ਦੇਸ਼ ਵੰਡ ਕਾਰਨ ਸਾਡਾ ਪਰਿਵਾਰ ਭਾਵੇਂ ਸੱਠ ਸਾਲ ਪਹਿਲਾਂ ਲਾਇਲਪੁਰ ਛੱਡ ਆਇਆ ਸੀ, ਪਰ ਮਾਂ ?ੁਸ ਨੂੰ ਆਖ਼ਰੀ ਸਾਹ ਤਕ ਵੀ ਨਹੀਂ ਵਿਸਾਰ ਸਕੀ। ਬਿਮਾਰ ਤਾਂ ਕਈ ਮਹੀਨਿਆਂ ਤੋਂ ਤੁਰੀ ਆ ਰਹੀ ਸੀ ਕਰਤਾਰ ਦੇਈ, ਪਰ ਪਿਛਲੇ ਪੰਜ-ਸੱਤ ਦਿਨਾਂ ਤੋਂ ਉਸ ਦੀ ਹਾਲਤ ਬਹੁਤੀ ਹੀ ਖ਼ਰਾਬ ਹੋ ਗਈ ਸੀ। ਕੱਲ੍ਹ ਜਾਪ ਰਿਹਾ ਸੀ ਕਿ ਅੱਜ ਦੀ ਰਾਤ ਔਖਿਆਂ ਹੀ ਕੱਟੇਗੀ। ਅੱਜ ਸਾਰਾ ਦਿਨ ਵੀ ਲੱਗਦਾ ਰਿਹਾ ਕਿ ਕਿਸੇ ਵੇਲੇ ਵੀ ਸਾਹਾਂ ਦੀ ਡੋਰ ਟੁੱਟ ਸਕਦੀ ਹੈ, ਜੋ ਅੱਠ ਵਜਦੇ- ਵਜਦੇ ਸੱਚੀਓਂ ਹੀ ਟੁੱਟ ਗਈ ਸੀ। ਉਮਰ ਵੀ ਕਾਫ਼ੀ ਹੋ ਗਈ ਸੀ ਕਰਤਾਰ ਦੇਈ ਦੀ। ਜੀਵਨ ਦੇ ਪਚਾਸੀ ਬਸੰਤ ਤਾਂ ਵੇਖ ਹੀ ਚੁੱਕੀ ਸੀ ਉਹ। ਪਰਿਵਾਰ ਵਾਲਿਆਂ ਨੇ ਉਸ ਦੇ ਸਰੀਰ ਛੱਡਣ ਤੋਂ ਕੁਝ ਮਿੰਟ ਪਹਿਲਾਂ ਉਸ ਨੂੰ ਮੰਜੇ ਉੱਤੋਂ ਲਾਹ ਕੇ ਫ਼ਰਸ਼ ‘ਤੇ ਲਿਟਾ ਦਿੱਤਾ ਸੀ। ਵੱਡੀ ਨੂੰਹ ਨੇ ਉਸ ਦੇ ਸਿਰਹਾਣੇ ਕਣਕ ਦੀ ਢੇਰੀ ਬਣਾ ਕੇ, ਉਪਰ ਦੀਵਾ ਜਗਾ ਕੇ ਰੱਖ ਦਿੱਤਾ ਸੀ। ਛੋਟਾ ਪੁੱਤਰ ਹਰਿਸ਼ਰਨ ਦਾਸ ਮਾਂ ਦੀ ਪੁਆਂਦੀ ਬੈਠਾ ਭਗਵਤ ਗੀਤਾ ਦਾ ਪਾਠ ਕਰ ਰਿਹਾ ਸੀ। ਪ੍ਰਾਣ ਤਿਆਗਣ ਤੋਂ ਪਹਿਲਾਂ ਕਰਤਾਰ ਦੇਈ ਨੇ ਕੁਝ ਨਹੀਂ ਆਖਿਆ ਸੀ। ਬਸ ਦੋ-ਤਿੰਨ ਵਾਰੀ ‘ਰਾਮ ਰਾਮ’ ਆਖਿਆ ਸੀ ਅਤੇ ‘ਰਾਮ’ ਆਖਦੇ-ਆਖਦੇ ਹੀ ਸਦਾ ਲਈ ਅੱਖਾਂ ਮੀਟ ਲਈਆਂ ਸਨ। ਪਰਿਵਾਰ ਦੇ ਲੋਕ ਕਰਤਾਰ ਦੇਈ ਦੀ ਮ੍ਰਿਤਕ ਦੇਹ ਦੇ ਆਲੇ-ਦੁਆਲੇ ਕੰਧ ਨਾਲ ਢੋਅ ਲਾਈ ਬੈਠੇ ਸਨ। ਨੂੰਹਾਂ ਦੇ ਰੋਣ ਦੀ ਆਵਾਜ਼ ਸੁਣ ਕੇ ਕੁਝ ਆਂਢੀ-ਗੁਆਂਢੀ ਵੀ ਆ ਗਏ ਸਨ। ਮੁਹੱਲੇ ਵਾਲਿਆਂ ਦੇ ਆਉਣ ਦਾ ਸਿਲਸਿਲਾ ਤਾਂ ਦੇਰ ਰਾਤ ਤਕ ਚਲਦਾ ਰਿਹਾ। ਆਉਣ ਵਾਲਾ ਮ੍ਰਿਤਕ ਕਰਤਾਰ ਦੇਈ ਨੂੰ ਪ੍ਰਣਾਮ ਕਰ ਕੇ ਥੋੜ੍ਹੀ ਦੇਰ ਪਰਿਵਾਰ ਵਾਲਿਆਂ ਪਾਸ ਬੈਠਦਾ ਅਤੇ ਉੱਠ ਕੇ ਚਲਾ ਜਾਂਦਾ। ਸਾਢੇ ਅੱਠ ਵਜੇ ਦੋਵੇਂ ਪੋਤਰੇ ਵੀ ਆਪੋ-ਆਪਣੇ ਕੰਮਾਂ ਤੋਂ ਮੁੜ ਆਏ ਸਨ। ਦਸ ਵੱਜਦੇ ਹੀ ਕਰਤਾਰ ਦੇਈ ਦੀ ਧੀ, ਜਵਾਈ ਅਤੇ ਦੋਹਤੇ-ਦੋਹਤੀਆਂ ਵੀ ਆ ਗਏ ਸਨ। ਕਰਤਾਰ ਦੇਈ ਦਾ ਵੱਡਾ ਪੁੱਤਰ ਗੁਰਚਰਨ ਦਾਸ ਥੋੜ੍ਹੀ ਦੇਰ ਤਾਂ ਸਰੀਰ ਤਿਆਗ ਰਹੀ ਮਾਂ ਵੱਲ ਸੇਜਲ ਅੱਖਾਂ ਨਾਲ ਤੱਕਦਾ ਰਿਹਾ, ਫ਼ਿਰ ਭੁੱਬਾਂ ਮਾਰ ਕੇ ਰੋ ਪਿਆ ਅਤੇ ਉੱਠ ਕੇ ਕਮਰੇ ਤੋਂ ਬਾਹਰ ਚਲਾ ਗਿਆ। ਬਾਹਰ ਆ ਕੇ ਉਸ ਨੇ ਆਪਣੇ ਮੂੰਹ ‘ਤੇ ਪਾਣੀ ਦੇ ਛਿੱਟੇ ਮਾਰੇ ਅਤੇ ਤੌਲੀਏ ਨਾਲ ਮੂੰਹ ਪੂੰਝ ਕੇ ਘਰੋਂ ਬਾਹਰ ਨਿਕਲ ਗਿਆ। ਬਾਜ਼ਾਰ ਜਾ ਕੇ ਉਸ ਨੇ 23 ਇੰਚ ਚੌੜਾ ਤੇ 36 ਇੰਚ ਲੰਮਾ ਇੱਕ ਸਫ਼ੈਦ ਕਾਗਜ਼ ਖ਼ਰੀਦਿਆ ਅਤੇ ਘਰ ਆ ਕੇ ਸਿੱਧਾ ਪਹਿਲੀ ਮੰਜ਼ਿਲ ਦੀ ਲੌਬੀ ਜਾ ਬੈਠਿਆ। ਕਾਗਜ਼ ਫ਼ਰਸ਼ ‘ਤੇ ਵਿਛਾ ਕੇ ਉਹ ਬੜੀ ਦੇਰ ਤਕ ਸੋਚਦਾ ਰਿਹਾ। ਬਹੁਤ ਕੁਝ ਯਾਦ ਆ ਰਿਹਾ ਸੀ ਉਸ ਨੂੰ। ਚਾਰ ਵਰ੍ਹਿਆਂ ਦਾ ਸੀ ਉਹ ਜਦੋਂ ਦੇਸ਼ ਦੀ ਵੰਡ ਹੋਈ ਅਤੇ ਉਨ੍ਹਾਂ ਨੂੰ ਆਪਣਾ ਲਾਇਲਪੁਰ ਵਾਲਾ ਘਰ-ਬਾਰ ਛੱਡ ਕੇ ਭਾਰਤ ਆਉਣਾ ਪਿਆ ਸੀ। ਚਾਰੇ ਪਾਸੇ ਵੱਢ-ਟੁੱਕ ਹੋ ਰਹੀ ਸੀ। ਔਰਤਾਂ ਉਧਾਲੀਆਂ ਜਾ ਰਹੀਆਂ ਸਨ। ਮਾਸੂਮ ਬੱਚੇ ਹਲਾਕ ਕੀਤੇ ਜਾ ਰਹੇ ਸਨ। ਬੇਦੋਸ਼ੇ-ਬੇਸਹਾਰਾ ਲੋਕ ਵੱਢ-ਟੁੱਕ ਕੇ ਸੁੱਟੇ ਜਾ ਰਹੇ ਸਨ। ਹੈਵਾਨੀਅਤ ਵਹਿਸ਼ੀ ਹੋ ਕੇ ਨੱਚ ਰਹੀ ਸੀ। ਉਸ ਨੂੰ ਯਾਦ ਸੀ ਕਿ ਹਾਲਾਂਕਿ ਉਸ ਦੇ ਦਾਦਾ ਜੀ ਅਤੇ ਪਿਤਾ ਜੀ ਨੂੰ ਯਕੀਨ ਸੀ ਕਿ ਉਹ ਪਰਿਵਾਰ ਨੂੰ ਸੁਰੱਖਿਅਤ ਕੱਢ ਲਿਜਾਣਗੇ, ਪਰ ਮਾਂ ਨੇ ਕਈ ਦਿਨ ਗੁੱਡੀ ਨੂੰ ਹਿੱਕ ਨਾਲ ਲਾਈ ਰੱਖਿਆ ਸੀ ਅਤੇ ਗੁਰਚਰਨ ਨੂੰ ਸੱਜੀ ਬਾਂਹ ਹੇਠਾਂ ਲੁਕਾਈ ਰੱਖਿਆ ਸੀ। ਗੁੱਡੀ ਉਦੋਂ ਦੋ ਵਰ੍ਹਿਆਂ ਦੀ ਸੀ ਅਤੇ ਹਰਿਸ਼ਰਨ ਅਜੇ ਕੁੱਖ ਵਿੱਚ ਸੀ। ਖਾਂਦੇ-ਪੀਂਦੇ ਲੋਕ ਸਨ ਉਹ। ਅਸਰ-ਰਸੂਖ ਵੀ ਚੰਗਾ ਸੀ ਉਨ੍ਹਾਂ ਦਾ। ਇਸ ਲਈ ਸੁਰੱਖਿਅਤ ਅੱਗ ਦਾ ਦਰਿਆ ਪਾਰ ਕਰ ਆਏ ਸਨ। ਕੁਝ ਦਿਨ ਆਪਣੇ ਇੱਕ ਰਿਸ਼ਤੇਦਾਰ ਪਾਸ ਜਲੰਧਰ ਠਹਿਰਨ ਮਗਰੋਂ ਉਸ ਦੇ ਪਿਤਾ ਨੂੰ ਅੰਬਾਲੇ ਇੱਕ ਖੁੱਲ੍ਹਾ-ਡੁੱਲ੍ਹਾ ਮਕਾਨ ਅਲਾਟ ਹੋ ਗਿਆ ਸੀ ਅਤੇ ਉਹ ਅੰਬਾਲੇ ਆ ਵਸੇ ਸਨ। ਮਾਂ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਇਹ ਸਭ ਕੀ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ। ਪਿਤਾ ਜੀ ਉਸ ਨੂੰ ਤਸੱਲੀ ਦਿੰਦੇ, ”ਘਬਰਾ ਨਾ, ਹੌਸਲਾ ਰੱਖ। ਥੋੜ੍ਹੇ ਦਿਨਾਂ ਵਿੱਚ ਅਮਨ-ਅਮਾਨ ਹੋ ਜਾਵੇਗਾ ਤੇ ਅਸੀਂ ਆਪਣੇ ਘਰ ਲਾਇਲਪੁਰ ਮੁੜ ਜਾਵਾਂਗੇ।”
ਮਾਂ ਨੂੰ ਅੰਬਾਲਾ ਭੋਰਾ ਵੀ ਪਸੰਦ ਨਹੀਂ ਸੀ। ਕਦੇ ਬਾਜ਼ਾਰ ਜਾਂਦੀ ਤਾਂ ਘਰ ਆ ਕੇ ਝੂਰਦੀ ਕਿ ਕਿੱਥੇ ਆ ਫ਼ਸੇ ਅਸੀਂ। ਕਿੱਥੇ ਲਾਇਲਪੁਰ ਦੇ ਅੱਠ ਬਾਜ਼ਾਰ, ਜੋ ਸਾਰੇ ਘੰਟਾ ਘਰ ਆ ਕੇ ਮਿਲਦੇ ਸਨ ਅਤੇ ਕਿੱਥੇ ਅੰਬਾਲੇ ਦੇ ਭੀੜੇ-ਭੀੜੇ ਬਾਜ਼ਾਰ। ਹਰਿਸ਼ਰਨ ਅੰਬਾਲੇ ਹੀ ਪੈਦਾ ਹੋਇਆ ਸੀ। ਅੰਬਾਲੇ ਦੇ ਸਕੂਲਾਂ-ਕਾਲਜਾਂ ਵਿੱਚ ਹੀ ਤਿੰਨਾਂ ਭੈਣਾਂ-ਭਰਾਵਾਂ ਦੀ ਪੜ੍ਹਾਈ ਹੋਈ। ਬੱਚੇ ਵੱਡੇ ਹੋ ਗਏ ਤਾਂ ਉਨ੍ਹਾਂ ਦੇ ਸ਼ਾਦੀ-ਵਿਆਹ ਕਰ ਦਿੱਤੇ ਗਏ। ਧੀ ਆਪਣੇ ਘਰ ਚਲੀ ਗਈ ਅਤੇ ਨੂੰਹਾਂ ਉਨ੍ਹਾਂ ਦੇ ਘਰ ਆ ਗਈਆਂ। ਕੋਈ ਦਿਨ ਅਜਿਹਾ ਨਹੀਂ ਜਾਂਦਾ ਸੀ ਜਦੋਂ ਮਾਂ ਲਾਇਲਪੁਰ ਨੂੰ ਯਾਦ ਨਾ ਕਰਦੀ ਹੋਵੇ। ਕਦੇ ਪੁੱਤਰਾਂ ਨੂੰ, ਕਦੇ ਨੂੰਹਾਂ ਨੂੰ, ਕਦੇ ਪੋਤਿਆਂ-ਦੋਹਤਿਆਂ ਨੂੰ ਲਾਇਲਪੁਰ ਦੇ ਕਿੱਸੇ ਸੁਣਾਉਂਦੀ ਰਹਿੰਦੀ ਸੀ: ”ਗੋਰਿਆਂ ਨੇ ਵਸਾਇਆ ਸੀ ਸਾਡਾ ਲਾਇਲਪੁਰ। ਸਰ ਚਾਰਲਸ ਜੇਮਜ਼ ਲਾਇਲ ਨੇ ਇੰਗਲੈਂਡ ਦੇ ਝੰਡੇ ਦੀ ਤਰਜ਼ ‘ਤੇ ਬਣਾਇਆ ਸੀ ਨਕਸ਼ਾ ਸ਼ਹਿਰ ਦਾ। ਝੰਡੇ ਦੀਆਂ ਅੱਠ ਪੱਟੀਆਂ ਵਾਂਗ ਅੱਠ ਬਾਜ਼ਾਰ ਬਣਾਏ ਗਏ ਸਨ ਅਤੇ ਉਨ੍ਹਾਂ ਅੱਠਾਂ ਦੇ ਸੰਗਮ ‘ਤੇ ਘੰਟਾ ਘਰ ਬਣਾਇਆ ਗਿਆ ਸੀ। ਘੰਟਾ ਘਰ ਲਈ ਅਬਦੁੱਲਾਪੁਰ ਦੇ ਲੈਂਡਲਾਰਡ ਮੀਆਂ ਪਰਿਵਾਰ ਨੇ ਪੈਸੇ ਇਕੱਠੇ ਕੀਤੇ ਸਨ ਜ਼ਮੀਨਾਂ ਵਾਲਿਆਂ ਪਾਸੋਂ। ਪਹਿਲਾਂ ਤਾਂ ਝੰਗ ਜ਼ਿਲ੍ਹੇ ਦੀ ਤਹਿਸੀਲ ਹੀ ਹੁੰਦਾ ਸੀ ਲਾਇਲਪੁਰ। ਫ਼ਿਰ ਤਰੱਕੀ ਕਰ ਕੇ ਜ਼ਿਲ੍ਹਾ ਬਣ ਗਿਆ ਸੀ।” ਇੱਕ ਦਿਨ ਪਿਤਾ ਜੀ ਸ਼ਾਮ ਨੂੰ ਘਰ ਆਉਂਦੇ ਹੋਏ ਸਮੋਸੇ ਲੈ ਆਏ। ਮਾਂ ਨੇ ਸਮੋਸਾ ਹੱਥ ਫ਼ੜਦਿਆਂ ਹੀ ਆਖਿਆ, ”ਆ ਸਮੋਸੀ ਕਿੱਥੋਂ ਲੈ ਆਏ?” ਫ਼ਿਰ ਆਪੂੰ ਹੀ ਬੋਲੀ, ”ਇੱਥੇ ਤੁਹਾਨੂੰ ਸਮੋਸੇ ਮਿਲਣੇ ਵੀ ਕਿੱਥੇ ਸਨ! ਸਮੋਸੇ ਹੁੰਦੇ ਸੀ ਸਾਡੇ ਲਾਇਲਪੁਰ, ਵੱਡੇ-ਵੱਡੇ ਤੇ ਤੁੰਨ-ਤੁੰਨ ਕੇ ਭਰੇ ਹੋਏ। ਇੱਥੇ ਤਾਂ ਸਮੋਸੀਆਂ ਹੀ ਮਿਲਦੀਆਂ ਹਨ।” ਇਸ ਦੇ ਨਾਲ ਹੀ ਮਾਂ ਨੂੰ ਯਾਦ ਆ ਗਏ ਸਨ ਲਾਇਲਪੁਰ ਦੇ ਗੋਲ-ਗੱਪੇ, ਲਾਇਲਪੁਰ ਦੇ ਦਹੀਂ-ਭੱਲੇ, ਘੰਟਾ ਘਰ ਦੇ ਪਰੌਂਠੇ ਅਤੇ ਰੱਬ ਜਾਣੇ ਹੋਰ ਕੀ ਕੁਝ। ਮਾਂ ਦਾ ਪੇਕਾ ਵੀ ਲਾਇਲਪੁਰ ਸੀ ਅਤੇ ਸਹੁਰਾ ਘਰ ਵੀ। ਉਹ ਉੱਥੇ ਹੀ ਜੰਮੀ, ਉੱਥੇ ਹੀ ਪਲੀ, ਉੱਥੇ ਹੀ ਅੱਠਵੀਂ ਤਕ ਸਕੂਲ ਵੀ ਗਈ ਅਤੇ ਉੱਥੇ ਹੀ ਵਿਆਹੀ ਗਈ। ਦੇਸ਼ ਦੀ ਵੰਡ ਹੋਈ ਤਾਂ ਲਾਇਲਪੁਰ ਤਾਂ ਉੱਥੇ ਪਿੱਛੇ ਹੀ ਰਹਿ ਗਿਆ, ਪਰ ਲਾਇਲਪੁਰ ਦੇ ਕਚਹਿਰੀ ਬਾਜ਼ਾਰ, ਰੇਲ ਬਾਜ਼ਾਰ, ਝੰਗ ਬਾਜ਼ਾਰ, ਸੂਤਰ ਮੰਡੀ, ਕੰਪਨੀ ਬਾਗ ਅਤੇ ਕਿੰਨੇ ਹੀ ਗਲੀਆਂ-ਮੁਹੱਲੇ ਮਾਂ ਆਪਣੇ ਦਿਮਾਗ਼ ਵਿੱਚ ਚੁੱਕ ਲਿਆਈ ਸੀ ਆਪਣੇ ਨਾਲ, ਜਿਨ੍ਹਾਂ ਵਿੱਚ ਉਹ ਆਪ ਵੀ ਘੁੰਮਦੀ ਰਹਿੰਦੀ ਸੀ ਅਤੇ ਆਪਣੇ ਬੱਚਿਆਂ ਨੂੰ ਵੀ ਘੁੰਮਾਉਂਦੀ ਰਹਿੰਦੀ ਸੀ। ਗੁਰਚਰਨ ਦਾਸ ਨੂੰ ਆਪਣੇ ਬਚਪਨ ਦਾ ਲਾਇਲਪੁਰ ਕੁਝ ਖ਼ਾਸ ਯਾਦ ਨਹੀਂ ਸੀ; ਪਰ ਮਾਂ ਆਪਣੀਆਂ ਗੱਲਾਂ ਦੇ ਘਨੇੜੇ ਚਾੜ੍ਹ ਕੇ, ਪਿਛਲੇ ਸੱਠਾਂ ਸਾਲਾਂ ਵਿੱਚ, ਇੰਨੀ ਵਾਰੀ ਉਸ ਨੂੰ ਲਾਇਲਪੁਰ ਦੇ ਗਲੀਆਂ-ਬਾਜ਼ਾਰਾਂ ਵਿੱਚ ਘੁੰਮਾ ਚੁੱਕੀ ਸੀ ਕਿ ਉਸ ਨੂੰ ਜਾਪਣ ਲੱਗ ਪਿਆ ਸੀ ਜਿਵੇਂ ਉਸ ਨੇ ਚਾਰ ਸਾਲ ਦੀ ਉਮਰੇ ਨਹੀਂ, ਚਾਲੀ ਸਾਲ ਦੀ ਉਮਰੇ ਲਾਇਲਪੁਰ ਛੱਡਿਆ ਸੀ। ਲਾਇਲਪੁਰ ਦੀ ਗੱਲ ਤਾਂ ਅਕਸਰ ਦਾਦਾ ਜੀ ਅਤੇ ਪਿਤਾ ਜੀ ਵੀ ਕਰਦੇ ਸਨ, ਪਰ ਮਾਂ ਵਾਂਗ ਨਹੀਂ। ਮਾਂ ਤਾਂ ਹਰ ਚੀਜ਼ ਨੂੰ, ਹਰ ਘਟਨਾ ਨੂੰ, ਖਾਣ-ਪੀਣ ਦੀ ਹਰ ਵਸਤ ਨੂੰ, ਕੱਪੜੇ-ਲੀੜੇ, ਗਹਿਣੇ-ਗੱਟੇ ਤਕ ਨੂੰ ਲਾਇਲਪੁਰ ਨਾਲ ਲਿਜਾ ਜੋੜਦੀ ਸੀ। ”ਹੁੰਦਾ ਸਾਡਾ ਲਾਇਲਪੁਰ ਤਾਂ ਮੈਂ ਵੇਖਦੀ ਕਿਵੇਂ ਹਟਵਾਣੀਆਂ ਬਣਾ ਦਿੰਦਾ ਪੌਣੇ ਤਿੰਨ ਮੀਟਰ ਦਾ ਤਿੰਨ ਮੀਟਰ, ਢਹਿ ਪੈਣਾ।” ”ਹੁੰਦਾ ਸਾਡਾ ਲਾਇਲਪੁਰ” ਅਤੇ ”ਸਾਡੇ ਲਾਇਲਪੁਰ ਵਿੱਚ” ਮਾਂ ਦਾ ਤਕੀਆ ਕਲਾਮ ਹੀ ਬਣ ਗਿਆ ਸੀ। ਮਾਂ ਦਾ ਬੜਾ ਜੀਅ ਕਰਦਾ ਸੀ ਕਿ ਕੋਈ ਉਸ ਨੂੰ ਇੱਕ ਵਾਰੀ ਲਿਜਾ ਕੇ ਉਸ ਦਾ ਲਾਇਲਪੁਰ ਵਾਲਾ ਘਰ ਵਿਖਾ ਲਿਆਵੇ। ਉਹ ਤਾਂ ਮਰਨਾ ਵੀ ਉਸੇ ਮਕਾਨ ‘ਚ ਚਾਹੁੰਦੀ ਸੀ, ”ਜਿਸ ਘਰ ਮੇਰੀ ਡੋਲੀ ਉਤਰੀ, ਕਾਸ਼! ਮੇਰੀ ਅਰਥੀ ਵੀ ਉਸੇ ਘਰੋਂ ਉੱਠੇ।” ਪਰ ਉਸ ਦੀ ਇਹ ਹਸਰਤ, ਹਸਰਤ ਹੀ ਰਹਿ ਗਈ ਸੀ। ਗੁਰਚਰਨ ਦਾਸ ਨੇ ਇੱਕ ਲੰਮਾ ਹ?ੁਕਾ ਭਰਿਆ, ਬੋਝੇ ਵਿੱਚੋਂ ਪੈੱਨ ਕੱਢਿਆ ਅਤੇ ਫ਼ਰਸ਼ ‘ਤੇ ਵਿਛਾਏ ਕਾਗਜ਼ ‘ਤੇ ਲਕੀਰਾਂ ਵਾਹੁਣ ਲੱਗਾ। ਕਾਗਜ਼ ਦੇ ਐਨ ਵਿੱਚਕਾਰ ਉਸ ਨੇ ਘੰਟਾ ਘਰ ਬਣਾ ਕੇ ਉਸ ਵਿੱਚੋਂ ਅੱਠ ਸੜਕਾਂ ਕੱਢੀਆਂ। ਕਾਗਜ਼ ‘ਤੇ ਇੱਕ ਪਾਸੇ ਝਨਾਂ ਅਤੇ ਦੂਜੇ ਪਾਸੇ ਰਾਵੀ ਬਣਾਈ। ਐਗਰੀਕਲਚਰ ਕਾਲਜ ਦੀ ਇਮਾਰਤ ਬਣਾਈ, ਲਾਇਲਪੁਰ ਕਾਟਨ ਮਿੱਲ ਬਣਾਈ ਅਤੇ ਸਰਕੂਲਰ ਰੋਡ ਵਾਲਾ ਆਪਣਾ ਘਰ ਬਣਾਇਆ। ਘਰ ਦਾ ਵਿਹੜਾ, ਕਮਰੇ, ਦਲਾਨ, ਵਰਾਂਡੇ ਬਣਾਏ, ਜੋ ਉਸ ਨੂੰ ਆਪ ਨੂੰ ਤਾਂ ਚੰਗੀ ਤਰ੍ਹਾਂ ਯਾਦ ਨਹੀਂ ਸਨ, ਪਰ ਮਾਂ ਨੇ ਪਿਛਲੇ ਸੱਠ ਵਰ੍ਹੇ ਘਰ ਦੇ ਕੋਨੇ-ਕੋਨੇ ਵਿੱਚ ਇੰਨਾ ਘੁੰਮਾਇਆ ਸੀ ਕਿ ਉਸ ਨੂੰ ਜਾਪਣ ਲੱਗਾ ਸੀ ਜਿਵੇਂ ਇਹ ਸਭ ਕੁਝ ਉਸ ਦੀ ਆਪਣੀ ਯਾਦਦਾਸ਼ਤ ਅੰਦਰ ਜੀਵਤ ਪਿਆ ਸੀ। ਹੇਠਾਂ ਘਰ ਦੇ ਸਾਰੇ ਲੋਕ ਹੈਰਾਨ ਸਨ ਕਿ ਉਹ ਉੱਤੇ ਬੈਠਾ ਕਰੀ ਕੀ ਜਾ ਰਿਹਾ ਹੈ, ਪਰ ਇਹੋ ਸੋਚਦੇ ਰਹੇ ਕਿ ਹੁਣੇ ਉਤਰ ਆਵੇਗਾ। ਰਾਤ ਦੇ ਗਿਆਰਾਂ ਵੱਜ ਗਏ ਤਾਂ ਹਰਿਸ਼ਰਨ ਦਾਸ ਨੂੰ ਚਿੰਤਾ ਹੋਈ ਅਤੇ ਉਹ ਉੱਠ ਕੇ ਉਪਰ ਆ ਗਿਆ। ਗੁਰਚਰਨ ਦਾਸ ਨਕਸ਼ਾ ਪੂਰਾ ਕਰ ਚੁੱਕਾ ਸੀ ਅਤੇ ਹੁਣ ਉਸ ਨੂੰ ਗਹੁ ਨਾਲ ਵੇਖ ਰਿਹਾ ਸੀ ਕਿ ਕਿਧਰੇ ਕੁਝ ਵਾਹੁਣੋਂ ਤਾਂ ਨਹੀਂ ਰਹਿ ਗਿਆ ਸੀ। ਹਰਿਸ਼ਰਨ ਨੇ ਪੁੱਛਿਆ, ”ਇਹ ਕੀ ਹੋ ਰਿਹੈ ਭਾਪਾ ਜੀ?” ”ਤੂੰ ਦੱਸ, ਇਹ ਕੀ ਹੈ?” ਜਵਾਬ ਦੇਣ ਦੀ ਥਾਂ ‘ਤੇ ਸਵਾਲ ਕੀਤਾ ਗੁਰਚਰਨ ਨੇ।
”ਮੈਨੂੰ ਤਾਂ ਸਮਝ ਨਹੀਂ ਪੈ ਰਹੀ। ਕਿਸੇ ਸ਼ਹਿਰ ਦਾ ਨਕਸ਼ਾ ਜਾਪ ਰਿਹਾ ਹੈ।”
”ਹਾਂ, ਇਹ ਮਾਂ ਦੇ ਲਾਇਲਪੁਰ ਦਾ ਨਕਸ਼ਾ।”
”ਕਿਉਂ ਬਣਾਇਆ ਹੈ ਇਸ ਵੇਲੇ?”
”ਦੱਸਾਂਗਾ।”
ਨਕਸ਼ਾ ਰੋਲ ਕਰ ਕੇ ਉਸ ‘ਤੇ ਰਬੜ ਬੈਂਡ ਲਗਾਇਆ ਗੁਰਚਰਨ ਨੇ ਅਤੇ ਟੇਬਲ ਉੱਤੇ ਰੱਖ ਦਿੱਤਾ।
”ਆ, ਹੇਠਾਂ ਚਲਦੇ ਹਾਂ।” ਕਰਤਾਰ ਦੇਈ ਨੇ ਕਿਉਂਕਿ ਸੂਰਜ ਛਿਪੇ ਮਗਰੋਂ ਪ੍ਰਾਣ ਤਿਆਗੇ ਸਨ। ਇਸ ਲਈ ਉਸ ਦਾ ਸਸਕਾਰ ਅਗਲੇ ਦਿਨ ਹੀ ਸੰਭਵ ਸੀ। ਸਾਰੀ ਰਾਤ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੇਹ ਦੇ ਆਲੇ-ਦੁਆਲੇ ਬੈਠੇ ਗੀਤਾ-ਰਮਾਇਣ ਦਾ ਪਾਠ ਕਰਦੇ ਰਹੇ, ਮਾਂ ਦੀਆਂ ਗੱਲਾਂ ਕਰਦੇ ਰਹੇ ਅਤੇ ਵਿੱਚ-ਵਿੱਚ ?ੂਂਘਦੇ ਵੀ ਰਹੇ। ਸਸਕਾਰ ਲ?ੀ ਸਵੇਰੇ ਦਸ ਵਜੇ ਦਾ ਸਮਾਂ ਨਿਸ਼ਚਿਤ ਹੋਇਆ। ਬਹੁਤ ਲੰਮਾ ਜਲੂਸ ਤੁਰਿਆ ਮਾਂ ਦੀ ਅਰਥੀ ਦੇ ਮਗਰ-ਮਗਰ। ਗੁਰਚਰਨ ਅਤੇ ਹਰਿਸ਼ਰਨ ਦੇ ਮਿਲਣ-ਮਿਲਾਉਣ ਵਾਲੇ, ਦੂਰ-ਨੇੜੇ ਦੇ ਰਿਸ਼ਤੇਦਾਰ, ਪੋਤਰਿਆਂ ਦੇ ਮਿੱਤਰ-ਦੋਸਤ ਸਭ ਗਏ ਮਾਂ ਨੂੰ ਸ਼ਮਸ਼ਾਨ ਪਹੁੰਚਾਉਣ ਲਈ। ਸ਼ਮਸ਼ਾਨ ਦੇ ਪੰਡਿਤ ਨੇ ਚਿਤਾ ਤਿਆਰ ਕਰ ਰੱਖੀ ਸੀ। ਮੋਢਿਆਂ ?ੁਪਰੋਂ ਲਾਹ ਕੇ ਅਰਥੀ ਚਿਤਾ ਦੇ ਬਰਾਬਰ ਜ਼ਮੀਨ ‘ਤੇ ਰੱਖੀ ਗਈ ਅਤੇ ਮਾਂ ਦੀ ਦੇਹੀ ‘ਤੇ ਚੜ੍ਹਾਈਆਂ ਗਈਆਂ ਚਾਦਰਾਂ, ਸ਼ਾਲ, ਫ਼ੁੱਲਾਂ ਦੇ ਹਾਰ ਲਾਹ ਕੇ ਚਿਤਾ ਦੇ ਇੱਕ ਪਾਸੇ ਰੱਖ ਦਿੱਤੇ ਗਏ। ਦੇਹ ‘ਤੇ ਬੱਝੀਆਂ ਰੱਸੀਆਂ ਖੋਲ੍ਹ ਦਿੱਤੀਆਂ ਗਈਆਂ, ਪਰ ਜਦੋਂ ਦੇਹ ਨੂੰ ਚੁੱਕ ਕੇ ਚਿਤਾ ‘ਤੇ ਰੱਖਣ ਲੱਗੇ ਤਾਂ ਗੁਰਚਰਨ ਨੇ ਰੋਕ ਦਿੱਤਾ। ”ਇੱਕ ਮਿੰਟ ਰੁਕੋ ਪੰਡਿਤ ਜੀ,” ਆਖ ਕੇ ਉਸ ਨੇ ਕਾਗਜ਼ ਦੇ ਰੋਲ ਤੋਂ ਰਬੜ ਬੈਂਡ ਉਤਾਰਿਆ ਅਤੇ ਕਾਗਜ਼ ਚਿਤਾ ‘ਤੇ ਵਿਛਾ ਦਿੱਤਾ। ਸਭ ਲੋਕ ਹੈਰਾਨੀ ਨਾਲ ਉਸ ਨੂੰ ਵੇਖ ਰਹੇ ਸਨ ਕਿ ਉਸ ਨੇ ਆਖਿਆ, ”ਆ ਅੰਮੜੀਏ” ਅਤੇ ਦੋਵੇਂ ਹੱਥਾਂ ਨਾਲ ਚੁੱਕ ਕੇ ਮਾਂ ਨੂੰ ਨਕਸ਼ੇ ਉਪਰ ਲਿਟਾ ਦਿੱਤਾ। ਪੰਡਿਤ ਨੇ ਮਾਂ ਦਾ ਸਰੀਰ ਮੋਟੀਆਂ-ਮੋਟੀਆਂ ਲੱਕੜਾਂ ਨਾਲ ਢੱਕ ਦਿੱਤਾ ਅਤੇ ਵੱਡੇ ਪੋਤਰੇ ਪਾਸੋਂ ਮੁੱਖ-ਅਗਨੀ ਦਿਵਾ ਦਿੱਤੀ। ਲਟ-ਲਟ ਮੱਚ ਰਹੀ ਚਿਤਾ ਦੇ ਆਲੇ-ਦੁਆਲੇ ਖਲੋਤੇ ਲੋਕ ਕਪਾਲ-ਕਿਰਿਆ ਲਈ ਖੋਪੜੀ ਦੇ ਤਿਆਰ ਹੋਣ ਦੀ ਉਡੀਕ ਕਰ ਰਹੇ ਸਨ ਤਾਂ ਗੁਰਚਰਨ ਦਾਸ ਇੱਕ ਨੁੱਕਰੇ ਜਾ ਖਲੋਤਾ। ਉਸ ਦੀਆਂ ਨਜ਼ਰਾਂ ਮਾਂ ਦੀ ਜਲ ਰਹੀ ਚਿਤਾ ‘ਤੇ ਟਿਕੀਆਂ ਹੋਈਆਂ ਸਨ। ਹਰਿਸ਼ਰਨ ਨੇ ਕੋਲ ਜਾ ਕੇ ਪੁੱਛਿਆ, ”ਭਾਪਾ ਜੀ?” ”ਹਾਂ ਹਰਿਸ਼ਰਨ, ਮੈਂ ਸਾੜ ਦਿੱਤਾ ਮਾਂ ਦੇ ਨਾਲ ਹੀ ਮਾਂ ਦਾ ਲਾਇਲਪੁਰ। ਸੱਠ ਵਰ੍ਹਿਆਂ ਤੋਂ ਹਰ ਦਿਨ ਇਸੇ ਸ਼ਹਿਰ ਦੇ ਗਲੀਆਂ-ਬਾਜ਼ਾਰਾਂ ਵਿੱਚ ਘੁੰਮ ਰਹੀ ਸੀ ਮਾਂ। ਕੋਈ ਦਿਨ ਅਜਿਹਾ ਨਹੀਂ ਜਾਂਦਾ ਸੀ, ਜਦੋਂ ਸਾਡੇ ਘਰ ‘ਚ ਲਾਇਲਪੁਰ ਦੀ ਗੱਲ ਨਾ ਹੁੰਦੀ ਹੋਵੇ। ਹੁਣ ਲਾਇਲਪੁਰ ਵੀ ਗਿਆ ਮਾਂ ਦੇ ਨਾਲ। ਹੁਣ ਸਾਡੇ ਘਰ ਕੋਈ ਲਾਇਲਪੁਰ ਬਾਰੇ ਗੱਲ ਨਹੀਂ ਕਰੇਗਾ।” ਭੁੱਬਾਂ ਮਾਰ ਕੇ ਰੋ ਪਏ ਦੋਵੇਂ ਭਰਾ। ਗੁਰਚਰਨ ਨੇ ਖਿੱਚ ਕੇ ਛੋਟੇ ਭਰਾ ਨੂੰ ਹਿੱਕ ਨਾਲ ਲਾ ਲਿਆ।
– ਡਾ. ਨਰੇਸ਼















