ ਛਾਲਿਆਂ ‘ਤੇ ਲਗਾਓ। ਮੁਲਤਾਨੀ ਮਿੱਟੀ ਨਾ ਮਿਲੇ ਤਾਂ ਕਰੇਲੇ ਦੇ ਰਸ ‘ਚ ਰੂੰ ਡੁੱਬੋ ਕੇ ਛਾਲਿਆਂ ਵਾਲੀ ਥਾਂ ‘ਤੇ ਲਗਾਓ ਅਤੇ ਲਾਰ ਨੂੰ ਬਾਹਰ ਆਉਣ ਦਿਓ ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।










