ਚੰਡੀਗੜ੍ਹ/ਜਲੰਧਰ – ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ‘ਵਿੱਤੀ ਫਜ਼ੂਲਖ਼ਰਚੀ’ ਦੇ ਗੰਭੀਰ ਦੋਸ਼ ਲਾਏ ਹਨ। ਬਾਜਵਾ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਪੰਜਾਬ ਭਾਰੀ ਕਰਜ਼ੇ ਦੇ ਸੰਕਟ ਨਾਲ ਜੂਝ ਰਿਹਾ ਹੈ, ਸੂਬਾ ਸਰਕਾਰ ਵੱਡੇ ਸਮਾਗਮਾਂ ਦੇ ਪ੍ਰਬੰਧਾਂ ‘ਤੇ ਕਰੋੜਾਂ ਰੁਪਏ ਬਰਬਾਦ ਕਰਨ ‘ਚ ਮਸਰੂਫ਼ ਹੈ।
ਬਾਜਵਾ ਨੇ ਟਵੀਟ ਕਰਦਿਆਂ ਸਵਾਲ ਚੁੱਕਿਆ ਕਿ ਵੀ. ਆਈ. ਪੀ. ਮਹਿਮਾਨਨਿਵਾਜ਼ੀ, ਆਲੀਸ਼ਾਨ ਪੰਡਾਲਾਂ ਅਤੇ ਐੱਲ. ਈ. ਡੀ. ਸਕਰੀਨਾਂ ਵਰਗੇ ਪ੍ਰਬੰਧਾਂ ‘ਤੇ ਕੀਤਾ ਜਾ ਰਿਹਾ ਭਾਰੀ ਖ਼ਰਚਾ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਰਜੀਹਾਂ ਨੂੰ ਸ਼ੱਕ ਦੇ ਘੇਰੇ ‘ਚ ਲਿਆਉਂਦਾ ਹੈ। ਉਨ੍ਹਾਂ ਮੁਤਾਬਕ ਸੂਬੇ ਦੇ ਸਰੋਤਾਂ ਦੀ ਵਰਤੋਂ ਲੋਕਾਂ ਦੇ ਭਲੇ ਦੀ ਬਜਾਏ ਵਿਖਾਵਿਆਂ ਲਈ ਕੀਤੀ ਜਾ ਰਹੀ ਹੈ।
ਸਥਾਨਕ ਕਾਰੋਬਾਰੀਆਂ ਨੂੰ ਅਣਗੌਲਿਆ ਕਰਨ ਦੇ ਦੋਸ਼
ਉਨ੍ਹਾਂ ਨੇ ਇਕ ਹੋਰ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਕਿਹਾ ਕਿ ਕੇਟਰਿੰਗ ਸਮੇਤ ਕਈ ਅਹਿਮ ਠੇਕੇ ਪੰਜਾਬ ਦੇ ਸਥਾਨਕ ਕਾਰੋਬਾਰੀਆਂ ਨੂੰ ਦੇਣ ਦੀ ਬਜਾਏ ਦਿੱਲੀ ਦੀਆਂ ਫਰਮਾਂ ਨੂੰ ਸੌਂਪੇ ਗਏ ਹਨ। ਬਾਜਵਾ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਆਪਣੇ ਕਾਰੋਬਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਉਨ੍ਹਾਂ ਨੂੰ ਅਣਗੌਲਿਆ ਕਰਨ ਵਾਲੀ ਨੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਅੱਜ ਅਜਿਹੀ ਜ਼ਿੰਮੇਵਾਰ ਸਰਕਾਰ ਦੀ ਲੋੜ ਹੈ, ਜੋ ਫੋਕੇ ਵਿਖਾਵਿਆਂ ਦੀ ਬਜਾਏ ਸੂਬੇ ਦੇ ਅਸਲ ਅਤੇ ਗੰਭੀਰ ਮੁੱਦਿਆਂ ਵੱਲ ਧਿਆਨ ਦੇਵੇ।















