ਐਸ਼ਵਰਿਆ ਤੇ ਅਭਿਸ਼ੇਕ 8 ਸਾਲ ਬਾਅਦ ਗ਼ੁਲਾਬ ਜਾਮੁਨ ਫ਼ਿਲਮ ‘ਚ ਇਕੱਠੇ ਕੰਮ ਕਰਨਗੇ। ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਮਈ ਤੋਂ ਹੋਵੇਗੀ ਸ਼ੁਰੂ …

ਗ਼ੁਲਾਬ ਜਾਮੁਨ ਲਈ ਅਭੀ ਤੇ ਐਸ਼ ਫ਼ਾਈਨਲ
ਜੂਨੀਅਰ ਬੱਚਨ ਤੇ ਉਸ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਦੀਆਂ ਪਿਛਲੇ ਕੁੱਝ ਸਮੇਂ ਤੋਂ ਰਿਲੀਜ਼ ਹੋ ਰਹੀਆਂ ਫ਼ਿਲਮਾਂ ਕੋਈ ਖ਼ਾਸ ਸਫ਼ਲਤਾ ਹਾਸਿਲ ਨਹੀਂ ਕਰ ਸਕੀਆਂ। ਅਜਿਹੇ ‘ਚ ਹੁਣ ਇਹ ਦੋਵੇਂ ਇਕੱਠੇ ਇੱਕੋ ਫ਼ਿਲਮ ‘ਚ ਕੰਮ ਕਰਨ ਦਾ ਮਨ ਬਣਾ ਚੁੱਕੇ ਹਨ। ਅਸਲ ਵਿੱਚ ਨਿਰਮਾਤਾ ਅਨੁਰਾਗ ਕਸ਼ਅਪ ਦੀ ਅਗਲੀ ਫ਼ਿਲਮ ਗ਼ੁਲਾਬ ਜਾਮੁਨ ਨੂੰ ਅਭਿਸ਼ੇਕ ਅਤੇ ਐਸ਼ਵਰਿਆ ਨੇ ਹਰੀ ਝੰਡੀ ਦਿਖਾ ਦਿੱਤੀ ਹੈ। ਇਸ ਸਟਾਰ ਜੋੜੀ ਨੇ ਪਿਛਲੇ ਹਫ਼ਤੇ ਇਸ ਫ਼ਿਲਮ ‘ਤੇ ਆਪਣੀ ਪੱਕੀ ਮੋਹਰ ਲਗਾਈ। ਇਸ ਨਾਲ ਹੀ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਦੋਵੇਂ ਇਸ ਫ਼ਿਲਮ ਲਈ ਅਗਲੇ ਸਾਲ ਮਈ ਤੋਂ ਬਾਅਦ ਹੀ ਇਕੱਠੇ ਆਪਣਾ ਸਮਾਂ ਕੱਢ ਸਕਣਗੇ। ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਨੇ ਵੀ ਉਨ੍ਹਾਂ ਦੀ ਇਹ ਸ਼ਰਤ ਮੰਨ ਲਈ ਹੈ। ਇਸ ਦੌਰਾਨ ਅਭਿਸ਼ੇਕ ਆਪਣੀ ਕਬੱਡੀ ਟੀਮ ਜੈਪੁਰ ਪਿੰਕ ਪੈਂਥਰਜ਼ ਨਾਲ ਰਹੇਗਾ ਅਤੇ ਐਸ਼ਵਰਿਆ ਆਪਣੇ ਨਿੱਜੀ ਪ੍ਰੋਗਰਾਮਾਂ ‘ਚ ਰੁੱਝੀ ਰਹੇਗੀ। ਅਗਲੇ ਸਾਲ ਕਾਨਜ਼ ਫ਼ਿਲਮ ਸਮਾਰੋਹ ‘ਚ ਹਿੱਸਾ ਲੈਣ ਤੋਂ ਬਾਅਦ ਉਹ ਦੋਵੇ ਗ਼ੁਲਾਬ ਜਾਮੁਨ ਲਈ ਕੰਮ ਕਰਨਗੇ। ਇਨ੍ਹਾਂ ਦੋਹਾਂ ਵਲੋਂ ਇਕੱਠਿਆਂ ਕੀਤੀ ਜਾਣ ਵਾਲੀ ਇਹ ਨੌਂਵੀ ਫ਼ਿਲਮ ਹੈ। ਇਸ ਤੋਂ ਪਹਿਲਾਂ ਇਹ ਜੋੜੀ ਢਾਈ ਅਕਸ਼ਰ ਪ੍ਰੇਮ ਕੇ, ਕੁਛ ਨਾ ਕਹੋ, ਬੰਟੀ ਔਰ ਬਬਲੀ, ਉਮਰਾਓ ਜਾਨ, ਧੂੰਮ, ਗੁਰੁ, ਸਰਕਾਰ ਅਤੇ ਰਾਵਣ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ। ਇਹ ਪਹਿਲੀ ਵਾਰ ਹੋਵੇਗੀ ਕਿ ਇਹ ਦੋਹੇਂ ਆਪਣੀ ਬੇਟੀ ਆਰਾਧਿਆ ਦੇ ਜਨਮ ਤੋਂ ਬਾਅਦ ਕਿਸੇ ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ। ਵੈਸੇ ਇਸ ਸਾਲ ਐਸ਼ਵਰਿਆ ਰਾਏ ਦੀ ਫ਼ੰਨੇ ਖ਼ਾਂ ਅਤੇ ਅਭਿਸ਼ੇਕ ਦੀ ਪਿਛਲੇ ਮਹਿਨੇ ਮਨਮਰਜ਼ੀਆਂ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਹ ਦੋਵੇਂ ਫ਼ਿਲਮਾਂ ਪਰਦੇ ‘ਤੇ ਕੋਈ ਵੱਡੀ ਪ੍ਰਾਪਤੀ ਹਾਸਿਲ ਨਹੀਂ ਕਰ ਸਕੀਆਂ।