ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1502

ਸੜਕਾਂ ਬਾਰੇ ਸੋਚੋ। ਕਈ ਵਾਰ ਸੜਕ ਦਾ ਕੋਈ ਨਾ ਕੋਈ-ਕੋਈ ਟੁਕੜਾ ਸਦਾ ਲਈ ਕਿਸੇ ਅਜਿਹੇ ਰਸਤੇ ‘ਤੇ ਲਗਾਤਾਰ ਵਗਦਾ ਤੁਰਿਆ ਜਾਂਦਾ ਹੈ ਜਿਸ ‘ਤੇ ਮੁਸ਼ਕਿਲ ਨਾਲ ਹੀ ਕੋਈ ਮੋੜ, ਕੋਈ ਕਰਵ ਜਾਂ ਇੱਥੋਂ ਤਕ ਕਿ ਕੋਈ ਹੋਰ ਦੂਸਰੀ ਕਾਰ ਆਦਿ ਨਜ਼ਰੀਂ ਪੈਂਦੇ ਹੋਣ। ਜ਼ਿਆਦਾਤਰ, ਹਾਲਾਂਕਿ, ਅਸੀਂ ਖ਼ੁਦ ਨੂੰ ਸ਼ਹਿਰਾਂ ‘ਚ ਹੀ ਘੁੰਮਦੇ ਪਾਉਂਦੇ ਹਾਂ ਜਿੱਥੇ ਸਾਡੀ ਗਤੀ ਟ੍ਰੈਫ਼ਿਕ ਦੀ ਰਫ਼ਤਾਰ ਅਤੇ ਟ੍ਰੈਫ਼ਿਕ ਲਾਈਟਾਂ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ਜਿਨ੍ਹਾਂ ‘ਤੇ ਸਾਡਾ ਕੋਈ ਨਿਯੰਤਰਣ ਨਹੀਂ ਹੁੰਦਾ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਅਜਿਹਾ ਲਗਦਾ ਹੈ ਜਿਵੇਂ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਿਸੇ ਚੀਜ਼ ਕਾਰਨ ਅਟਕੇ ਖੜ੍ਹੇ ਹੋ, ਜਿਵੇਂ ਕਿਸੇ ਟ੍ਰੈਫ਼ਿਕ ਸਿਗਨਲ ਦੇ ਹਰਾ ਹੋਣ ਦੀ ਉਡੀਕ ‘ਚ। ਜਿੰਨਾ ਤੁਸੀਂ ਸੋਚਦੇ ਹੋ, ਉਸ ਤੋਂ ਕਿਤੇ ਜਲਦੀ ਤੁਹਾਡੇ ਕੋਲ ਇੱਕ ਵਾਰ ਫ਼ਿਰ ਆਪਣੇ ਰਾਹ ‘ਤੇ ਅੱਗੇ ਵਧਣ ਦੀ ਆਜ਼ਾਦੀ ਹੋਵੇਗੀ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕਿਸ ਦਿਸ਼ਾ ‘ਚ ਜਾਣ ਦੀ ਲੋੜ ਹੈ। ਥੋੜ੍ਹੇ ਸਮੇਂ ‘ਚ ਬਹੁਤ ਜ਼ਿਆਦਾ ਰਸਤਾ ਕਵਰ ਕਰਨ ਲਈ ਤਿਆਰ ਰਹੋ।

ਕਈ ਵਾਰ, ਜਦੋਂ ਤੁਸੀਂ ਕੋਈ ਸਹੀ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ ਤਾਂ ਤੁਹਾਨੂੰ ਉਸ ਦਾ ਗ਼ਲਤ ਨਤੀਜਾ ਮਿਲਦਾ ਹੈ। ਪਰ ਇਸ ਦਾ, ਹਾਲਾਂਕਿ, ਇਹ ਮਤਲਬ ਹਰਗਿਜ਼ ਨਹੀਂ ਕਿ ਤੁਸੀਂ ਕੋਈ ਗ਼ਲਤ ਕਦਮ ਚੁੱਕ ਕੇ ਸਹੀ ਨਤੀਜਾ ਪ੍ਰਾਪਤ ਕਰ ਲਵੋਗੇ! ਹੁਣ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਵੇਂ ਤੁਸੀਂ ਇੱਕ ਗੋਲ ਚੱਕਰ ਨੂੰ ਇੱਕ ਵਰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਵੋ ਜਾਂ ਫ਼ਿਰ ਸੌਖੀ ਭਾਸ਼ਾ ‘ਚ ਅਸੰਭਵ ਨੂੰ ਸੰਭਵ ਬਣਾਉਣ ਦਾ ਯਤਨ ਕਰ ਰਹੇ ਹੋਵੋ। ਤੁਹਾਨੂੰ ਸ਼ੱਕ ਹੈ ਕਿ ਜਿਸ ਚੀਜ਼ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਉਸ ਨੂੰ ਕਰਨਾ ਅਸੰਭਵ ਹੈ। ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ‘ਤੇ ਸ਼ੱਕ ਕਰੋਗੇ, ਓਨਾ ਹੀ ਜ਼ਿਆਦਾ ਤੁਸੀਂ ਕਿਸੇ ਅਜਿਹੀ ਚੀਜ਼ ਨੂੰ ਗੁੰਝਲਦਾਰ ਬਣਾ ਲਓਗੇ ਜਿਸ ਨੂੰ ਕਰਨਾ ਅਸਲ ‘ਚ ਬਹੁਤ ਹੀ ਆਸਾਨ ਹੈ। ਪੂਰੇ ਵਿਸ਼ਵਾਸ ਨਾਲ ਹਲ ਵਾਹੁੰਦੇ ਰਹੋ, ਭਾਵੇਂ ਤੁਸੀਂ ਅਜੇ ਇਹ ਨਹੀਂ ਦੇਖ ਸਕਦੇ ਕਿ ਅਜਿਹਾ ਕਰਨਾ ਕਿਓਂ ਜਾਇਜ਼ ਹੈ।

ਜੇ ਕੋਈ ਸ਼ੈਅ ਟੁੱਟੀ ਨਹੀਂ ਤਾਂ ਉਸ ਨੂੰ ਠੀਕ ਨਾ ਕਰੋ। ਇਹ ਇੱਕ ਵਧੀਆ ਕਹਾਵਤ ਹੈ ਜਿਸ ਨੂੰ ਅਸੀਂ ਸਾਰੇ ਆਪੋ-ਆਪਣੇ ਫ਼ਾਇਦੇ ਲਈ ਆਪਣੀ ਜ਼ਿੰਦਗੀ ‘ਚ ਲਾਗੂ ਕਰ ਸਕਦੇ ਹਾਂ। ਪਰ ਜੇ ਕੋਈ ਚੀਜ਼ ਸੱਚਮੁੱਚ ਟੁੱਟ ਗਈ ਹੈ ਤਾਂ? ਜੇ ਉਹ ਕੰਮ ਨਹੀਂ ਕਰ ਰਹੀ ਤਾਂ ਕੀ ਕਰਨਾ ਚਾਹੀਦਾ ਹੈ? ਫਿਰ ਤਾਂ ਨਿਰਸੰਦੇਹ ਤੁਹਾਨੂੰ ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਇਹ ਤਾਂ ਸਪੱਸ਼ਟ ਹੈ। ਕਿ ਨਹੀਂ? ਜੇਕਰ, ਹੁਣ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ, ਤੁਸੀਂ ਸਿਰਫ਼ ਇਸ ਲਈ ਕਿਸੇ ਅਸੰਤੁਸ਼ਟੀਜਨਕ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਕਿਉਂਕਿ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਤੁਹਾਡੇ ਕੋਲ ਹੋਰ ਕਿਹੜਾ ਵਿਕਲਪ ਬੱਚਿਐ ਤਾਂ ਤੁਹਾਨੂੰ ਜਾਗਣਾ ਪੈਣੈ, ਕੌਫ਼ੀ ਸੁੰਘਣੀ ਪੈਣੀ ਹੈ, ਅਤੇ ਜਿਹੜੀ ਵੀ ਚੀਜ਼ ਗ਼ਲਤ ਬੁਣੀ ਗਈ ਹੈ ਉਸ ਨੂੰ ਪੂਰੀ ਤਰ੍ਹਾਂ ਉਧੇੜ ਕੇ ਮੁੜ ਬੁਣਨ ਦੀ ਅਸੁਵਿਧਾ ‘ਚੋਂ ਲੰਘਣਾ ਪੈਣੈ। ਇਹ ਹੁਣ ਤੁਹਾਡਾ ਸਰਬਉਤਮ ਆਨੰਦ ਭਰਪੂਰ ਕਾਰਜ ਹੈ!

ਤੁਹਾਨੂੰ ਸ਼ੱਕ ਹੈ ਕਿ ਹੁਣ ਕੀਤੀ ਗਈ ਕਿਸੇ ਗ਼ਲਤੀ ਨੂੰ ਸੁਧਾਰਣ ਦਾ ਸਮਾਂ ਆ ਗਿਆ ਹੈ ਜਿਸ ਨੂੰ ਡੈਮੇਜ ਕੰਟਰੋਲ ਕਰਨਾ ਜਾਂ ਨੁਕਸਾਨ ਦੀ ਭਰਪਾਈ ਕਰਨਾ ਕਹਿੰਦੇ ਨੇ। ਪਰ ਤੁਹਾਨੂੰ ਕੀ ਲੱਗਦੈ ਕਿ ਤੁਹਾਡੇ ਤੋਂ ਕਿਹੜਾ ਨੁਕਸਾਨ ਹੋ ਗਿਆ ਹੈ? ਜੇ ਸੱਚਮੁੱਚ ਕੋਈ ਨੁਕਸਾਨ ਹੋਇਐ ਤਾਂ ਉਹ ਸਿਰਫ਼ ਉਸ ਚੀਜ਼ ਦਾ ਨੁਕਸਾਨ ਹੈ ਜੋ ਪਹਿਲਾਂ ਹੀ ਸੰਪੂਰਨ ਤੋਂ ਬਹੁਤ ਦੂਰ ਸੀ। ਤੁਹਾਨੂੰ ਜਾਂ ਤਾਂ ਪਹਿਲਾਂ ਜੋ ਕੁੱਝ ਵੀ ਗ਼ਲਤ ਸੀ, ਉਸ ਦੀ ਟਿੱਕ ਕੇ ਮੁਰੰਮਤ ਕਰਨੀ ਚਾਹੀਦੀ ਹੈ ਜਾਂ ਫਿਰ, ਹੁਣ ਜਦੋਂ ਨੁਕਸਾਨ ਹੋ ਹੀ ਚੁੱਕੈ ਤਾਂ ਤੁਹਾਨੂੰ ਉਸ ਸ਼ਾਨਦਾਰ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ ਜੋ ਉਸ ਚੀਜ਼ ‘ਚੋਂ ਨਿਕਲਣ ਵਾਲਾ ਹੈ ਜੋ ਇੱਕ ਵਾਰ ਇੱਕ ਬਹੁਤ ਵੱਡੀ ਸਮੱਸਿਆ ਵਾਂਗ ਦਿਖਾਈ ਦੇ ਰਹੀ ਸੀ। ਨਿਰਾਸ਼ਾਵਾਦੀ ਸਿੱਟਿਆਂ ‘ਤੇ ਪੁੱਜਣ ਲਈ ਬਹੁਤੇ ਕਾਹਲੇ ਨਾ ਪਓ।

ਜਿੰਨੀ ਚਮਕਦਾਰ ਰੌਸ਼ਨੀ; ਓਨਾ ਗੂੜ੍ਹਾ ਪਰਛਾਵਾਂ। ਖ਼ੁਸ਼ੀ ਜਿੰਨੀ ਡੂੰਘੀ; ਦੁੱਖ ਦਾ ਖ਼ਤਰਾ ਓਨਾ ਵੱਧ। ਜਿੰਨੀ ਉੱਚੀ ਅਭਿਲਾਸ਼ਾ; ਅਸਫ਼ਲਤਾ ਦੀ ਸੰਭਾਵਨਾ ਓਨੀ ਜ਼ਿਆਦਾ ਮਜ਼ਬੂਤ। ਦੇਖੋ। ਮੈਂ ਸੱਚਮੁੱਚ ਤੁਹਾਨੂੰ ਕਿਸੇ ਵੀ ਚੀਜ਼ ਜਾਂ ਵਿਅਕਤੀ ਤੋਂ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਸਿਰਫ਼ ਇੰਨਾ ਇਸ਼ਾਰਾ ਕਰ ਰਿਹਾਂ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੀ ਹੁੰਦੀ ਹੈ। ਤੁਸੀਂ ਨਾਕਾਰਾਤਮਕ ਪਹਿਲੂਆਂ ਬਾਰੇ ਸਭ ਕੁੱਝ ਜਾਣਦੇ ਹੋ। ਤੁਸੀਂ ਅਤੀਤ ‘ਚ ਬਹੁਤ ਸਾਰੀ ਨਾਕਾਰਾਤਮਕਤਾ ਦਾ ਸਾਹਮਣਾ ਕਰ ਚੁੱਕੇ ਹੋ। ਅਤੇ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਤੁਹਾਨੂੰ ਕਿਓਂ ਖ਼ੁਦ ਨੂੰ ਆਪਣੇ ਭਾਵਨਾਤਮਕ ਜੀਵਨ ‘ਚ ਮਿਲਣ ਵਾਲੀ ਸਾਕਾਰਾਤਮਕਤਾ ਨੂੰ ਪੂਰੀ ਤਰ੍ਹਾਂ ਗਲੇ ਲਗਾਉਣ ਦਾ ਹੱਕਦਾਰ ਸਮਝਣਾ ਚਾਹੀਦਾ ਹੈ। ਆਪਣੇ ਡਰ ਨੂੰ ਭੁੱਲ ਜਾਓ; ਆਪਣੇ ਸੁਪਨਿਆਂ ਨੂੰ ਗਲੇ ਲਗਾਓ।