ਉਜਾਗਰ ਸਿੰਘ ਦੀ ਪੁਸਤਕ ‘ਪਰਵਾਸੀ ਜੀਵਨ ਤੇ ਸਾਹਿਤ’ ਨੂੰ ਖ਼ੁਸ਼ਆਮਦੀਦ

walia-bigਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ ‘ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੱਦੋਂ ਵਿਖੇ ਸ. ਅਰਜਨ ਸਿੰਘ ਅ ਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਦੇ ਘਰ ਪੈਦਾ ਹੋਇਆ। ਸਾਰੀ ਉਮਰ ਪੰਜਾਬ ਦੇ ਲੋਕ ਸੰਪਰਕ ਮਹਿਕਮੇ ਵਿੱਚ ਸਰਵਿਸ ਕੀਤੀ ਅਤੇ ਜ਼ਿਲ੍ਹਾ ਲੋਕ ਸੰਪਰਕ  ਅਫ਼ਸਰ ਵਜੋਂ ਰਿਟਾਇਰ ਹੋਇਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਉਜਾਗਰ ਸਿੰਘ ਦੀ ਘਣੀ ਨੇੜਤਾ ਸੀ। ਜਦੋਂ ਉਹ ਮੁੱਖ ਮੰਤਰੀ ਸੀ ਤਾਂ ਉਜਾਗਰ ਸਿੰਘ ਦੀ ਟੌਅਰ ਅਤੇ ਸ਼ਕਤੀ ਕਿਸੇ ਮੰਤਰੀ ਤੋਂ ਘੱਟ ਨਹੀਂ ਸੀ। ਇਹ ਉਜਾਗਰ ਸਿੰਘ ਦੀ ਸ਼ਖਸੀਅਤ ਦਾ ਕਮਾਲ ਹੈ ਕਿ ਉਹ ਹਮੇਸ਼ਾ ਜ਼ਮੀਨ ਨਾਲ ਜੁੜਿਆ ਰਿਹਾ, ਸ਼ਾਇਦ ਇਸੇ ਕਾਰਨ ਹੀ ਉਹ ਪੰਜਾਬ ਦੇ ਕੱਲੇ ਕੱਲੇ ਸਿਆਸੀ ਆਗੂ ਬਾਰੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੈ। ਲੋਕ ਸੰਪਰਕ ਮਹਿਕਮੇ ਤੋਂ ਸੇਵਾ ਮੁਕਤ ਹੋਣ ਬਾਅਦ ਉਜਾਗਰ ਸਿੰਘ ਨੇ ਕਲਮ ਨਾਲ ਆਪਣੀ ਦੋਸਤੀ ਹੋਰ ਵੀ ਗੂੜ੍ਹੀ ਕਰ ਲਈ। ਜਿੱਥੇ ਉਸਨੇ ਅਖਬਾਰਾਂ ਅਤੇ ਰਸਾਲਿਆਂ ਲਈ ਕਾਲਮ ਲਿਖਣੇ ਸ਼ੁਰੂ ਕੀਤੇ, ਉਥੇ ਉਸਨੇ ਪੁਸਤਕਾਂ ਦੀ ਸੰਪਾਦਨਾ ਅਤੇ ਪ੍ਰਕਾਸ਼ਨਾ ਵੱਲ ਵੀ ਧਿਆਨ ਦੇਣਾ ਆਰੰਭ ਕੀਤਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਉਸ ਦੀਆਂ ਪੰਜ ਪੁਸਤਕਾਂ ਪੜ੍ਹਨ ਨੂੰ ਮਿਲੀਆਂ। ਜਿਹਨਾਂ ਵਿੱਚ ‘ਪਟਿਆਲਾ ਵਿਰਾਸਤ ਦੇ ਰੰਗ’, ਸਮਕਾਲੀਨ ਸਮਾਜ ਅਤੇ ਸਿਆਸਤ (ਵਾਰਤਕ), ਸਿਆਸਤ ਦਾ ਮਸੀਹਾ, ਸਿੱਖੀ ਸੋਚ ਦੇ ਪਹਿਰੇਦਾਰ, ਪੂਰਬ ਪੱਛਮ ਅਤੇ ਹੱਥਲੀ ਪੁਸਤਕ ਪਰਵਾਸੀ ਜੀਵਨ ਤੇ ਸਾਹਿਤ’ ਸ਼ਾਮਲ ਹਨ।
‘ਪ੍ਰਵਾਸੀ ਜੀਵਨ ਤੇ ਸਾਹਿਤ’ ਪੁਸਤਕ ਦੇ ਜਨਮ ਬਾਰੇ ਟਿੱਪਣੀ ਕਰਦਾ ਹੋਇਆ ਇਸ ਪੁਸਤਕ ਦਾ ਲਖਕ ਲਿਖਦਾ ਹੈ ”ਮੈਂ ਸਾਹਿਤ ਦਾ ਆਲੋਚਕ ਤਾਂ ਨਹੀਂ ਹਾਂ ਪਰ ਵਿਦਿਆਥੀ ਜ਼ਰੂਰ ਹਾਂ, ਇਸ ਲਈ ਮੈਂ ਮਹਿਸੂਸ ਕੀਤਾ ਕਿ ਜਿਹੜੇ ਪੰਜਾਬੀ ਕਵੀ, ਕਵਿਤਰੀਆਂ, ਗਾਇਕ, ਕਲਾਕਾਰ ਅਤੇ ਗੀਤਕਾਰ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਨ, ਕਿਉਂ ਨਾ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਇਕ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇ, ਕਿਉਂਕਿ ਉਹ ਪਰਵਾਸ ਵਿੱਚ ਪੰਜਾਬੀ ਦੀਆਂ ਖੁਸ਼ਬੋਆਂ ਖਿਲਾਰ ਰਹੇ ਹਨ। ਇਸ ਲਈ ਇਹ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਤਾਂ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਕੁਝ ਪਰਵਾਸੀ ਲੇਖਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਦੇ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਵਿੱਚ ਪਾਏ ਯੋਗਦਾਨ ਬਾਰੇ ਵੀ ਦੱਸਿਆ ਜਾਵੇ, ਕਿਉਂਕਿ ਉਹ ਸਾਹਿਤਕਾਰ ਆਪਣੇ ਸਭਿਆਚਾਰ ਅਤੇ ਅਮੀਰ ਵਿਰਸੇ ਨਾਲ ਵਿਦੇਸ਼ਾਂ ਵਿੱਚ ਪ੍ਰਵਾਸ ਕਰਦਿਆਂ ਉਸੇ ਤਰ੍ਹਾਂ ਜੁੜੇ ਹੋਏ ਹਨ, ਜਿਸ ਤਰ੍ਹਾਂ ਪੰਜਾਬ ਵਿੱਚ ਪੰਜਾਬੀ ਜੁੜੇ ਹਨ। ਲੇਖਕਾਂ ਦੀ ਚੋਣ ਕਰਨ ਲੱਗਿਆਂ ਮੈਂ ਇਸ ਗੱਲ ਦਾ ਧਿਆਨ ਰੱਖਦਾ ਹਾਂ ਕਿ ਅਜਿਹੇ ਲੇਖਕ ਹੀ ਸ਼ਾਮਲ ਕੀਤੇ ਹਨ, ਜਿਹਨਾਂ ਦਾ ਯੋਗਦਾਨ ਸਮਾਜਿਕ ਸਰੋਕਾਰਾਂ ਨਾਲ ਹੋਵੇ”, ਸੋ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ 14 ਲੇਖਕਾਂ ਅਤੇ 13 ਲੇਖਿਕਾਵਾਂ ਨੂੰ ਸ਼ਾਮਲ ਕੀਤਾ ਹੈ।
ਇਸ ਪੁਸਤਕ ਵਿੱਚ ਲੇਖਕ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਆਦਿ ਮੁਲਕਾਂ ਵਿੱਚ ਵੱਸ ਰਹੇ ਸਾਹਿਤਕਾਰਾਂ, ਪੱਤਰਕਾਰਾਂ, ਗੀਤਕਾਰਾਂ ਅਤੇ ਗਾਇਕਾਂ ਦੇ ਜੀਵਨ ਬਿਉਰੇ ਦੇ ਨਾਲ ਨਾਲ ਉਹਨਾਂ ਵੱਲੋਂ ਪਾਏ ਯੋਗਦਾਨ ਅਤੇ ਉਹਨਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦਿੱਤੀ ਹੈ। ਮੈਂ ਇਹਨਾਂ 27 ਸ਼ਖਸੀਅਤਾਂ ਵਿੱਚੋਂ ਕਈਆਂ ਨੂੰ ਨਿੱਜੀ ਤੌਰ ‘ਤੇ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹਨਾਂ ਦੇ ਕੰਮਾਂ ਕਾਰਾਂ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹਾਂ। ਇਸ ਆਧਾਰ ‘ਤੇ ਮੈਂ ਸਪਸ਼ਟ ਕਹਿ ਸਕਦਾ ਹਾਂ ਕਿ ਉਜਾਗਰ ਸਿੰਘ ਨੇ ਭਾਵੇਂ ਆਲੋਚਨਾਤਮਕ ਦ੍ਰਿਸ਼ਟੀ ਨਾਲ ਇਹਨਾਂ ਲੇਖਕਾਂ ਨੂੰ ਨਾ ਪਰਖਿਆ ਹੋਵੇ ਪਰ ਉਸਦੀ ਸੂਖਮ ਨਜ਼ਰ ਨੇ ਇਨ੍ਹਾਂ 27 ਪ੍ਰਵਾਸੀ ਲੇਖਕਾਂ ਦੀ ਹਰ ਰਚਨਾ ਅਤੇ ਹਰ ਗੁਣ ਨੂੰ ਚੰਗੀ ਤਰ੍ਹਾਂ ਪਰਖਿਆ ਹੈ। ਦੂਜੇ ਪਾਸੇ ਮੈਨੂੰ ਇਸ ਪੁਸਤਕ ਦੇ ਪਾਠ ਕਰਨ ਤੋਂ ਬਾਅਦ ਕਈ ਲੇਖਕਾਂ ਦੇ ਜੀਵਨ ਬਾਰੇ ਉਹਨਾਂ ਗੱਲਾਂ ਦਾ ਪਤਾ ਲੱਗਾ ਹੈ, ਜਿਹਨਾਂ ਬਾਰੇ ਪਹਿਲਾਂ ਮੈਂ ਉੱਕਾ ਹੀ ਅਣਜਾਣ ਸਾਂ। ਜਿਵੇਂ ਮੇਰੇ ਪਿੰਡ ਬੁਟਾਹਰੀ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸਰੀ ਵਿੱਚ ਵੱਸਦੇ ਲੇਖਕ ਜੈਤੇਗ ਸਿੰਘ ਆਨੰਤ ਦੇ ਮੁਢਲੇ ਜੀਵਨ ਬਾਰੇ ਸਾਰੀ ਜਾਣਕਾਰੀ ਮੈਨੂੰ ਇਸੇ ਪੁਸਤਕ ਵਿੱਚੋਂ ਮਿਲੀ। ਉਸਦੇ ਫ਼ੋਟੋਗ੍ਰਾਫ਼ੀ ਤੋਂ ਲੇਖਕ ਬਣਨ ਦੇ ਸਫ਼ਰ ਨੂੰ ਉਜਾਗਰ ਸਿੰਘ ਨੇ ਬਾਖੂਬੀ ਪੇਸ਼ ਕੀਤਾ ਹੈ। ਲੈਫ਼. ਕਰਨਨ ਗੁਰਦੀਪ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਉਜਾਗਰ ਸਿੰਘ ਇਹ ਸੁਨੇਹਾ ਕਾਮਯਾਬੀ ਨਾਲ ਦੇਣ ਵਿੱਚ ਸਫ਼ਲ ਹੋਇਆ ਹ ੈ ਕਿ ਧਰਮ ਇਕ ਸੰਜੀਦਾ ਅਤੇ ਸੰਵੇਦਨਸ਼ੀਲ ਵਿਸ਼ਾ ਹੈ। ਇਸ ਬਾਰੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਵਿਸ਼ਵਾਸ ਵਿੱਚ ਲੈਣਾ ਜ਼ਰੂਰੀ ਹੈ। ਇਸੇ ਤਰ੍ਹਾਂ ਗੀਤਕਾਰ ਜੀਤ ਕੱਦੋਵਾਲਾ ਬਾਰੇ ਲਿਖਦੇ ਹੋਏ ਇਸ ਪੁਸਤਕ ਦੇ ਲੇਖਕ ਨੇ ਅਰਥ ਭਰਪੂਰ ਅਤੇ ਸਮਾਜਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਦੀ ਪ੍ਰੇਰਨਾ ਕਰਨ ਵਾਲੇ ਗੀਤਕਾਰਾਂ ਦੀ ਪੈਰਵਾਈ ਕੀਤੀ ਹੈ।ਉਜਾਗਰ ਸਿੰਘ ਨੇ ਆਸਟ੍ਰੇਲੀਆ ਵਿੱਚ ਵੱਸ ਰਹੇ ਕੀਟ ਵਿਗਿਆਨੀ ਡਾ. ਅਮਰਜੀਤ ਟਾਂਡਾ ਦੀ ਬਹੁਪੱਖੀ ਸ਼ਖਸੀਅਤ ਨੂੰ ਪੇਸ਼ ਕਰਦੇ ਹੋਏ ਸ਼ਬਦ ਚਿਤਰਨ ਦੀ ਕਲਾ ਦਾ ਬਕਮਾਲ ਸਬੂਤ ਦਿੱਤਾ ਹੈ। ਲੇਖਕ ਕਹਿੰਦਾ ਹੈ ਕਿ ਡਾ. ਅਮਰਜੀਤ ਸਿੰਘ ਟਾਂਡਾ ਪੰਜਾਬੀ ਭਾਸ਼ਾ ਦੀ ਪ੍ਰਫ਼ੁੱਲਤਾ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ।
ਅੱਗ ਜਦੋਂ ਵੀ ਛਾਤੀ ਵਿੱਚ ਬਲਦੀ ਹੈ,
ਪਰਬਤ ਵੀ ਉਚੇ ਨਹੀਂ ਲੱਗਦੇ।
ਇਸ ਕਵਿਤਾ ਦੀਆਂ ਪੰਕਤੀਆਂ ਦਰਸਾਉਂਦੀਆਂ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਪਹਾੜ ਵੀ ਨਹੀਂ ਰੋਕ ਸਕਦੇ। ਕੈਨੇਡਾ ਵਿੱਚ ਵੱਸ ਰਹੀ ਕਵਿੱਤਰੀ ਗੁਰਦੀਸ਼ ਕੌਰ ਗਰੇਵਾਲ ਨੂੰ  ਉਜਾਗਰ ਸਿੰਘ ਨੇ ‘ਕਲਮ ਦੀ ਧਨੀ’ ਦਾ ਖਿਤਾਬ ਦਿੱਤਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਇਕ ਹੋਰ ਕਵਿਤਰੀ ਬਲਵੀਰ ਕੌਰ ਢਿੱਲੋਂ ਨੂੰ ਉਜਾਗਰ ਸਿੰਘ ਤਣਾਅ ਗ੍ਰਸਤ ਰਿਸ਼ਤਿਆਂ ਦੀ ਕਵਿੱਤਰੀ ਕਹਿੰਦਾ ਹੈ। ਉਜਾਗਰ ਸਿੰਘ ਦੀ ਨਜ਼ਰ ਵਿੱਚ ਕੈਨੇਡਾ ਦੀ ਇਕ ਹੋਰ ਪੰਜਾਬੀ ਕਵਿੱਤਰੀ ਸੁਰਿੰਦਰ ਕੌਰ ਬਿੰਨਰ ‘ਬਿਰਹਾ ਦੀ ਕਵਿੱਤਰੀ’ ਹੈ। ਟਰਾਂਟੋ ਵਿੱਚ ਵੱਸ ਰਹੀ ਸੁਰਜੀਤ ਕੌਰ ਨੂੰ ਲੇਖਕ ਰਹੱਸਵਾਦੀ ਕਵਿੱਤਰੀ ਗਰਦਾਨਦਾ ਹੈ। ਉਜਾਗਰ ਸਿੰਘ ਅਨੁਸਾਰ ਸੁਰਜੀਤ ਕੌਰ ਦੀਆਂ ਕਵਿਤਾਵਾਂ ਦਾ ਆਧਾਰ ਸੱਚ, ਸਿਆਣਪ, ਸੁਘੜਤਾ ਅਤੇ ਨਿਰਸੁਆਰਥਤਾ ‘ਤੇ ਆਧਾਰਿਤ ਹੈ। ਸੁਰਜੀਤ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਉਸਦੀਆਂ ਕਵਿਤਾਵਾਂ ਨਿੱਜ ਤੋਂ ਪਰ੍ਹੇ ਦੀ ਗੱਲ ਕਰਦੀਆਂ ਹਨ।
ਪਟਿਆਲਾ ਦੇ ਪਿੰਡ ਮਜਾਲ ਖੁਰਦ ਦੇ ਜੰਮਪਲ ਅਤੇ ਲੰਡਨ ਵਿੱਚ ਵਿੱਚਰਦੇ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੂੰ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ ‘ਪੰਜਾਬੀਅਤ ਦਾ ਰਾਜਦੂਤ’ ਕਿਹਾ ਹੈ, ਜੋ ਕਿ ਪੂਰੀ ਤਰ੍ਹਾਂ ਸਹੀ ਹੈ। ਲੇਖਕ ਨੇ ਦੱਸਿਆ ਕਿ ਸ਼ੇਰਗਿੱਲ ਨੇ ਪ੍ਰਵਾਸੀ ਪੰਜਾਬੀਆਂ ਦੀ ਜਾਣਕਾਰੀ ਲਈ ਉਹ ਪਿਛਲੇ 13 ਸਾਲਾਂ ਤੋਂ ਆਪਣੇ ਖਰਚੇ ‘ਤੇ ਇਕ ਪੁਸਤਕ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ, ਜਿਸਦਾ ਨਾਂ ਹੈ ‘ਇੰਡੀਅਨ ਅਬਰੌਡ ਐਂਡ ਪੰਜਾਬ ਇੰਪੈਕਟ’। ਇਸ ਲੇਖ ਵਿੱਚ ਉਜਾਗਰ ਸਿੰਘ ਨੇ ਨਰਪਾਲ ਸਿੰਘ ਸ਼ੇਰਗਿੱਲ ਦੇ ਜੀਵਨ ਅਤੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਸਾਹਨੇਵਾਲ ਤੋਂ ਇੰਗਲੈਂਡ ਗਏ ਅਤੇ ਇੰਗਲੈਂਡ ਤੋਂ ਅਮਰੀਕਾ ਜਾ ਕੇ ਵੱਸ ਹਾਇਕੂ ਅਤੇ ਹਾਈਬਨ ਦੇ ਕਵੀ ਗੁਰਮੀਤ ਸਿੰਘ ਸੰਧੂ ਦਾ ਰੇਖਾ ਚਿੱਤਰ ਵੀ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਹੈ।
15 ਪੁਸਤਕਾਂ ਦੇ ਲੇਖਕ ਅਤੇ ਕੈਨੇਡਾ ਦੇ ਵਸਨੀਕ ਹਰਚੰਦ ਸਿੰਘ ਬਾਗੜੀ ਦੇ ਰੇਖਾ ਚਿੱਤਰ ਵਿੱਚ ਬਾਗੜੀ ਰਚਿਤ ਸਮੁੱਚੇ ਸਾਹਿਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਬਰੈਂਪਟਨ ਵਿੱਚ ਰਹਿੰਦੀ ਕਵਿੱਤਰੀ ਸੁਰਜੀਤ ਕੌਰ ਦੇ ਪਤੀ ਪਿਆਰਾ ਸਿੰਘ ਕੁੱਦੋਵਾਲ ਵੀ ਉਹਨਾਂ 27 ਸ਼ਖਸੀਅਤਾਂ ਵਿੱਚੋਂ ਇਕ ਹਨ, ਜਿਹਨਾਂ ਬਾਰੇ ਉਜਾਗਰ ਸਿੰਘ ਨੇ ਸ਼ਬਦੀ ਚਿੱਤਰ ਲਿਖੇ ਹਨ। ਕੁੱਦੋਵਾਲ ਬਾਰੇ ਉਜਾਗਰ ਸਿੰਘ ਲਿਖਦਾ ਹੈ ਕਿ ਪਿਆਰਾ ਸਿੰਘ ਕੁੱਦੋਵਾਲ ਅਜਿਹਾ ਕਵੀ ਹੈ, ਜਿਸ ‘ਤੇ ਦੁਨੀਆਂ ਵਿੱਚ ਵਾਪਰਨ ਵਾਲੀ ਹਰ ਘਟਨਾ ਡੂੰਘਾ ਪ੍ਰਭਾਵ ਪਾਉਂਦੀ ਹੈ, ਜਿਸ ਕਰਕੇ ਉਹ ਉਸ ਘਟਨਾ ਸਬੰਧੀ ਆਪਣੀ ਕਵਿਤਾ ਰਾਹੀਂ ਸੰਦੇਹ ਪ੍ਰਗਟ ਕਰਦਾ ਹੈ। ਇੰਗਲੈਂਡ ਦੇ ਹੰਸਲੋ ਸ਼ਹਿਰ ਵਿੱਚ ਰਹਿਣ ਵਾਲੀ ਖੁਸ਼ਵਿੰਦਰ ਕੌਰ ਬਰਾੜ ਜਿਸਦਾ ਸਾਹਿਤਕ ਨਾਂ ਗਗਨ ਬਰਾੜ ਹੈ, ਸੁਹਜ ਕਲਾਵਾਂ, ਪਿਆਰ ਮੁਹੱਬਤ ਦੀ ਕਦਰਦਾਨ, ਬਿਰਹਾ, ਇਸਤਰੀ ਦੀ ਪੀੜ, ਭਰੂਣ ਹੱਤਿਆ, ਦਾਜ, ਰਹੱਸਵਾਦੀ ਅਤੇ ਆਸ਼ਾਵਾਦੀ ਕਵਿੱਤਰੀ ਹੈ। ਜਿਸਨੇ ਬਚਪਨ ਵਿੱਚ ਹੀ ਸ਼ਾਇਰੀ ਅਤੇ ਪੇਂਟਿੰਗ ਕਰਨੀ ਆਰੰਭ ਕਰ ਦਿੱਤੀ ਸੀ। ਇਕ ਹੋਰ ਕਵਿੱਤਰੀ ਕਰਮਜੀਤ ਕੌਰ ਕਿਸਾਂਵਲ ਦਾ ਰੇਖਾ ਚਿੱਤਰ ਵੀ ਇਸ ਪੁਸਤਕ ਦਾ ਹਿੱਸਾ ਹੈ। ਸਿਰਜਣਹਾਰੀਆਂ ਕਾਵਿ ਸੰਗ੍ਰਹਿ ਰਾਹੀਂ ਕਰਮਜੀਤ ਕੌਰ ਕਿਸਾਂਵਲ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਸਮਾਜਿਕ ਤਾਣੇ ਬਾਣੇ ਵਿੱਚ ਵਿੱਚਰ ਰਹੀਆਂ ਪੰਜਾਬੀ ਕਵਿੱਤਰੀਆਂ ਦੀਆਂ ਮਾਨਸਿਕ ਪੀੜਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਰਾਹੀਂ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ। ਮੁਹੱਬਤ ਦੀਆਂ ਬਾਤਾਂ ਪਾਉਣ ਵਾਲੀ ਕਵਿੱਤਰੀ ਸਿੱਧੂ ਦਾ ਰੇਖਾ ਚਿੱਤਰ ਵੀ ਉਜਾਗਰ ਸਿੰਘ ਨੇ ਲਿਖਿਆ ਹੈ, ਲੇਖਕ ਲਿਖਦਾ ਹੈ ਕਿ ਸਿੱਧੂ ਰਮਨ ਪਿਆਰ, ਮੁਹੱਬਤ, ਮੋਹ, ਜਜ਼ਬਾਤਾਂ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਕਵਿੱਤਰੀ ਹੈ। ਇਸ ਪੁਸਤਕ ਵਿੱਚ ਹਾਇਕੂ ਲੇਖਕ ਗੁਰਮੀਤ ਸੰਧੂ ਦੀ ਪਤਨੀ ਰਾਜ ਸੰਧੂ ਦਾ ਰੇਖਾ ਚਿੱਤਰ ਵੀ ਸ਼ਾਮਲ ਹੈ। ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਦੇ ਸੈਕਰਾਮੈਂਟੋ ਸ਼ਹਿਰ ਵਿੱਚੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਸਪਤਾਹਿਕ ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦਾ ਸ਼ਬਦੀ ਚਿੱਤਰ ਵੀ ਇਸ ਪੁਸਤਕ ਦਾ ਹਿੱਸਾ ਹੈ। ਟਰਾਂਟੋ ਸ਼ਹਿਰ ਵਿਖੇ ਕਰਮਸ਼ੀਲ ਗੈਰ ਸਰਕਾਰੀ ਸੰਸਥਾ ਜੋ ਅੰਗਦਾਨ ਕਰਨ ਲਈ ਪ੍ਰੇਰਦੀ ਹੈ, ਅਮਰ ਕਰਮਾ ਆਰਗਨ ਡੋਨੇਸ਼ਨ ਸੁਸਾਇਟੀ, ਫ਼ਾਊਂਡਰ ਪ੍ਰਧਾਨ ਅਤੇ ਸਮਾਜ ਸੇਵਿਕਾ ਲਵੀਨ ਕੌਰ ਗਿੱਲ ਦਾ ਰੇਖਾ ਚਿੱਤਰ ਵੀ ਉਜਾਗਰ ਸਿੰਘ ਨੇ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਹੈ। ਇਸੇ ਤਰ੍ਹਾਂ ਕਵਿੱਤਰੀ ਰਮਨ ਵਿਰਕ, ਪਰਨੀਤ ਕੌਰ ਸੰਧੂ, ਗਗਨ ਬਰਾੜ, ਗੀਤਕਾਰ ਗੈਰੀ ਟਰਾਂਟੋ ਹਠੂਰ ਅਤੇ ਗਾਇਕ ਦਲਜੀਤ ਕਲਿਆਣਪੁਰੀ ਸਬੰਧੀ ਲੇਖ ਵੀ ਪਰਵਾਸੀ ਜੀਵਨ ਅਤੇ ਸਾਹਿਤ ਪੁਸਤਕ ਦਾ ਹਿੱਸਾ ਹਨ।ਇਸ ਪੁਸਤਕ ਦੇ ਲੇਖਕ ਨੇ ਇਸ ਪੁਸਤਕ ਨੂੰ ਲਿਖਣ ਲਈ ਕਾਫ਼ੀ ਮਿਹਨਤ ਕੀਤੀ ਹੈ। 27 ਪ੍ਰਵਾਸੀ ਲੇਖਕਾਂ ਨੂੰ ਪੜ੍ਹ ਕੇ ਉਹਨਾਂ ਦਾ ਲੇਖਾ ਜੋਖਾ ਕਰਨਾ ਕੋਈ ਸੌਖਾ ਕੰਮ ਨਹੀਂ ਸੀ।  ਉਜਾਗਰ ਸਿੰਘ ਨੇ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਕਰੜੀ ਘਾਲਣਾ ਘਾਲੀ ਨਜ਼ਰ ਆਉਂਦੀ ਹੈ। ਲੇਖਕ ਨੇ ਬਹੁਤ ਸਾਰੀ ਪਰ ਭਾਵਪੂਰਤ ਸ਼ੈਲੀ ਵਿੱਚ ਇਸ ਪੁਸਤਕ ਵਿੱਚਲੇ ਰੇਖਾ ਚਿੱਤਰਾਂ ਨੂੰ ਲਿਖਿਆ ਹੈ। ਇਸ ਪੁਸਤਕ ਦਾ ਲੇਖਕ ਆਲੋਚਕ ਨਾ ਹੁੰਦਿਆਂ ਹੋਇਆਂ ਵੀ ਹਰ ਸਾਹਿਤਕਾਰ ਦੀ ਸਾਹਿਤਕ ਕੀਮਤ ਜਾਣਦਾ ਪ੍ਰਤੀਤ ਹੁੰਦਾ ਹੈ। ਉਸਨੇ ਸਧਾਰਨ ਅਤੇ ਸਾਦੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ ਖੂਬਸੂਰਤ ਅੰਦਾਜ਼ ਵਿੱਚ ਇਸ ਪੁਸਤਕ ਨੂੰ ਲਿਖਿਆ ਹੈ। ਇਸ ਕਾਰਜ ਲਈ ਨਿਸਚਿਤ ਤੌਰ ‘ਤੇ ਉਜਾਗਰ ਸਿੰਘ ਵੱਡੀ ਪ੍ਰਸ਼ੰਸਾ ਦਾ ਹੱਕਦਾਰ ਹੈ। ਪਰਵਾਸੀ ਜੀਵਨ ਤੇ ਸਾਹਿਤ ਨੂੰ ਖ਼ੁਸ਼ਆਮਦੀਦ।