ਚਿੱਤਰਦੁਰਗਾ : ਕਰਨਾਟਕ ਦੇ ਚਿੱਤਰਦੁਰਗਾ ਵਿੱਚ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਲਗਜ਼ਰੀ ਬੱਸ ਨੂੰ ਅੱਗ ਲੱਗਣ ਨਾਲ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਘਟਨਾ ਸਥਾਨ ਤੋਂ ਮਿਲੇ ਦ੍ਰਿਸ਼ਾਂ ਵਿੱਚ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਸੀ, ਜਿਸ ਦੇ ਆਲੇ-ਦੁਆਲੇ ਕਾਲੇ ਧੂੰਏਂ ਦੇ ਗੁਬਾਰ ਸਨ। ਲੋਕ ਦੂਰ ਤੋਂ ਇਸ ਘਟਨਾ ਨੂੰ ਦੇਖ ਰਹੇ ਹਨ। ਹਾਦਸੇ ਦੀ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਬੱਸ ਦੀਆਂ ਖਿੜਕੀਆਂ ਅਤੇ ਛੱਤਾਂ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਸੰਘਣੇ ਧੂੰਏਂ ਨੇ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ। ਕੁਝ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ‘ਤੇ ਇਸ ਭਿਆਨਕ ਦ੍ਰਿਸ਼ ਨੂੰ ਰਿਕਾਰਡ ਕਰ ਲਿਆ। ਇਸ ਹਾਦਸੇ ਕਾਰਨ ਬੱਸ ਸੜ ਕੇ ਸੁਆਹ ਹੋ ਗਈ। ਬੱਸ ਵਿਚ 32 ਲੋਕ ਸਵਾਰ ਸਨ, ਜਿਨ੍ਹਾਂ ‘ਤੋਂ ਜ਼ਿਆਦਾਤਰ ਲੋਕਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਜ਼ਿਆਦਾਤਰ ਪੀੜਤ ਬੱਸ ਦੇ ਅੰਦਰ ਜ਼ਿੰਦਾ ਸੜ ਗਏ। ਰਾਸ਼ਟਰੀ ਹਾਈਵੇਅ ‘ਤੇ ਬੱਸ ਦੇ ਸੜੇ ਹੋਏ ਅਵਸ਼ੇਸ਼ ਦਿਖਾਈ ਦਿੱਤੇ, ਜਿਸਦੀ ਛੱਤ ਢਹਿ ਗਈ ਸੀ। ਧਾਤ ਦੇ ਬਣੇ ਫਰੇਮ ਦੀ ਹਾਲਤ ਤਰਸਯੋਗ ਸੀ। ਹਾਦਸੇ ਤੋਂ ਬਾਅਦ ਪੁਲਸ ਨੇ ਲੋਕਾਂ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ, ਜੋ ਪਿੰਜਰ ਬਣ ਗਈਆਂ ਸਨ। ਇਸ ਦੌਰਾਨ ਸੜਕ ‘ਤੇ ਸੜਿਆ ਹੋਇਆ ਮਲਬਾ ਦੂਰ-ਦੂਰ ਖਿੰਡਿਆ ਹੋਇਆ ਦਿਖਾਈ ਦਿੱਤਾ।















