ਡਾਇਬਟੀਜ਼ ਦੀ ਬੀਮਾਰੀ ਅੱਜ ਕੱਲ੍ਹ ਇੱਕ ਆਮ ਬਣ ਚੁੱਕੀ ਹੈ ਜਿਸ ਵਿੱਚ ਇੱਕ ਲੰਮੀ ਮਿਆਦ ਦੌਰਾਨ ਹਾਈ ਬਲੱਡ ਸ਼ੂਗਰ ਦੇ ਪੱਧਰ ਮਰੀਜ਼ ਦੇ ਸ਼ਰੀਰ ਵਿੱਚ ਪਾਏ ਜਾਂਦੇ ਹਨ। ਹਾਈ ਬਲੱਡ ਸ਼ੂਗਰ ਦੇ ਲੱਛਣਾਂ ‘ਚ ਸ਼ਾਮਿਲ ਹਨ ਵਾਧੂ ਪਿਆਸ ਲਗਣਾ ਅਤੇ ਭੁੱਖ ਦਾ ਵੱਧ ਜਾਣਾ। ਜੇ ਤੁਸੀਂ ਆਪਣੀ ਬਲੱਡ ਸ਼ੂਗਰ ਦਾ ਇਲਾਜ ਛੱਡ ਦਿੱਤਾ ਤਾਂ ਇਹ ਬਹੁਤ ਸਾਰੀਆਂ ਹੋਰ ਬੀਮਾਰੀਆਂ ਅਤੇ ਪਰੇਸ਼ਾਨੀਆਂ ਦਾ ਕਾਰਣ ਬਣ ਸਕਦੀ ਹੈ ਜਿਨ੍ਹਾਂ ਵਿੱਚ ਗੰਭੀਰ ਲੰਬੇ ਮਿਆਦ ਦੇ ਕਾਰਡੀਓਵੈਸਕੁਲਰ ਰੋਗ, ਸਟ੍ਰੋਕ, ਦਾਇਮੀ ਗੁਰਦੇ ਫ਼ੇਲ੍ਹ ਹੋਣਾ, ਪੈਰਾਂ ‘ਤੇ ਫ਼ੋੜੇ, ਅਤੇ ਨਿਗਾਹ ਨੂੰ ਨੁਕਸਾਨ ਸ਼ਾਮਲ ਹਨ।
ਪਹਿਲਾਂ ਇਹ ਬੀਮਾਰੀ ਬੁਢਾਪੇ ਵਿੱਚ ਅਮੀਰ ਲੋਕਾਂ ਨੂੰ ਹੀ ਹੁੰਦੀ ਸੀ, ਪਰ ਹੁਣ ਇਹ ਵਿਆਪਕ ਹੋ ਕੇ ਆਮ ਹੋ ਗਈ ਹੈ। ਭਾਰਤ ਵਿੱਚ ਇਸ ਦੇ ਰੋਗੀ ਸਭ ਤੋਂ ਵੱਧ ਹਨ, ਅਤੇ ਇਸੇ ਲਈ ਭਾਰਤ ਹੁਣ ਵਿਸ਼ਵ ਵਿੱਚ ਡਾਇਬਟੀਜ਼ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਖਾਣ-ਪੀਣ ਦਾ ਸਭਿਆਚਾਰ ਅਤੇ ਆਧੁਨਿਕ ਆਰਾਮ ਪਸੰਦ ਜੀਵਨ ਸ਼ੈਲੀ ਇਸ ਨੂੰ ਵਧਾ ਰਹੀ ਹੈ। ਭੁੱਖ-ਪਿਆਸ ਜ਼ਿਆਦਾ ਲੱਗਣਾ, ਪਿਸ਼ਾਬ ਵਿੱਚ ਸ਼ੂਗਰ ਜਾਣਾ, ਉਸ ਉੱਤੇ ਕੀੜੀਆਂ ਦਾ ਆਉਣਾ, ਸ਼ਰੀਰ ਵਿੱਚ ਖੁਜਲੀ ਹੋਣਾ, ਜ਼ਖ਼ਮ ਨਾ ਭਰਨਾ, ਪਿਸ਼ਾਬ ਜ਼ਿਆਦਾ ਆਉਣਾ, ਭਾਰ ਦਾ ਅਚਾਨਕ ਘਟਣਾ-ਵਧਣਾ, ਚਮੜੀ ਖ਼ੁਸ਼ਕ ਅਤੇ ਸੁਗੰਧਿਤ ਹੋਣਾ, ਅੱਖਾਂ ਵਿੱਚ ਕਿਰਕਿਰੀ ਇਸ ਦੇ ਪ੍ਰਚਲਿਤ ਲੱਛਣ ਮੰਨੇ ਜਾਂਦੇ ਹਨ। ਲੱਛਣਾਂ ਦੀ ਬਹੁਤਾਤ ਦੀ ਸਥਿਤੀ ਵਿੱਚ ਸ਼ੂਗਰ ਦੀ ਸੰਭਾਵਨਾ ਹੁੰਦੀ ਹੈ, ਜੋ ਖੂਨ ਅਤੇ ਪਿਸ਼ਾਬ ਦੀ 2-3 ਵਾਰ ਜਾਂਚ ਨਾਲ ਡਾਇਗਨੋਜ਼ ਹੋ ਜਾਂਦੀ ਹੈ।
ਸ਼ੂਗਰ ਦੀਆਂ ਕਿਸਮਾਂ ਅਤੇ ਕਾਰਨ – ਸ਼ੂਗਰ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਤਰ੍ਹਾਂ ਦੀ ਸ਼ੂਗਰ ਵਿੱਚ ਭੋਜਨ ਤੋਂ ਪ੍ਰਾਪਤ ਗੁਲੂਕੋਜ਼ ਨੂੰ ਪਚਾਉਣ ਲਈ ਬਾਹਰੀ ਇਨਸੂਲਿਨ ਜ਼ਰੂਰੀ ਹੁੰਦਾ ਹੈ ਜੋ ਡਾਕਟਰ ਅਨੁਸਾਰ ਮਰੀਜ਼ ਨੂੰ ਟੀਕੇ ਰਾਹੀਂ ਦਿੱਤਾ ਜਾਂਦਾ ਹੈ। ਭਾਰਤ ਦੇ ਸ਼ੂਗਰ ਮਰੀਜ਼ਾਂ ਵਿੱਚੋਂ 10 ਫ਼ੀਸਦੀ ਇਸੇ ਕਿਸਮ ਦੇ ਹਨ। ਦੂਜੀ ਕਿਸਮ ਦੀ ਸ਼ੂਗਰ ਨੂੰ ਜੀਵਨ ਸ਼ੈਲੀ ਅਤੇ ਖਾਣ-ਪੀਣ ਵਿੱਚ ਸੁਧਾਰ ਕਰ ਕੇ ਜਾਂ ਦਵਾਈ ਲੈ ਕੇ ਕਾਬੂ ਕੀਤਾ ਜਾ ਸਕਦਾ ਹੈ। 85 ਫ਼ੀਸਦੀ ਮਰੀਜ਼ ਇਸ ਸ਼੍ਰੇਣੀ ਦੇ ਹਨ। ਜੈਸਟੇਸ਼ਨਲ ਸ਼ੂਗਰ ਦੀ ਤੀਜੀ ਕਿਸਮ ਹੈ ਜੋ ਗਰਭਵਤੀ ਔਰਤਾਂ ਵਿੱਚ ਪ੍ਰਗਟ ਹੁੰਦੀ ਹੈ ਅਤੇ ਪ੍ਰਸੂਤ ਉਪਰੰਤ ਦੂਰ ਹੋ ਜਾਂਦੀ ਹੈ। ਖ਼ੂਨ ਦਾ ਦਬਾਅ, ਦਿਲ ਦੇ ਰੋਗ ਅਤੇ ਮੋਟਾਪੇ ਤੋਂ ਪੀੜਤ ਵਿਅਕਤੀ ਸ਼ੂਗਰ ਦੀ ਦੂਜੀ ਕਿਸਮ ਦਾ ਮਰੀਜ਼ ਬਣ ਜਾਂਦਾ ਹੈ। ਇਹ ਸਭ ਲਾਪ੍ਰਵਾਹੀ ਦੀ ਵਜ੍ਹਾ ਨਾਲ ਹੁੰਦਾ ਹੈ ਜਿਸ ਨੂੰ ਚਾਹੋ ਤਾਂ ਬਹੁਤ ਆਰਾਮ ਨਾਲ ਰੋਕਿਆ ਅਤੇ ਕਾਬੂ ਵਿੱਚ ਕੀਤਾ ਜਾ ਸਕਦਾ ਹੈ।
ਸ਼ੂਗਰ ਨੂੰ ਕਾਬੂ ਕਰਨ ਤੇ ਰੋਕਣ ਦਾ ਉਪਾਅ
ਹਰ ਬਿਮਾਰੀ ਨੂੰ ਰੋਕਣਾ ਅਤੇ ਕਾਬੂ ਵਿੱਚ ਕਰਨਾ ਪਹਿਲਾਂ-ਪਹਿਲਾਂ ਉਸ ਮਰੀਜ਼ ਦੇ ਵੱਸ ਵਿੱਚ ਹੁੰਦਾ ਹੈ। ਪ੍ਰੀ ਡਾਇਬਿਟੀਜ਼ ਅਤੇ ਸ਼ੂਗਰ ਨੂੰ ਜੀਵਨ ਸ਼ੈਲੀ ਅਤੇ ਖਾਣ-ਪੀਣ ਵਿੱਚ ਤਬਦੀਲੀਆਂ ਲਿਆ ਕੇ ਰੋਕਿਆ ਜਾ ਸਕਦਾ ਹੈ। ਹਰ ਰੋਜ਼ ਘੱਟ ਤੋਂ ਘੱਟ 30 ਮਿੰਟ ਕਸਰਤ ਜਾਂ ਤੇਜ਼ ਚਾਲ ਚੱਲੋ ਜਾਂ ਸਾਈਕਲ ਚਲਾਓ। ਭਾਰ ਜ਼ਿਆਦਾ ਹੈ ਤਾਂ ਉਸ ਨੂੰ ਘਟਾਓ। ਆਮ ਮਾਤਰਾ ਨਾਲੋਂ ਘੱਟ ਖਾਓ।
ਤਲੀਆਂ-ਭੁੰਨੀਆਂ ਚੀਜ਼ਾਂ, ਜੰਕ ਫ਼ੂਡ, ਫ਼ਾਸਟ ਫ਼ੂਡ, ਡੱਬਾ-ਬੰਦ, ਬੋਤਲਬੰਦ ਚੀਜ਼ਾਂ ਦਾ ਸੇਵਨ ਨਾ ਕਰੋ। ਕੋਲਡ ਡ੍ਰਿੰਕਸ, ਜੂਸ ਕਦੇ ਨਾ ਪੀਓ। ਇੱਕ ਵਾਰ ਹੀ ਜ਼ਿਆਦਾ ਭੋਜਨ ਕਦੇ ਨਾ ਕਰੋ। ਲੋੜ ਅਨੁਸਾਰ ਭੋਜਨ ਨੂੰ 4 ਭਾਗਾਂ ਵਿੱਚ ਵੰਡ ਕੇ 3-4 ਘੰਟੇ ਦੇ ਫ਼ਰਕ ‘ਤੇ ਖਾਓ। ਸਲਾਦ, ਸਬਜ਼ੀ ਅਤੇ ਰੇਸ਼ੇਦਾਰ ਚੀਜ਼ਾਂ ਵੱਧ ਤੋਂ ਵੱਧ ਖਾਓ।










