ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1370

ਕੁਝ ਲੋਕ ਸੋਚਦੇ ਹਨ ਕਿ ਉਹ ਇੱਕੋ ਸਮੇਂ ਦੋ ਸਥਾਨਾਂ ‘ਤੇ ਮੌਜੂਦ ਰਹਿ ਸਕਦੇ ਨੇ! ਉਹ ਤਾਰਿਕਾ ਮੰਡਲ, ਨਕਸ਼ਤਰਾਂ ਦੀਆਂ ਗੱਲਾਂ ਕਰਦੇ ਨੇ ਜਾਂ ਫ਼ਿਰ ਆਪਣੇ ਪ੍ਰਤੀਰੂਪ (clone) ਬਣਾਉਣ ਦੀਆਂ ਜਾਂ, ਜਿਹੜੇ ਕਲਪਨਾਸ਼ੀਲਤਾ ਤੋਂ ਘੱਟ ਅਤੇ ਵਿਹਾਰਕਤਾ ਤੋਂ ਵੱਧ ਕੰਮ ਲੈਂਦੇ ਹਨ, ਆਪਣੇ ਸਮੇਂ ਦਾ ਸਹੀ ਉਪਯੋਗ ਕਰਨ ਦੀਆਂ। ਤੁਹਾਡੇ ਕੋਲੋਂ ਆਪਾ-ਵਿਰੋਧੀ ਮੰਗਾਂ ਕੀਤੀਆਂ ਜਾ ਰਹੀਆਂ ਹਨ। ਪਰਸਪਰ-ਵਿਰੋਧੀ ਲੋੜਾਂ ਉਭਰ ਰਹੀਆਂ ਹਨ। ਜੇਕਰ ਤੁਸੀਂ ਹਰੇਕ ਨੂੰ ਖ਼ੁਸ਼ ਰੱਖਣੈ, ਖ਼ੁਦ ਸਮੇਤ, ਤੁਹਾਨੂੰ ਕਾਫ਼ੀ ਹੋਸ਼ਿਆਰ ਬਣਨਾ ਪੈਣੈ। ਜੋ ਕਿ ਤੁਸੀਂ ਹੋ! ਚਲੋ, ਇੱਥੋਂ ਤਕ ਤਾਂ ਕੋਈ ਦਿੱਕਤ ਨਹੀਂ। ਕੇਵਲ ਆਪਣੇ ਦਿਮਾਗ਼ ਤੋਂ ਕੰਮ ਲੈਣਾ ਚੇਤੇ ਰੱਖਿਓ – ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਨਾਮੁਮਕਿਨ ਨੂੰ ਅੰਨ੍ਹੇਵਾਹ ਹਾਸਿਲ ਕਰਨ ਦੀ ਕੋਸ਼ਿਸ਼ ਕਰੋ, ਪ੍ਰਤੱਖ ਨੂੰ ਪੂਰੀ ਗੰਭੀਰਤਾ ਨਾਲ ਜ਼ਰੂਰ ਵਿਚਾਰ ਲਿਓ।

ਕਦੇ ਨਾ ਕਦੇ, ਜ਼ਿੰਦਗੀ ‘ਚ, ਅਸੀਂ ਸਭ ਨੇ ਮੈਗਜ਼ੀਨਾਂ ਦੇ ਉਹ ਲੇਖ ਜ਼ਰੂਰ ਪੜ੍ਹੇ ਹੋਣਗੇ ਜਿਹੜੇ ਸਾਨੂੰ ਇਕਦਮ ਨਵਾਂ ਨਕੋਰ ਬਣਾਉਣ ਦਾ ਵਾਅਦਾ ਕਰਦੇ ਹਨ। ਕੁਝ ਲੋਕ ਉਨ੍ਹਾਂ ਨੂੰ ਦੇਖਦੇ, ਆਪਣੇ ਮੋਢੇ ਉਚਕਾਉਂਦੇ ਅਤੇ ਕਹਿੰਦੇ ਨੇ, ”ਓ! ਰਹਿਣ ਦਿਓ ਜੀ ਅਜਿਹੇ ਆਰਟੀਕਲਾਂ ਨੂੰ, ਅਸੀਂ ਤਾਂ ਜਿੱਦਾਂ ਦੇ ਹਾਂ ਆਪਣੇ ਆਪ ਨੂੰ ਪਸੰਦ ਕਰਦੇ ਆਂ, ਮਿਹਰਬਾਨੀ।” ਦੂਸਰੇ ਜਲਦੀ ਨਾਲ ਅਜਿਹੇ ਲੇਖ ਦੇ ਵਰਕੇ ਪਲਟਦੇ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਵੇਂ ਇੱਕ ਨਵਾਂ ਹੇਅਰਕੱਟ ਕਰਵਾ ਕੇ ਜਾਂ ਕੋਈ ਨਵੀਂ ਪੁਸ਼ਾਕ ਪਹਿਨ ਕੇ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹਨ। ਪਰ, ਦਰਅਸਲ, ਇਸ ਵਕਤ ਸੱਚਮੁੱਚ ਮੌਕਾ ਹੈ ‘ਇੱਕ ਨਵਾਂ ਨਕੋਰ ਤੁਸੀਂ’ ਤਰਾਸ਼ਣ ਦਾ। ਇੱਥੇ ਮਕਸਦ ਇਹ ਬਦਲਣਾ ਨਹੀਂ ਕਿ ਦੁਨੀਆਂ ਨੂੰ ਤੁਸੀਂ ਕਿਵੇਂ ਦੇ ਦਿਖਦੇ ਹੋ; ਉਹ ਤਾਂ ਇਹ ਬਦਲਣ ਦਾ ਹੈ ਕਿ ਦੁਨੀਆਂ ਤੁਹਾਨੂੰ ਕਿਹੋ ਜਿਹੀ ਦਿਖਦੀ ਹੈ। ਛੇਤੀ ਹੀ ਤੁਸੀਂ ਬਹੁਤ ਕੁਝ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਣ ਲੱਗੋਗੇ।

ਜ਼ਰਾ ਨੋਟਿਸ ਕਰੋ ਕਿ ਸਾਡੇ ਆਲੇ ਦੁਆਲੇ ਦਾ ਹਲਵਾਈਪੁਣਾ ਕਿੰਨਾ ਜ਼ਿਆਦਾ ਤਬਦੀਲ ਹੋ ਚੁੱਕੈ। ਅੱਜਕੱਲ੍ਹ ਤੁਸੀਂ ਮਿਰਚਾਂ ਨਾਲ ਸਜੇ ਹੋਏ ਚੌਕਲੇਟ ਖ਼ਰੀਦ ਸਕਦੇ ਹੋ ਅਤੇ ਇੰਨੀਆਂ ਖੱਟੀਆਂ ਕੈਂਡੀਆਂ ਵੀ ਜਿਹੜੀਆਂ ਮੂੰਹ ‘ਚ ਪਾਉਂਦਿਆਂ ਹੀ ਤੁਹਾਡੇ ਬੁੱਲ੍ਹ ਕਿਸੇ ਬਟੂਏ ਵਾਂਗ ਤੁਹਾਡੇ ਮੂੰਹ ਅੰਦਰ ਵਾੜ ਦੇਣ। ਲੱਗਦੈ ਲੋਕ ਇਸ ਗੱਲ ਨੂੰ ਪ੍ਰਵਾਨ ਕਰਨ ਲੱਗੇ ਹਨ ਕਿ ਵੱਡੇ ਤੋਂ ਵੱਡਾ ਸੁੱਖ ਵੀ ਤੁਹਾਡੇ ਮੂੰਹ ‘ਚ ਖੱਟਾ-ਮਿੱਠਾ-ਕੌੜਾ ਜ਼ਾਇਕਾ ਛੱਡ ਕੇ ਜਾ ਸਕਦੈ। ਕਈ ਵਾਰ, ਆਨੰਦ ‘ਚ ਵੀ ਉਦਾਸੀ ਛੁਪੀ ਹੁੰਦੀ ਹੈ, ਅਤੇ ਕਈ ਵਾਰ, ਡੂੰਘੇ ਤੋਂ ਡੂੰਘੇ ਦੁੱਖ ਪਿੱਛੇ ਵੀ ਭਲਾਈ ਅਤੇ ਕਿਰਪਾ ਦਾ ਕੁਝ ਨਾ ਕੁਝ ਅੰਸ਼ ਹੁੰਦੈ। ਮੈਂ ਇਹ ਵਾਅਦਾ ਤਾਂ ਨਹੀਂ ਕਰ ਸਕਦਾ ਕਿ ਤੁਹਾਡੇ ਜੀਵਨ ਵਿਚਲੀਆਂ ਸਾਰੀਆਂ ਸ਼ਾਨਦਾਰ ਭਵਿੱਖੀ ਪ੍ਰਗਤੀਆਂ ਇਸ ਤਰ੍ਹਾਂ ਦੀ ਦੋਹਰੀ-ਧਾਰ ਤੋਂ ਰਹਿਤ ਹੋਣਗੀਆਂ, ਪਰ ਮੈਂ ਤੁਹਾਨੂੰ ਇੰਨਾ ਜ਼ਰੂਰ ਦਸ ਸਕਦਾਂ ਕਿ ਜੋ ਪਿਆਰੈ, ਉਹ ਸੱਚਮੁੱਚ ਹੀ ਪਿਆਰੈ!

ਤੁਹਾਨੂੰ ਆਪਣੇ ਸੁਪਨਿਆਂ ਉੱਪਰ ਪੂਰਾ ਹੱਕ ਹੈ। ਤੁਹਾਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮੌਕਿਆਂ ਨੂੰ ਹਾਸਿਲ ਕਰਨ ਦਾ ਵੀ ਪੂਰਾ ਹੱਕ ਹੈ। ਤੁਸੀਂ ਸ਼ਾਇਦ ਅਜਿਹਾ ਨਾ ਕਰਨਾ ਚਾਹੋ। ਤੁਸੀਂ ਇਹ ਫ਼ੈਸਲਾ ਵੀ ਕਰ ਸਕਦੇ ਹੋ ਕਿ ਤੁਹਾਡੇ ਸੁਪਨੇ ਤਾਂ ਤਲਖ਼ ਹਕੀਕਤ ਤੋਂ ਬਚਾਅ ਕਰਨ ਦੀ ਤੁਹਾਡੀ ਇੱਕ ਤਰ੍ਹਾਂ ਦੀ ਵਿਧੀ ਹਨ। ਜੇਕਰ ਉਨ੍ਹਾਂ ਨੇ ਹਕੀਕਤ ਦਾ ਜਾਮਾ ਪਹਿਨ ਲਿਆ ਤਾਂ ਉਹ ਇੱਕ ਦੇਣਦਾਰੀ ਵੀ ਬਣ ਸਕਦੇ ਹਨ। ਪਰ ਇਸ ਗੱਲ ਦੀ ਚੋਣ ਤਾਂ ਖ਼ੁਦ ਤੁਸੀਂ ਕਰਨੀ ਹੈ। ਅਤੇ ਇਸ ਨੂੰ ਸੂਝ ਅਤੇ ਵਿਵੇਕ ਨਾਲ ਕਰਨ ਦੀ ਲੋੜ ਹੈ ਨਾ ਕਿ ਸ਼ਿਕਸਤ-ਪਸੰਦੀ ਭਾਵਨਾ ਤਹਿਤ। ਹਾਲਾਤ ਤੁਹਾਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਇਸ ਨੂੰ ਸਵੀਕਾਰ ਕਰਨ ਤੋਂ ਬਿਲਕੁਲ ਨਾ ਡਰੋ। ਤੁਹਾਡੀਆਂ ਸਭ ਤੋਂ ਵੱਡੀਆਂ ਮੁਸ਼ਕਿਲਾਂ ‘ਚੋਂ ਇੱਕ ਦਾ ਹੱਲ ਕੇਵਲ ਇੱਕ ਕਲਪਨਾ ਤੋਂ ਕਿਤੇ ਵੱਧ ਹੈ।

ਲੋਕ ਅਜੀਬੋ-ਗ਼ਰੀਬ ਗੱਲਾਂ ਕਰਦੇ ਨੇ ਅਤੇ ਬਹੁਤ ਹੀ ਨਿਰਾਲੇ ਵਾਅਦੇ ਵੀ। ਉਹ ਅੱਖਾਂ ਬੰਦ ਕਰ ਕੇ ਸਹੁੰ ਖਾ ਲੈਣਗੇ ਕਿ ਕਾਲਾ ਰੰਗ ਤਾਂ ਬਿਲਕੁਲ ਚਿੱਟਾ ਹੈ ਜਾਂ ਚੰਨ ਹਰੇ ਰੰਗ ਦੇ ਚੀਜ਼ (cheese) ਤੋਂ ਬਣਿਐ। ਉਹ ਅਜਿਹਾ ਈਰਖਾ, ਦਵੈਸ਼ ਜਾਂ ਫ਼ਰੇਬ ਦੀ ਭਾਵਨਾ ਕਾਰਨ ਬਹੁਤ ਹੀ ਘੱਟ ਕਰਦੇ ਨੇ। ਅਕਸਰ, ਉਹ ਅਜਿਹਾ ਆਪਣੀ ਅਣਉਪਯੁਕਤ ਡੂੰਘੇ ਵਿਸ਼ਵਾਸ ਦੀ ਭਾਵਨਾ ਕਾਰਨ ਕਰਦੇ ਹਨ – ਅਤੇ ਨਤੀਜਤਨ ਪੁਰਾਣੇ ਸਮੇਂ ਤੋਂ ਪ੍ਰਚਲਿਤ ਇਸ ਧਾਰਣਾ ਨੂੰ ਸਾਬਿਤ ਕਰ ਜਾਂਦੇ ਹਨ ਕਿ ਇੱਕ ਚੰਗਾ ਬਹਿਕਾਣਵਾਲਾ ਬਣਨ ਲਈ, ਪਹਿਲਾਂ ਤੁਹਾਨੂੰ ਖ਼ੁਦ ਨੂੰ ਝਾਂਸੇ ‘ਚ ਰੱਖਣ ਦੀ ਕਲਾ ‘ਚ ਮੁਹਾਰਤ ਹਾਸਿਲ ਕਰਨੀ ਪੈਂਦੀ ਹੈ। ਅਫ਼ਸੋਸ, ਪਰ, ਇਸ ਦਾ ਮਤਲਬ ਹੈ ਕਿ ਸਾਨੂੰ ਸਭ ਨੂੰ ਇਸ ਗੱਲ ਦਾ ਬਹੁਤ ਹੀ ਧਿਆਨ ਰੱਖਣਾ ਪੈਣੈ ਕਿ ਅਸੀਂ ਕਿਸ ਦੀ ਗੱਲ ਸੁਣੀਏ। ਸਾਵਧਾਨੀ ਤੋਂ ਕੰਮ ਲੈਂਦੇ ਹੋਏ ਗ਼ਲਤੀ ਹੋ ਜਾਏ ਤਾਂ ਕੋਈ ਗੱਲ ਨਹੀਂ, ਪਰ ਨਿਰਾਸ਼ਾਵਾਦ ਤੁਹਾਡੀ ਗ਼ਲਤੀ ਦਾ ਕਾਰਨ ਹਰਗਿਜ਼ ਨਹੀਂ ਹੋਣਾ ਚਾਹੀਦਾ।