ਅਕਸ਼ੈ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਏਅਰਲਿਫ਼ਟ’ ਅਤੇ ‘ਆਰਗੋ’ ਇਕੋ ਸ਼ੈਲੀ ਦੀਆਂ ਫ਼ਿਲਮਾਂ ਹਨ ਪਰ ‘ਏਅਰਲਿਫ਼ਟ’ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੋਣ ਕਾਰਨ ਅਦਾਕਾਰ ਦਾ ਕਹਿਣੈ ਕਿ ਇਹ ਉਨ੍ਹਾਂ ਦੀ ਫ਼ਿਲਮ ਦੀ ਬੇਇਜ਼ਤੀ ਹੈ ਕਿ ਲੋਕ ਇਸ ਦੀ ਤੁਲਨਾ ਆਸਕਰ ਜੇਤੂ ਹਾਲੀਵੁੱਡ ਫ਼ਿਲਮ ਨਾਲ ਕਰ ਰਹੇ ਹਨ। 48 ਸਾਲਾ ਅਦਾਕਾਰ ਅਕਸ਼ੈ ਦਾ ਕਹਿਣੈ ਕਿ ਬੇਨ ਐਲੇਕ ਸਟਾਰਰ ਫ਼ਿਲਮ ਵਿੱਚ ਈਰਾਨ ਬੰਧਕ ਸੰਕਟ ਦੌਰਾਨ ਛੇ ਅਮਰੀਕੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਘਟਨਾ ਦਿਖਾਈ ਗਈ ਹੈ, ਜਦਕਿ ‘ਏਅਰਲਿਫ਼ਟ’ ਵਿੱਚ ਇਰਾਕ-ਕੁਵੈਤ ਯੁੱਧ ਦੌਰਾਨ 1 ਲੱਖ 70 ਹਜ਼ਾਰ ਭਾਰਤੀਆਂ ਨੂੰ ਬਚਾਉਣ ਦੀ ਕਹਾਣੀ ਦੱਸੀ ਗਈ ਹੈ।
ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਸ਼ੈ ਨੇ ਕਿਹਾ, ”ਇਹ ਕਹਿਣਾ ਸਾਡਾ ਅਪਮਾਨ ਹੈ ਕਿ ਸਾਡੀ ਫ਼ਿਲਮ ‘ਆਰਗੋ’ ਦੀ ਨਕਲ ਹੈ। ਆਖਿਰ ਇਹ ਨਕਲ ਕਿਵੇਂ ਹੋ ਸਕਦੀ ਹੈ, ਜਦਕਿ ਸਾਡੀ ਫ਼ਿਲਮ ਇਕ ਸੱਚੀ ਘਟਨਾ ‘ਤੇ ਅਧਾਰਿਤ ਹੈ? ਇਹ ਕੋਈ ਨਕਲ ਨਹੀਂ ਹੈ। ਇਹ ਕੁਝ ਅਜਿਹਾ ਹੈ, ਜਿਸ ‘ਤੇ ਤੁਸੀਂ ਮਾਣ ਕਰ ਸਕਦੇ ਹੋ। ਕਿਸੇ ਮੁਸੀਬਤ ਗ੍ਰਸਤ ਦੇਸ਼ ਤੋਂ ਲੋਕਾਂ ਨੂੰ ਬਚਾਉਣ ਦੀ ਮਨੁੱਖਤਾ ਸੰਬੰਧੀ ਇਹ ਇਤਿਹਾਸ ‘ਚ ਦੀ ਸਭ ਤੋਂ ਵੱਡੀ ਘਟਨਾ ਹੈ।”
ਫ਼ਿਲਮ ਦੇ ਨਿਰਦੇਸ਼ਕ ਰਾਜਾ ਕ੍ਰਿਸ਼ਨਨ ਮੈਨਨ ਦਾ ਕਹਿਣੈ ਕਿ ਨੂੰ ਲੋਕਾਂ ਨੂੰ ਬਚਾਏ ਜਾਣ ਦੀ ਘਟਨਾ ਦੀ ਪਿੱਠਭੂਮੀ ‘ਤੇ ਬਣੀਆਂ ਹੋਰ ਕਹਾਣੀਆਂ ਨਾਲ 2012 ‘ਚ ਆਈ ਹਾਲੀਵੁੱਡ ਫ਼ਿਲਮ ਨਾਲ ਇਸ ਦੀ ਕੋਈ ਸਮਾਨਤਾ ਨਹੀਂ। ਅਦਾਕਾਰ ਨੇ ਕਿਹਾ ਕਿ ਉਹ 1990 ‘ਚ ਵਾਪਰੀ ਇਸ ਘਟਨਾ ਤੋਂ ਵਾਕਫ਼ ਨਹੀਂ ਸਨ, ਜਦੋਂ ਨਿਰਦੇਸ਼ਕ ‘ਏਅਰਲਿਫ਼ਟ’ ਦੀ ਕਹਾਣੀ ਲੈ ਕੇ ਉਸ ਕੋਲ ਆਏ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ, ”ਉਸ ਸਮੇਂ ਇਸ ਬਚਾਅ ਕਾਰਜ ਨੂੰ ਲੈ ਕੇ ਸਿਰਫ਼ ਇਕ ਲੇਖ ਮੌਜੂਦ ਸੀ। ਸਰਕਾਰ ਨੇ ਇਸ ਨੂੰ ਬਹੁਤ ਖਾਮੋਸ਼ੀ ਨਾਲ ਅੰਜਾਮ ਦਿੱਤਾ। ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈ। ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਮਿਲਿਆ ਤਾਂ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸਨ। ਇਸ ਕਹਾਣੀ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਇਹ ਸਾਡੇ ਦੇਸ਼ ਦੀ ਮਹਾਨਤਾ ਦਿਖਾਉਂਦਾ ਹੈ।”











