ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਭਾਰਤ ਹੀ ਨਹੀਂ ਸਗੋਂ ਦੁਨੀਆ ਭਰ ਦੀਆਂ ਮਹਿਲਾ ਪ੍ਰਸ਼ੰਸਕਾਂ ‘ਚ ਕਿਸ ਹੱਦ ਤਕ ਪ੍ਰਸਿੱਧੀ ਹੈ, ਇਹ ਸਾਰੇ ਜਾਣਦੇ ਹਨ ਪਰ ਪਾਕਿਸਤਾਨ ‘ਚ ਚੱਲ ਰਹੀ ਵਿਸ਼ਵ ਇਲੈਵਨ ਸੀਰੀਜ਼ ਦੌਰਾਨ ਉਸ ਦਾ ਇੱਕ ਅਨੋਖਾ ਹੀ ਫ਼ੈਨ ਸਾਹਮਣੇ ਆਇਆ, ਜਿਸ ਨੂੰ ਦੇਖ ਕੇ ਸ਼ਾਇਦ ਵਿਰਾਟ ਨੂੰ ਵੀ ਥੋੜ੍ਹੀ ਸ਼ਰਮ ਆ ਜਾਵੇ।ਦਰਅਸਲ, ਪਾਕਿਸਤਾਨ ਦੇ ਲਾਹੌਰ ਵਿਚ ਵਿਸ਼ਵ ਇਲੈਵਨ ਤੇ ਪਾਕਿਸਤਾਨੀ ਟੀਮ ਵਿਚਾਲੇ ਹੋਈ ਟੀ-20 ਸੀਰੀਜ਼ ਦੌਰਾਨ ਦੁਨੀਆ ਭਰ ਦੇ ਵੱਡੇ ਕ੍ਰਿਕਟਰਾਂ ਤੇ ਮੇਜ਼ਬਾਨ ਟੀਮ ਦੇ ਖਿਡਾਰੀਆਂ ਦੀ ਬਜਾਏ ਸਟੇਡੀਅਮ ਵਿਚ ਭਾਰਤੀ ਕਪਤਾਨ ਵਿਰਾਟ ਦਾ ਪ੍ਰਸ਼ੰਸਕ ਸਟੇਡੀਅਮ ‘ਚ ਦਿਖਾਈ ਦਿੱਤਾ ਤਾਂ ਸਾਰੇ ਕੁਝ ਹੈਰਾਨ ਹੋਏ ਪਰ ਇਹ ਹੈਰਾਨੀ ਉਦੋਂ ਹੋਰ ਵੀ ਵਧ ਗਈ, ਜਦੋਂ ਲੋਕਾਂ ਨੇ ਉਸ ਦੇ ਹੱਥ ‘ਚ ਪੋਸਟਰ ਦੇਖਿਆ।
ਇਹ ਪ੍ਰਸ਼ੰਸਕ ਕੋਈ ਆਮ ਵਿਅਕਤੀ ਨਹੀਂ ਸਗੋਂ ਸਟੇਡੀਅਮ ਵਿਚ ਸੁਰੱਖਿਆ ‘ਚ ਲੱਗਾ ਇੱਕ ਪਾਕਿਸਤਾਨੀ ਪੁਲਿਸ ਕਰਮਚਾਰੀ ਸੀ ਤੇ ਸਭ ਤੋਂ ਅਜੀਬੋ-ਗਰੀਬ ਗੱਲ ਇਹ ਸੀ ਕਿ ਉਸ ਦੇ ਹੱਥ ਵਿਚ ਜਿਹੜਾ ਪੋਸਟਰ ਸੀ, ਉਸ ‘ਤੇ ਲਿਖਿਆ ਸੀ ਕਿ ਕੋਹਲੀ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਵਿਰਾਟ ਦੁਨੀਆ ਭਰ ਵਿਚ ਜਿਥੇ ਵੀ ਕ੍ਰਿਕਟ ਦੌਰਿਆਂ ਲਈ ਜਾਂਦਾ ਹੈ, ਸਟੇਡੀਅਮ ਵਿਚ ਕਈ ਵਾਰ ਮਹਿਲਾਵਾਂ ਨੂੰ ਇਸ ਤਰ੍ਹਾਂ ਦੇ ਵਿਆਹ ਦੇ ਪ੍ਰਸਤਾਵ ਵਾਲੇ ਬੈਨਰ ਫ਼ੜੀ ਤਾਂ ਕਈ ਵਾਰ ਦੇਖਿਆ ਗਿਆ ਹੈ ਪਰ ਕਿਸੇ ਪੁਰਸ਼ ਦੇ ਇਸ ਤਰ੍ਹਾਂ ਦੇ ਪ੍ਰਸਤਾਵ ਨੇ ਤਾਂ ਸਾਰਿਆਂ ਦਾ ਧਿਆਨ ਹੀ ਨਹੀਂ ਖਿੱਚਿਆ ਸਗੋਂ ਹੈਰਾਨ ਵੀ ਕਰ ਦਿੱਤਾ।ਪਾਕਿਸਤਾਨ ‘ਚ ਭਾਰਤੀ ਕਪਤਾਨ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ ਤੇ ਕੁਝ ਸਾਲ ਪਹਿਲਾਂ ਵਿਰਾਟ ਦੇ ਇੱਕ ਪਾਕਿਸਤਾਨੀ ਪ੍ਰਸ਼ੰਸਕ ਨੂੰ ਘਰ ‘ਤੇ ਭਾਰਤ ਤਿਰੰਗਾ ਲਹਿਰਾਉਣ ਦੇ ਦੋਸ਼ ਵਿਚ ਜੇਲ ਤਕ ਦੀ ਸਜ਼ਾ ਭੁਗਤਣੀ ਪਈ ਸੀ। ਉਥੇ ਹੀ ਪਾਕਿਸਤਾਨੀ ਮੀਡੀਆ ਤੇ ਸਾਬਕਾ ਕ੍ਰਿਕਟਰ ਵੀ ਵਿਰਾਟ ਦੀ ਅਗਵਾਈ ਕਰਨ ਦੀ ਸਮਰੱਥਾ ਤੇ ਉਸ ਦੀ ਖੇਡ ਲਈ ਹਮੇਸ਼ਾ ਉਸ ਦੀ ਸ਼ਲਾਘਾ ਕਰਦੇ ਹਨ। ਹਾਲਾਂਕਿ ਇਸ ਵਾਰ ਵਿਰਾਟ ਨੂੰ ਇਥੇ ਇੱਕ ਅਜੀਬ ਫ਼ੈਨ ਵੀ ਮਿਲ ਗਿਆ ਹੈ। ਇਹ ਪੁਲਿਸ ਕਰਮਚਾਰੀ ਭਾਰਤੀ ਸਟਾਰ ਖਿਡਾਰੀ ਨੂੰ ਵਿਆਹ ਦੇ ਪ੍ਰਸਤਾਵ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੋ ਗਿਆ ਹੈ। ਕਈ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਨੇ ਵਿਰਾਟ ਤੇ ਮਹਿੰਦਰ ਸਿੰਘ ਧੋਨੀ ਦੇ ਵਿਸ਼ਵ ਇਲੈਵਨ ਟੀਮ ਵਿਚ ਨਾ ਹੋਣ ‘ਤੇ ਦੁੱਖ ਪ੍ਰਗਟਾਇਆ ਹੈ ਪਰ ਨਾਲ ਹੀ ਵਿਰਾਟ ਦੇ ਇਸ ਪ੍ਰਸ਼ੰਸਕ ਨੂੰ ਲੈ ਕੇ ਲੋਟ-ਪੋਟ ਵੀ ਹੋ ਰਹੇ ਹਨ।












