ਦੁਨੀਆਂ ਇਸ ਵਕਤ ਖ਼ੁਸ਼ ਰਹਿਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ, ਪਰ ਅਸੀਂ ਤੁਹਾਨੂੰ ਕੁਝ ਹੱਦ ਤਕ ਚਿੰਤਾਜਨਕ ਮੂਡ ‘ਚ ਦੇਖ ਰਹੇ ਹਾਂ। ਤੁਸੀਂ ਉਨ੍ਹਾਂ ਸਾਰੇ ਕਾਰਕਾਂ ਤੋਂ ਭਲੀ ਪ੍ਰਕਾਰ ਜਾਣੂ ਹੋ ਜੋ ਪ੍ਰਤੱਖ ਤੌਰ ‘ਤੇ ਹਾਲ ਦੀ ਘੜੀ ਬਿਲਕੁਲ ਵੀ ਉਸ ਤਰ੍ਹਾਂ ਨਹੀਂ ਹੋ ਸਕਦੇ ਜਿਵੇਂ ਤੁਸੀਂ ਕਾਮਨਾ ਕਰਦੇ ਸੀ ਕਿ ਉਹ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਹੁੰਦੇ। ਇਸੇ ਲਈ ਤੁਹਾਨੂੰ ਬਹੁਤ ਜ਼ਿਆਦਾ ਉਤਸ਼ਾਹ ਦਿਖਾਉਣ ਔਖਾ ਲੱਗ ਰਿਹਾ ਹੈ। ਤੁਸੀਂ ਦਿਖਾਵਾ ਕਰਨ ਤੋਂ ਝਿਜਕਦੇ ਹੋ, ਪਰ ਜੇ ਤੁਸੀਂ ਆਪਣੇ ਕਿਸੇ ਨਜ਼ਦੀਕੀ ਨਿੱਜੀ ਰਿਸ਼ਤੇ ਦੇ ਸੁਭਾਅ ਨੂੰ ਇੰਝ ਬਦਲਣਾ ਚਾਹੁੰਦੇ ਹੋ ਕਿ ਉਹ ਤੁਹਾਡੀਆਂ ਲੋੜਾਂ ਅਨੁਸਾਰ ਢੱਲ ਜਾਵੇ ਤਾਂ ਸਿਆਣਿਆਂ ਦੀ ਉਸ ਪੁਰਾਣੀ ਕਹਾਵਤ ਨੂੰ ਹਮੇਸ਼ਾ ਚੇਤੇ ਰੱਖੋ: ਜਦੋਂ ਤਕ ਕਾਮਯਾਬ ਨਾ ਹੋ ਜਾਓ, ਕਾਮਯਾਬ ਹੋਣ ਦਾ ਨਾਟਕ ਕਰਦੇ ਰਹੋ। ਅਤੇ ਤੁਹਾਡੇ ਮਾਮਾਲੇ ‘ਚ ਵੀ ਇਹ ਜ਼ਰੂਰ ਕੰਮ ਕਰੇਗੀ।
ਪੁਰਾਣੇ ਜ਼ਮਾਨੇ ‘ਚ, ਸਾਡੇ ਸੰਸਾਰ ਦੇ ਇੱਕ ਗਿਆਨਵਾਨ ਸਥਾਨ ਬਣਨ ਤੋਂ ਪਹਿਲਾਂ, ਲੋਕ ਇਸ ਗੱਲ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਦੇ ਹੁੰਦੇ ਸਨ ਕਿ ਦੂਸਰੇ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ। ਇਸ ਲਈ ਸਾਰੇ ਕੰਮ ਦੂਸਰਿਆਂ ਦੀ ਰੀਸੋ-ਰੀਸੀ ਅਤੇ ਦਿਖਾਵੇ ਲਈ ਕੀਤੇ ਜਾਂਦੇ ਸਨ। ਕਿਸੇ ਵੀ ਕਾਰਜ ਨੂੰ ਅੰਜਾਮ ਤਕ ਪਹੁੰਚਾਉਣ ਤੋਂ ਪਹਿਲਾਂ ਅਸੀਂ ਗੁਆਂਢੀਆਂ ਦੇ ਖ਼ਿਆਲਾਂ ਬਾਰੇ ਸੋਚਦੇ ਸੀ। ਸਮਾਜਕ ਸਾਖ ਸਾਡੇ ਲਈ ਬਹੁਤ ਮਾਇਨਾ ਰੱਖਦੀ ਸੀ। ਫ਼ਿਰ ਸਾਨੂੰ ਪਤਾ ਲੱਗਾ ਕਿ ਅਸੀਂ ਸਾਰੇ, ਆਪੋ-ਆਪਣੇ ਅੰਦਾਜ਼ ‘ਚ, ਇੱਕ ਦੂਸਰੇ ਵਰਗੇ ਹੀ ਭੈੜੇ, ਪਾਗਲ, ਤਰਕਹੀਣ, ਗ਼ੈਰ-ਵਾਜਬ, ਪਾਖੰਡੀ ਅਤੇ ਅਸੰਗਤ ਹਾਂ। ਉਸ ਲਈ ਹਰਗਿਜ਼ ਮੁਆਫ਼ੀ ਨਾ ਮੰਗੋ ਜੋ ਤੁਸੀਂ ਨਹੀਂ। ਜੋ ਤੁਸੀਂ ਹੋ ਉਸ ‘ਤੇ ਮਾਣ ਕਰੋ ਅਤੇ ਜੋ ਤੁਸੀਂ ਬਣਨ ਜਾ ਰਹੇ ਹੋ, ਉਸ ‘ਤੇ ਹੋਰ ਵੀ ਜ਼ਿਆਦਾ।
ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਕਲਪਨਾ, ਵਚਨਬੱਧਤਾ, ਮਿਹਨਤ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਹਾਸਿਲ ਕਰਨਾ ਕਿੰਨਾ ਕੁ ਔਖਾ ਹੈ? ਬਹੁਤ ਜੇਕਰ ਤੁਸੀਂ ਪ੍ਰੇਰਿਤ ਨਹੀਂ। ਪਰ ਜੇਕਰ ਤੁਹਾਡੇ ਕੋਲ ਜਨੂੰਨ, ਪਿਆਰ, ਉਤਸ਼ਾਹ ਅਤੇ ਕਦਰ ਕਰਨ ਦੀ ਕਾਬਲੀਅਤ ਹੈ ਤਾਂ ਬਿਲਕੁਲ ਵੀ ਨਹੀਂ। ਇਸ ਲਈ, ਇਹ ਸੋਚੋ ਕਿ ਜੇ ਤੁਸੀਂ ਪ੍ਰੇਰਿਤ ਹੋ ਤਾਂ ਤੁਸੀਂ ਉੱਪਰ ਬਿਆਨ ਕੀਤੇ ਸਾਰੇ ਗੁਣਾਂ ਦਾ ਕੀ ਕਰ ਸਕਦੇ ਹੋ? ਤੁਸੀਂ ਉਨ੍ਹਾਂ ਨਾਲ ਕੀ ਸਿਰਜ ਸਕਦੇ ਹੋ? ਤੁਸੀਂ ਉਨ੍ਹਾਂ ਨੂੰ ਕਿਸ ਚੀਜ਼ ‘ਚ ਬਦਲ ਸਕਦੇ ਹੋ? ਜਿਹੜੀ ਵੀ ਸ਼ੈਅ ‘ਚ ਤੁਸੀਂ ਉਸ ਨੂੰ ਤਬਦੀਲ ਕਰਨਾ ਚਾਹੋ … ਅਤੇ ਜੇ ਤੁਸੀਂ ਚਾਹੋ ਤਾਂ ਕਿਸੇ ਵੀ ਚੀਜ਼ ‘ਚ ਨਹੀਂ। ਉਹ ਕਿਸੇ ਅੰਤ ਤਕ ਪਹੁੰਚਣ ਦਾ ਇੱਕ ਸਾਧਨ ਨਹੀਂ। ਉਹ ਆਪਣੇ ਆਪ ‘ਚ ਇੱਕ ਅੰਤ ਹਨ। ਜੋ ਤੁਹਾਨੂੰ ਪ੍ਰੇਰਿਤ ਕਰਦਾ ਹੈ, ਤੁਹਾਨੂੰ ਉਸ ਤਕ ਪਹੁੰਚ ਕਰਨ ਦੀ ਲੋੜ ਹੈ। ਫ਼ਿਰ ਤੁਹਾਨੂੰ ਜੋ ਚਾਹੀਦਾ ਹੈ, ਉਹ ਤੁਹਾਨੂੰ ਖ਼ੁਦ-ਬ-ਖ਼ੁਦ ਮਿਲ ਜਾਣੈ।
ਇਸ ਸੰਸਾਰ ‘ਚ ਇੰਨੇ ਸਾਰੇ ਬਿਊਟੀ ਪਾਰਲਰਜ਼ ਕਿਓਂ ਹਨ? ਇੰਨੇ ਸਾਰੇ ਲੋਸ਼ਨ., ਤਰਲ ਪਦਾਰਥ ਅਤੇ ਕੌਸਮੈਟਿਕ ਕਾਊਂਟਰਜ਼ ਕਿਓਂ? ਸਾਡੀਆਂ ਚਮੜੀਆਂ ਨੂੰ ਟੈਨ ਕਰਨ ਵਾਲੇ ਇੰਨੇ ਸਾਰੇ ਟੈਨਿੰਗ ਬੈੱਡਜ਼ ਅਤੇ ਸਪੈਸ਼ਲ ਔਸ਼ਧੀਆਂ? ਇਸ ਧਰਤੀ ‘ਤੇ ਲੱਖਾਂ ਅਜਿਹੇ ਲੋਕ ਹੋਣਗੇ ਜੋ ਆਪਣੀ ਅਸਲੀ, ਕੁਦਰਤ ਵਲੋਂ ਬਖ਼ਸ਼ੀ ਦਿੱਖ ਨੂੰ ਪਸੰਦ ਨਹੀਂ ਕਰਦੇ, ਪਰ ਉਨ੍ਹਾਂ ਦੀ ਇਸ ਸਮੱਸਿਆ ਨੂੰ ਠੀਕ ਕਰਨਾ ਸੁੰਦਰਤਾ ਉਦਯੋਗ ਦੇ ਹਿੱਤ ‘ਚ ਨਹੀਂ। ਜੇ ਅਚਾਨਕ ਅਸੀਂ ਸਾਰੇ ਆਤਮ-ਵਿਸ਼ਵਾਸ ਨਾਲ ਭਰਪੂਰ ਹੋ ਜਾਈਏ ਅਤੇ ਸਿਰਫ਼ ਆਪਣੇ ਅੰਦਰਲੇ ਪਿਆਰ ਨੂੰ ਹੀ ਚਮਕਣ ਦੇਣ ਦਾ ਫ਼ੈਸਲਾ ਕਰ ਲਈਏ ਤਾਂ ਬਹੁ-ਰਾਸ਼ਟਰੀ ਕੌਰਪੋਰੇਸ਼ਨਾਂ ਤਾਂ ਰਾਤੋ-ਰਾਤ ਢਹਿ-ਢੇਰੀ ਹੋ ਜਾਣਗੀਆਂ। ਪਰ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਤੁਸੀਂ ਸੰਪੂਰਨਤਾ ‘ਚ ਸੁਧਾਰ ਨਹੀਂ ਕਰ ਸਕਦੇ।
ਕਹਿੰਦੇ ਨੇ, “ਕਿਸੇ ਨਾਲ ਸਾਂਝੀ ਕੀਤੀ ਸਮੱਸਿਆ ਅੱਧੀ ਰਹਿ ਜਾਂਦੀ ਹੈ।”ਪਰ ਯਕੀਨਨ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਸੀਂ ਉਸ ਨੂੰ ਕਿਸ ਨਾਲ ਸਾਂਝੀ ਕਰਦੇ ਹੋ। ਕੁਝ ਲੋਕ, ਇੰਝ ਲਗਦੈ, ਜਿਓਂ ਹੀ ਮੁਸ਼ਕਿਲਾਂ ਨੂੰ ਦੇਖਣਾ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਕਈ ਗੁਣਾ ਵਧਾ ਦਿੰਦੇ ਨੇ। ਇਸ ਬਾਰੇ ਸਾਵਧਾਨ ਰਹੋ ਕਿ ਤੁਸੀਂ ਕਿਸ ਨਾਲ ਗੱਲ ਕਰਦੇ ਹੋ ਅਤੇ ਤੁਸੀਂ ਕੀ ਕਹਿੰਦੇ ਹੋ। ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਭਾਵਨਾਤਮਕ ਜੀਵਨ ਵਿਚਲੀ ਸਥਿਤੀ ਨੂੰ ਕੇਵਲ ਆਪਣੇ ਤਕ ਹੀ ਸੀਮਿਤ ਨਾ ਰੱਖੋ। ਜੇਕਰ ਤੁਸੀਂ ਉਸ ਵੱਲ ਕਿਸੇ ਸਹੀ ਵਿਅਕਤੀ ਦਾ ਧਿਆਨ ਖਿੱਚਣ ਦੀ ਹਿੰਮਤ ਦਿਖਾ ਸਕੋ ਤਾਂ ਤੁਸੀਂ ਆਪਣੀ ਮੁਸ਼ਕਿਲ ਨੂੰ ਸਿਰਫ਼ ਵੰਡੋਗੇ ਹੀ ਨਹੀਂ, ਤੁਸੀਂ ਉਸ ਤੋਂ ਪੂਰੀ ਤਰ੍ਹਾਂ ਨਿਜਾਤ ਪਾ ਲਓਗੇ।














