ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1365

ਇਸ ਧਰਤੀ ‘ਤੇ ਤੁਹਾਡੀ ਬਾਕੀ ਦੀ ਬਚੀ ਹੋਈ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਹੈ। ਹੋ ਸਕਦੈ ਤੁਸੀਂ ਇਹ ਕਥਨ ਪਹਿਲਾਂ ਵੀ ਸੁਣਿਆ ਹੋਵੇ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਸ਼ਾਇਦ ਕੱਲ੍ਹ ਵੀ ਤੁਹਾਨੂੰ ਦੋਬਾਰਾ ਇਹ ਗੱਲ ਸੁਣਨੀ ਪੈ ਸਕਦੀ ਹੈ, ਅਤੇ ਇਹ ਅੱਜ ਜਿੰਨੀ ਹੀ ਜਾਇਜ਼ ਹੋਵੇਗੀ। ਰਹੀ ਤੁਹਾਡੀ ਬਾਕੀ ਦੀ ਬਚੀ ਹੋਈ ਜ਼ਿੰਦਗੀ ਦੀ ਬਾਕੀ ਬਚੀ ਹੋਈ ਜ਼ਿੰਦਗੀ ਦੇ ਪਹਿਲੇ ਦਿਨ ਦੀ ਗੱਲ ਤਾਂ ਉਸ ਨਾਲ ਅਸੀਂ ਓਦੋਂ ਸਿਝਾਂਗੇ ਜਦੋਂ ਉੱਥੇ ਪਹੁੰਚ ਜਾਵਾਂਗੇ। ਇਸ ਵਕਤ, ਇੰਨਾ ਜਾਣਨਾ ਹੀ ਕਾਫ਼ੀ ਹੋਵੇਗਾ ਕਿ ਚੀਜ਼ਾਂ ਬਦਲ ਰਹੀਆਂ ਹਨ – ਅਤੇ ਇਹ ਵੀ ਕਿ ਜੇਕਰ ਤੁਸੀਂ ਹੁਣ ਉਨ੍ਹਾਂ ਨੂੰ ਬਦਲਣ ਦੀ ਇਜਾਜ਼ਤ ਦੇ ਦੇਵੋ ਤਾਂ ਸ਼ਾਇਦ ਆਉਣ ਵਾਲੇ ਕਾਫ਼ੀ ਲੰਬੇ ਅਰਸੇ ਤਕ ਤੁਹਾਨੂੰ ਹੋਰ ਕੋਈ ਵੀ ਵੱਡੇ ਨਵੇਂ ਉਪਰਾਲੇ ਨਾ ਕਰਨੇ ਪੈਣ। ਹੋ ਸਕਦੈ ਤੁਹਾਨੂੰ ਹਾਲੇ ਇਸ ਗੱਲ ਦਾ ਅਹਿਸਾਸ ਨਾ ਹੋਵੇ, ਪਰ ਇਸ ਵਕਤ ਤੁਸੀਂ ਸੱਚਮੁੱਚ ਇੱਕ ਮਹਾਨ ਉਪਲਬਧੀ ਦੀ ਦਹਲੀਜ਼ ‘ਤੇ ਖੜ੍ਹੇ ਹੋ।

ਤੁਹਾਨੂੰ ਕਿੰਨੇ ਚਮਤਕਾਰਾਂ ਦੀ ਲੋੜ ਹੈ? ਕੇਵਲ ਇੱਕ। ਉਸ ਨੂੰ ਕਿੰਨਾ ਕੁ ਵੱਡਾ ਹੋਣਾ ਚਾਹੀਦੈ? ਬਹੁਤਾ ਜ਼ਿਆਦਾ ਨਹੀਂ, ਸੱਚਮੁੱਚ। ਦਰਅਸਲ, ਤੁਹਾਨੂੰ ਚਮਤਕਾਰ ਦਰਕਾਰ ਹੀ ਨਹੀਂ। ਤੁਹਾਨੂੰ ਕੇਵਲ ਕੁੱਝ ਕੁ ਮੁਨਾਸਿਬ ਪ੍ਰਸਥਿਤੀਆਂ ਦੀ ਲੋੜ ਹੈ। ਇੱਕ ਆਰੰਭ ਦੀ! ਮੌਕੇ ਦੀ! ਇਸ ਵਕਤ, ਅਵਿਸ਼ਵਾਸਯੋਗ ਚੀਜ਼ਾਂ ਵੀ ਸਰਾਸਰ ਭਰੋਸੇਯੋਗ ਜਾਪ ਰਹੀਆਂ ਹਨ। ਨਾਮੁਮਕਿਨ ਚੁਣੌਤੀਆਂ ਖੜ੍ਹੀਆਂ ਹੋ ਰਹੀਆਂ ਹਨ, ਅਤੇ ਛੇਤੀ ਹੀ ਤੁਸੀਂ ਇਨ੍ਹਾਂ ਨਾਲ ਨਜਿੱਠਣ ਦੇ ਬਿਹਤਰੀਨ ਵੱਲ ਵੀ ਸਿੱਖ ਜਾਓਗੇ। ਜੋ ਕੁੱਝ ਚਾਹੀਦੈ, ਬੇਸ਼ੱਕ ਉਹ ਕਿੰਨਾ ਵੀ ਅਵਾਸਤਵਿਕ ਕਿਉਂ ਨਾ ਜਾਪੇ, ਤੁਹਾਡੇ ਪਾਸ ਉਸ ਨੂੰ ਹਾਸਿਲ ਕਰਨ ਦੇ ਵਸੀਲੇ ਮੌਜੂਦ ਹਨ। ਤੁਹਾਨੂੰ ਕਿਸੇ ਕਰਾਮਾਤ ਦੀ ਨਹੀਂ, ਆਪਣੀ ਨਿੱਜੀ ਲਿਆਕਤ ‘ਚ ਵਿਸ਼ਵਾਸ ਦੀ ਜ਼ਰੂਰਤ ਹੈ।

ਕਾਰ ਦਾ ਇੰਜਨ ਚਾਲੂ ਕਰੋ। ਹੁਣ ਜਾਓ, ਜਾ ਕੇ ਉਸ ਦੇ ਪਿੱਛੇ ਖੜ੍ਹੇ ਹੋ ਜਾਓ। ਹਵਾ ਨੂੰ ਸੁੰਘੋ। ਕਿਹੋ ਜਿਹੀ ਗੰਧ ਆਉਂਦੀ ਐ? ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਤਕਨੀਕ ਨੂੰ ਨਫ਼ਰਤ ਕਰਨ ਵਾਲਾ ਕੋਈ ਟੈਕਨੋਫ਼ੋਬਿਕ ਹਾਂ ਤਾਂ ਤੁਸੀਂ ਬਿਲਕੁਲ ਇੰਝ ਹੀ ਕਿਸੇ ਗਾਂ ਜਾਂ ਮੱਝ ਨਾਲ ਵੀ ਕਰ ਕੇ ਦੇਖ ਸਕਦੇ ਹੋ। ਮੈਂ ਸਿਰਫ਼ ਇੰਨਾ ਸੁਝਾਣ ਦਾ ਹੀਆ ਕਰ ਰਿਹਾਂ ਕਿ ਇਸ ਸੰਸਾਰ ‘ਚ ਬਹੁਤੀਆਂ ਚੀਜ਼ਾਂ ਦਾ ਅੱਗਾ ਅਤੇ ਪਿੱਛਾ ਹੁੰਦੈ – ਅਤੇ, ਆਮ ਤੌਰ ‘ਤੇ, ਕਿਸੇ ਸ਼ੈਅ ਦੇ ਅੱਗੇ ਵਾਲੇ ਪਾਸੇ ਰਹਿਣਾ ਹਮੇਸ਼ਾ ਉਸ ਦੇ ਪਿਛਵਾੜੇ ਨਾਲੋਂ ਵਧੇਰੇ ਖ਼ੁਸ਼ਗਵਾਰ ਹੁੰਦੈ। ਬਹੁਤੀਆਂ ਸਾਕਾਰਾਤਮਕ ਪ੍ਰਕਿਰਿਆਵਾਂ ਦੇ ਅਕਸਰ ਤਨਾਅਪੂਰਣ ਸਾਈਡ ਇਫ਼ੈਕਟਸ ਹੁੰਦੇ ਨੇ। ਸਾਡੇ ਕੋਲ ਹਮੇਸ਼ਾ ਇਸ ਗੱਲ ਦੀ ਚੋਣ ਮੌਜੂਦ ਰਹਿੰਦੀ ਹੈ ਕਿ ਅਸੀਂ ਕਿਸੇ ਸਥਿਤੀ ਦੇ ਕਿਸ ਪਾਸੇ ਵੱਲ ਆਪਣਾ ਧਿਆਨ ਕੇਂਦ੍ਰਿਤ ਕਰਨਾ ਹੈ। ਇਹ ਸੱਚ ਹੈ ਕਿ ਤੁਹਾਡਾ ਸਾਹਮਣਾ ਕਿਸੇ ਬਹੁਤ ਹੀ ਬੇਸੁਰੀ ਅੜਚਨ ਜਾਂ ਤਨਾਅ ਦੇ ਸ੍ਰੋਤ ਨਾਲ ਐ, ਪਰ ਇਸ ਵਕਤ ਤੁਹਾਨੂੰ ਲੋੜ ਕੇਵਲ ਉਸ ਦੇ ਦੂਸਰੇ ਪਾਸੇ ਵੱਲ ਦੇਖਣ ਦੀ ਹੈ।

ਅੱਜਕੱਲ੍ਹ ਦੀਆਂ ਯੂਨੀਵਰਸਿਟੀਆਂ ਲਗਭਗ ਸਭ ਤਰ੍ਹਾਂ ਦੇ ਵਿਸ਼ਿਆਂ ‘ਤੇ ਕੋਰਸ ਕਰਾਉਂਦੀਆਂ ਹਨ, ਪਰ ਹਾਲੇ ਤਕ ਵੀ ਚਮਤਕਾਰੀ-ਕੰਮਾਂ ‘ਚ ਡਿਗਰੀ ਹਾਸਿਲ ਕਰਨਾ ਸੰਭਵ ਨਹੀਂ। ਅਜਿਹਾ ਕਿਉਂ? ਕੀ ਇਸ ਦਾ ਕਾਰਨ ਅਧਿਆਪਕਾਂ ਦੀ ਕਮੀ ਹੈ? ਜਾਂ ਫ਼ਿਰ ਕੀ ਸਾਰਾ ਦੋਸ਼ ਵਿਦਿਆਰਥੀਆਂ ਦਾ ਹੀ ਹੈ? ਪ੍ਰਤੱਖ ਰੂਪ ‘ਚ, ਬਹੁਤ ਹੀ ਘੱਟ ਲੋਕ ਅਜਿਹੇ ਹੁਨਰ ਸਿੱਖਣ ‘ਚ ਕੋਈ ਦਿਲਚਸਪੀ ਰੱਖਦੇ ਨੇ। ਉਨ੍ਹਾਂ ਨੂੰ ਡਰ ਹੁੰਦੈ ਕਿ ਸ਼ਾਇਦ ਅਜਿਹਾ ਕਰ ਕੇ ਉਹ ਆਪਣੇ ਆਪ ਨੂੰ ਜੋਖ਼ਮ ਵਾਲੀ ਸਥਿਤੀ ‘ਚ ਪਾ ਰਹੇ ਹੋਣਗੇ। ਉਹ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਉਣਾ ਚਾਹੁੰਦੇ ਜਿਹੜੀਆਂ ਅਜਿਹੀ ਸ਼ਕਤੀ ਨੂੰ ਹਾਸਿਲ ਕਰਨ ਦੇ ਨਾਲ ਆਉਂਦੀਆਂ ਹਨ। ਹਾਲ ਹੀ ਵਿੱਚ, ਤੁਸੀਂ ਬੜੀ ਹੀ ਦਲੇਰੀ ਨਾਲ ਕਿਸੇ ਚਮਤਕਾਰ ਨੂੰ ਸਰਅੰਜਾਮ ਦੇਣ ਲਈ ਨਿਕਲੇ ਹੋ। ਤੁਹਾਨੂੰ ਇਸ ਵਕਤ ਸਹਾਇਤਾ ਦੀ ਨਹੀਂ ਸਗੋਂ ਥੋੜ੍ਹੀ ਹੱਲਾਸ਼ੇਰੀ ਦੀ ਲੋੜ ਹੈ। ਤੁਹਾਡੇ ਮਨ ਅੰਦਰਲੀ ਤਾਂਘ ਕੇਵਲ ਤੁਹਾਡੇ ਮਨ ਦਾ ਖ਼ਿਆਲੀ ਪੁਲਾਓ ਨਹੀਂ!

ਅਸੀਂ ਉਹ ਨਹੀਂ ਕਹਿੰਦੇ ਜੋ ਸਾਨੂੰ ਕਹਿਣਾ ਚਾਹੀਦੈ। ਅਸੀਂ ਉਹ ਕਹਿੰਦੇ ਹਾਂ ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਕਹਿਣਾ ਚਾਹੀਦਾ ਹੈ। ਫ਼ਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਕੋਈ ਵੀ ਸਾਨੂੰ ਸਮਝਦਾ ਕਿਉਂ ਨਹੀਂ। ਅਤੇ, ਕਿਉਂਕਿ ਦੂਸਰੇ ਵੀ ਆਪਣੇ ਅੰਦਰਲੀਆਂ ਸੱਚਾਈਆਂ ਜ਼ਾਹਿਰ ਕਰਨ ਦੇ ਮਾਮਲੇ ‘ਚ ਓਨੇ ਹੀ ਸ਼ਰਮਾਕਲ ਜਾਂ ਸੁਚੇਤ ਹੁੰਦੇ ਹਨ, ਸੋ ਅਸੀਂ ਉਨ੍ਹਾਂ ਲੋਕਾਂ ਬਾਰੇ ਵੀ ਬਹੁਤਾ ਨਹੀਂ ਜਾਣ ਪਾਉਂਦੇ ਜਿਨ੍ਹਾਂ ਦੇ ਅਸੀਂ ਸਭ ਤੋਂ ਲਾਗੇ ਹੋਣ ਦਾ ਦਾਅਵਾ ਕਰਦੇ ਹਾਂ। ਜਦੋਂ ਅਸੀਂ ਆਪਣੇ ਦਿਲ ਦੇ ਧੁਰ ਅੰਦਰ ਦੀ ਕੋਈ ਸੱਚੀ ਗੱਲ ਸਾਂਝੀ ਕਰਨ ਦੀ ਸੱਚਮੁੱਚ ਕੋਸ਼ਿਸ਼ ਵੀ ਕਰਦੇ ਹਾਂ ਤਾਂ ਸਾਨੂੰ ਉਸ ‘ਚ ਇਮਾਨਦਾਰ ਬਣਨ ਦੀ ਆਦਤ ਨਹੀਂ। ਸਾਨੂੰ ਸਹੀ ਲਫ਼ਜ਼ ਲੱਭਣ ‘ਚ ਦਿੱਕਤ ਮਹਿਸੂਸ ਹੁੰਦੀ ਹੈ। ਅਤੇ ਅਕਸਰ ਸਾਨੂੰ ਇਹੀ ਸ਼ੱਕ ਰਹਿੰਦੈ ਕਿ ਸਾਡਾ ਕਹਿਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਣ ਵਾਲਾ। ਫ਼ਿਰ ਉਸ ਬਾਰੇ ਰੌਲਾ ਪਾ ਕੇ ਦੂਸਰਿਆਂ ਦਾ ਅਮਨ ਭੰਗ ਕਰਨ ਦਾ ਕੀ ਫ਼ਾਇਦਾ? ਕਿਉਂਕਿ, ਤੁਹਾਨੂੰ ਸੱਚਮੁੱਚ ਇਹ ਕਰਨ ਦੀ ਲੋੜ ਹੈ! ਜੇ ਤੁਸੀਂ ਇਹ ਕਰ ਲਿਆ ਤਾਂ ਤੁਸੀਂ ਸ਼ੁਕਰਗੁਜ਼ਾਰ ਹੋਵੇਗੇ ਕਿ ਤੁਸੀਂ ਅਜਿਹਾ ਕੀਤਾ।