ਅਦਾਕਾਰਾ ਯਾਮੀ ਗੌਤਮ ਇਨ੍ਹੀਂ ਦਿਨੀਂ ਸ਼ਾਹਿਦ ਕਪੂਰ ਨਾਲ ਆਪਣੀ ਅਗਲੀ ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ ‘ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਉਹ ‘ਓਰੀ ‘ਹਮਲੇ ‘ਤੇ ਆਧਾਰਿਤ ਫ਼ਿਲਮ ‘ਓਰੀ ‘ਦਾ ਵੀ ਹਿੱਸਾ ਹੈ। ਉਹ ਆਪਣੀ ਇਸ ਫ਼ਿਲਮ ਲਈ ਕਾਫ਼ੀ ਉਤਸ਼ਾਹਿਤ ਹੈ। ‘ਓਰੀ ‘ਲਈ ਯਾਮੀ ਨੇ ਆਪਣੇ ਵਾਲਾਂ ਨੂੰ ਛੋਟਾ ਕਰਵਾ ਲਿਆ ਹੈ। ਆਪਣੀ ਇਸ ਨਵੀਂ ਲੁਕ ਦੀ ਫ਼ੋਟੋ ਯਾਮੀ ਨੇ ਇਨਸਟਾਗ੍ਰਾਮ ‘ਤੇ ਜਨਤਕ ਕਰਦੇ ਹੋਏ ਫ਼ਿਲਮ ‘ਚ ਆਪਣੀ ਇਸ ਲੁਕ ਬਾਰੇ ਜਾਣਕਾਰੀ ਦਿੱਤੀ। ਉਂਝ ਯਾਮੀ ਆਪਣੇ ਛੋਟੇ ਵਾਲਾਂ ਅਤੇ ਕੰਪਲੀਟ ਮੇਕਓਵਰ ਤੋਂ ਬਾਅਦ ਹੋਰ ਵੀ ਪਿਆਰੀ ਲੱਗ ਰਹੀ ਹੈ। ਇਹ ਹੇਅਰ ਟਰਾਂਸਫ਼ੌਰਮੇਸ਼ਨ ਇੱਕ ਹਫ਼ਤੇ ‘ਚ ਹੀ ਓਦੋਂ ਹੋਈ ਜਦੋਂ ਯਾਮੀ ਾਲ ਫ਼ਿਲਮ ਦੀ ਟੀਮ ਅਤੇ ਡਾਇਰੈਕਟਰ ਨੇ ਬੈਠ ਕੇ ਇਹ ਫ਼ੈਸਲਾ ਕੀਤਾ ਕਿ ਫ਼ਿਲਮ ‘ਚ ਉਸ ਦਾ ਕਿਰਦਾਰ ਕਿਵੇਂ ਦਾ ਨਜ਼ਰ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਹ ਵੀ ਵਿਚਾਰਿਆ ਗਿਆ ਕਿ ਇਸ ਲੁਕ ਲਈ ਉਸ ਦੇ ਵਾਲਾਂ ਨੂੰ ਕਿਸ ਤਰ੍ਹਾਂ ਟਰਾਂਸਫ਼ੌਰਮ ਕੀਤਾ ਜਾਵੇ। ਇਸ ਤੋਂ ਬਾਅਦ ਉਸ ਦੀ ਲੁਕ ਫ਼ਾਈਨਲ ਹੋਈ। ਇਸ ਫ਼ਿਲਮ ਵਿੱਚ ਉਸ ਦਾ ਲੁਕ ਬਹੁਤ ਸਪੋਰਟੀ ਲੱਗ ਰਿਹਾ ਹੈ, ਅਤੇ ਇਹ ਇਸ ਫ਼ਿਲਮ ਦੀ ਕਹਾਣੀ ਦੀ ਲੋੜ ਵੀ ਸੀ। ਦੱਸ ਦਈਏ ਕਿ ਫ਼ਿਲਮ ‘ਓਰੀ ‘ਸਾਲ 2016 ‘ਚ ਹੋਏ ‘ਓਰੀ ‘ਅਟੈਕ ‘ਤੇ ਆਧਾਰਿਤ ਹੈ। ਇਸ ਫ਼ਿਲਮ ਨੂੰ ਆਦਿਤਿਆ ਨਿਰਦੇਸ਼ਤ ਕਰਨ ਵਾਲਾ ਹੈ, ਅਤੇ ਯਾਮੀ ਗੌਤਮ ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਜੋੜੀ ਬਣਾਉਣ ਵਾਲੀ ਹੈ। ਯਾਮੀ ਨੇ ਇਸ ਬਾਰੇ ‘ਚ ਗੱਲ ਕਰਦੇ ਹੋਏ ਕਿਹਾ, ”ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਕਾਫ਼ੀ ਉਤਸ਼ਾਹਿਤ ਹਾਂ ਅਤੇ ਇਸ ਫ਼ਿਲਮ ‘ਚ ਮੇਰੇ ਕਿਰਦਾਰ ਲਈ ਇੱਕ ਖ਼ਾਸ ਲੁਕ ਦੀ ਲੋੜ ਹੈ। ਜਦੋਂ ਆਦਿਤਿਆ ਨੇ ਮੇਰੇ ਨਾਲ ਇਸ ਬਾਰੇ ‘ਚ ਗੱਲ ਕੀਤੀ ਤਾਂ ਮੈਨੂੰ ਆਪਣੇ ਕਿਰਦਾਰ ਨੂੰ ਹੋਰ ਜ਼ਿਆਦਾ ਭਰੋਸੇਯੋਗ ਬਣਾਉਣ ਦਾ ਮੌਕਾ ਮਿਲਿਆ ਅਤੇ ਅਖ਼ੀਰ ‘ਚ ਅਸੀਂ ਇਹ ਨਵਾਂ ਲੁਕ ਫ਼ਾਈਨਲ ਕੀਤਾ। ਵੈਸੇ ਯਾਮੀ ਵਿੱਕੀ ਡੋਨਰ, ਕਾਬਿਲ, ਸਰਕਾਰ 3, ਆਦਿ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।











