ਫ਼ਿਲਮ ਇੰਡਸਟਰੀ ‘ਚ ਗੰਭੀਰ ਕਿਰਦਾਰ ਨਿਭਾਅ ਕੇ ਆਪਣੀ ਅਲੱਗ ਪਛਾਣ ਕਾਇਮ ਕਰਨ ਵਾਲਾ ਅਦਾਕਾਰ ਰਾਜਕੁਮਾਰ ਰਾਓ ਇਸ ਵਕਤ ਬੌਲੀਵੁੱਡ ‘ਚ ਪੂਰਾ ਸਰਗਰਮ ਹੈ। ਆਉਣ ਵਾਲੇ ਸਮੇਂ ‘ਚ ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ‘ਚੋਂ ਇੱਕ ਫ਼ਿਲਮ ਹੈ ਇਸਤਰੀ ਜੋ ਪਹਿਲਾਂ 31 ਅਗਸਤ ਨੂੰ ਸਿਨਮਾਘਰਾਂ ‘ਚ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਦੀ ਰਿਲੀਜ਼ ਤਾਰੀਕ ਅੱਗੇ ਵਧਾ ਦਿੱਤੀ ਗਈ ਹੈ। ਇਸ ਫ਼ਿਲਮ ‘ਚ ਉਸ ਨਾਲ ਅਦਾਕਾਰਾ ਸ਼੍ਰਧਾ ਕਪੂਰ ਨਜ਼ਰ ਆਏਗੀ। ਸ਼੍ਰਧਾ ਕਾਰਨ ਹੀ ਇਸ ਫ਼ਿਲਮ ਦੀ ਰਿਲੀਜ਼ ਤਾਰੀਕ ਅੱਗੇ ਕੀਤੀ ਗਈ ਹੈ। ਅਸਲ ਕਹਾਣੀ ਇਹ ਹੈ ਕਿ 31 ਅਗਸਤ ਨੂੰ ਹੀ ਸ਼੍ਰਧਾ ਦੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਰਿਲੀਜ਼ ਹੋਵੇਗੀ ਜਿਸ ਕਾਰਨ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀਆਂ ਦੋਹੇਂ ਫ਼ਿਲਮਾਂ ਆਪੋ ‘ਚ ਹੀ ਭਿੜਨ। ਇਸ ਲਈ ਫ਼ਿਲਮ ਇਸਤਰੀ ਦੀ ਰਿਲੀਜ਼ ਤਾਰੀਕ ਇੱਕ ਮਹੀਨਾ ਅੱਗੇ ਕਰ ਦਿੱਤੀ ਗਈ ਹੈ। ਜਲਦ ਇਸ ਦੀ ਨਵੀਂ ਤਾਰੀਕ ਦਾ ਐਲਾਨ ਕੀਤਾ ਜਾਵੇਗਾ। ਦੂਜੇ ਪਾਸੇ, ਰਾਜਕੁਮਾਰ ਰਾਓ ਨੂੰ ਇਸਤਰੀ ਫ਼ਿਲਮ ਤੋਂ ਕਈ ਆਸਾਂ ਹਨ। ਹਾਲ ਹੀ ‘ਚ ਰਾਓ ਅਤੇ ਸ਼੍ਰਧਾ ਨੇ ਆਪਣੇ ਟਵਿਟਰ ਐਕਾਊਂਟ ‘ਤੇ ਇੱਕ 59 ਸੈਕਿੰਡ ਦੀ ਵੀਡੀਓ ਜਨਤਕ ਕੀਤੀ ਹੈ। ਇਹ ਵੀਡੀਓ ਰੇਗ਼ਿਸਤਾਨੀ ਕਸਬੇ ‘ਚ ਬਣਾਈ ਹੋਈ ਹੈ ਜਿਸ ‘ਚ ਕੋਈ ਵੀ ਨਜ਼ਰ ਨਹੀਂ ਆ ਰਿਹਾ ਪਰ ਗਲੀਆਂ ਅਤੇ ਕੰਧਾਂ ‘ਤੇ ਇੱਕ ਸੁਨੇਹਾ ਲਿਖਿਆ ਹੈ ‘ਓ ਇਸਤਰੀ ਕਲ ਆਨਾ’। ਇਹ ਫ਼ਿਲਮ ਇੱਕ ਬੇਤੁਕੀ ਸੱਚੀ ਘਟਨਾ ‘ਤੇ ਆਧਾਰਿਤ ਹੈ। ਮਡੌਕ ਫ਼ਿਲਮਜ਼ ਦੇ ਬੈਨਰ ਹੇਠ ਬਣੀ ਫ਼ਿਲਮ ਇਸਤਰੀ ਦਾ ਨਿਰਮਾਣ ਦਿਨੇਸ਼, ਰਾਜ ਅਤੇ DK ਨੇ ਕੀਤਾ ਹੈ। ਇਹ ਫ਼ਿਲਮ ਭੋਪਾਲ ‘ਚ ਚੰਦੇਰੀ ਨਾਂ ਦੇ ਪਿੰਡ ਦੀ ਕਹਾਣੀ ‘ਤੇ ਆਧਾਰਿਤ ਹੈ। ਇਸ ਫ਼ਿਲਮ ਤੋਂ ਇਲਾਵਾ ਰਾਜਕੁਮਾਰ ਰਾਓ ਇੱਕ ਹੋਰ ਫ਼ਿਲਮ 5 (ਫ਼ਾਈਵ) ਵੈਡਿੰਗਜ਼ ‘ਚ ਨਰਗਿਸ ਫ਼ਾਖ਼ਰੀ ਨਾਲ ਵੀ ਨਜ਼ਰ ਆਉਣ ਵਾਲਾ ਹੈ। ਹਾਲ ਹੀ ‘ਚ ਇਸ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ ਗਿਆ। ਇਹ ਇੱਕ ਰੋਮੈਂਟਿਕ ਕੌਮੇਡੀ ਫ਼ਿਲਮ ਹੈ।











