ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1413

ਜਿਹੜੇ ਲੋਕ ਸਾਡੇ ਲਈ ਮਾਇਨਾ ਰੱਖਦੇ ਹਨ, ਅਸੀਂ ਉਨ੍ਹਾਂ ਲਈ ਲਗਭਗ ਕੁਛ ਵੀ ਕਰਾਂਗੇ। ਅਸੀਂ ਆਪਣੀ ਵਿੱਤੋਂ ਬਾਹਰ ਜਾਵਾਂਗੇ ਅਤੇ ਫ਼ਰਾਖ਼ਦਿਲ ਸਮਝੌਤੇ ਕਰਾਂਗੇ, ਇੱਥੋਂ ਤਕ ਕਿ ਕੁਰਬਾਨੀਆਂ ਵੀ ਦੇਵਾਂਗੇ। ਅਤੇ ਇਸ ਦੇ ਬਦਲੇ ‘ਚ ਸਾਨੂੰ ਸਿਰਫ਼ ਕੀ ਚਾਹੀਦਾ ਹੈ? ਖ਼ੈਰ, ਅਸੀਂ ਬਦਲੇ ‘ਚ ਕੁੱਝ ਵੀ ਮਿਲਣ ਦੀ ਆਸ ਕਿਉਂ ਰੱਖੀਏ? ਕੀ ਕਿਸੇ ਨੂੰ ਕੁੱਝ ਦੇਣ ਦਾ ਆਨੰਦ ਹੀ ਆਪਣੇ-ਆਪ ‘ਚ ਇੱਕ ਵੱਡਾ ਇਨਾਮ ਨਹੀਂ ਹੁੰਦਾ? ਸ਼ਾਇਦ ਹੋਣਾ ਹੀ ਚਾਹੀਦਾ ਹੈ, ਪਰ ਇਸ ਵਕਤ ਇੱਕ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਕਿ ਕੀ, ਤੁਹਾਡੇ ਸੰਸਾਰ ‘ਚ, ਕੋਈ ਰਿਸ਼ਤਾ ਬਹੁਤ ਜ਼ਿਆਦਾ ਇੱਕਪਾਸੜ ਨਹੀਂ ਬਣ ਚੁੱਕਾ? ਮੇਰੇ ਕਹਿਣ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਤੁਸੀਂ ਗਿਣਤੀਆਂ ਜਾਂ ਮਿਣਤੀਆਂ ਕਰ ਰਹੇ ਹੋ, ਪਰ ਤੁਹਾਨੂੰ ਸ਼ੱਕ ਜ਼ਰੂਰ ਹੈ ਕਿ ਜੇ ਤੁਸੀਂ ਵਾਕਈ ਅਜਿਹਾ ਕਰ ਰਹੇ ਹੁੰਦੇ ਤਾਂ ਤੁਹਾਨੂੰ ਬਹੁਤ ਹੀ ਛੇਤੀ ਅਸੰਤੁਲਨ ਦਾ ਅਹਿਸਾਸ ਹੋ ਜਾਣਾ ਸੀ।

ਕੀ ਜਿੰਨਾ ਤੁਸੀਂ ਦੇ ਸਕਦੇ ਹੋ, ਤੁਹਾਨੂੰ ਉਸ ਤੋਂ ਵੱਧ ਸਪਲਾਈ ਕਰਨ ਲਈ ਕਿਹਾ ਜਾ ਰਿਹੈ? ਤੁਸੀਂ ਬਹੁਤ ਜ਼ਿਆਦਾ ਭਾਵਨਾਤਮਕ ਅਤੇ ਦੁਨਿਆਵੀ ਦਬਾਅ ਹੇਠ ਲੱਗਦੇ ਹੋ। ਕੀ ਇਹ ਜਾਇਜ਼ ਹੈ? ਅਤੇ ਜੇਕਰ ਇਹ ਨਹੀਂ ਤਾਂ ਵੀ ਤੁਸੀਂ ਇਸ ਬਾਰੇ ਕਰ ਕੀ ਸਕਦੇ ਹੋ? ਮੈਂ ਤੁਹਾਨੂੰ ਇਹ ਦਸਦਿਆਂ ਖ਼ੁਸ਼ੀ ਮਹਿਸੂਸ ਕਰ ਰਿਹਾਂ ਕਿ ਤੁਹਾਡੇ ਹਾਲਾਤ ਹੁਣ ਤਬਦੀਲ ਹੋਣਾ ਸ਼ੁਰੂ ਹੋ ਗਏ ਨੇ। ਇਹ ਇੱਕ ਮੌਕਾ ਹੈ ਪ੍ਰਤੀਬੰਧਕ ਹਾਲਾਤ ਤੋਂ ਆਪਣਾ ਖੈੜਾ ਛੁਡਾਉਣ ਦਾ ਅਤੇ ਉਸ ਤਾਕਤ ਨੂੰ ਮੁੜ ਹਾਸਿਲ ਕਰਨ ਦਾ ਜਿਸ ਬਾਰੇ ਤੁਸੀਂ ਸੋਚਦੇ ਸੀ ਕਿ ਤੁਸੀਂ ਉਸ ਨੂੰ ਹਮੇਸ਼ਾ ਲਈ ਗੁਆ ਚੁੱਕੇ ਹੋ। ਪਰ ਇੱਕ ਆਸ ਨੂੰ ਹਕੀਕਤ ‘ਚ ਬਦਲਣ ਲਈ, ਤੁਹਾਨੂੰ ਕੁਛ ਛੋਟੇ ਪਰ ਮਹੱਤਵਪੂਰਨ ਸਮਝੌਤੇ ਕਰਨੇ ਪੈਣੇ ਹਨ। ਇਹ ਕਦੇ ਵੀ ਨਾ ਸੋਚਿਓ ਕਿ ਅਜਿਹਾ ਕਰਨ ਨਾਲ ਤੁਹਾਡੀ ਕੋਈ ਕਲਗੀ ਨੀਵੀਂ ਹੋ ਜਾਵੇਗੀ!
ਹੋਣਾ ਤਾਂ ਇਹ ਬਹੁਤ ਹੀ ਲਾਜਵਾਬ ਸਮਾਂ ਚਾਹੀਦਾ ਸੀ, ਪਰ ਹਾਲ ਹੀ ‘ਚ ਤੁਸੀਂ ਕੁਰਲਾਉਂਦੇ ਰਹੇ ਹੋ, ”ਮੈਨੂੰ ਤਾਂ ਚੇਤੇ ਨਹੀਂ ਕਿ ਚੀਜ਼ਾ ਕਦੇ ਵੀ ਇਸ ਹੱਦ ਤਕ ਭਾਵਨਾਤਮਕ ਤੌਰ ‘ਤੇ ਨਿਚੋੜਨ ਵਾਲੀਆਂ ਕਦੋਂ ਸਨ।”ਪਰ ਫ਼ਿਰ, ਕੁੱਝ ਸ਼ੁਭ ਪ੍ਰਭਾਵ ਸਾਨੂੰ ਇਸ ਗੱਲ ਬਾਰੇ ਜਾਗਰੂਕ ਕਰ ਜਾਂਦੇ ਹਨ ਕਿ ਕਿਸ ਸ਼ੈਅ ਨੂੰ ਬਦਲਣ ਦੀ ਲੋੜ ਹੈ। ਜਿੱਥੇ ਪਹਿਲਾਂ ਅਸੀਂ ਉਸ ਨੂੰ ਬਰਦਾਸ਼ਤ ਕਰਨ ਲਈ ਰਾਜ਼ੀ ਹੋ ਗਏ ਹੁੰਦੇ, ਹੁਣ ਅਸੀਂ ਪੇਚੀਦਾ ਚੋਣਾਂ ਬਾਰੇ ਸੋਚਣ ਲਈ ਪ੍ਰੇਰਿਤ ਹਾਂ ਜਾਂ ਸਾਡੀਆਂ ਜ਼ਿੰਦਗੀਆਂ, ਕਿਸੇ ਨਾ ਕਿਸੇ ਤਰ੍ਹਾਂ, ਸਾਜ਼ਿਸ਼ ਕਰ ਕੇ ਸਾਡੇ ਲਈ ਅਜਿਹੀ ਉਥਲ-ਪੁਥਲ ਲਿਆਉਂਦੀਆਂ ਹਨ ਜਿਸ ਤੋਂ ਅਸੀਂ ਕੇਵਲ ਖੱਟ ਹੀ ਸਕਦੇ ਹਾਂ, ਬੇਸ਼ੱਕ ਸਾਨੂੰ ਇਹ ਜਾਪਦਾ ਹੋਵੇ ਕਿ ਸਾਨੂੰ ਉਹ ਨਹੀਂ ਚਾਹੀਦੀ। ਦਰਅਸਲ, ਤੁਹਾਨੂੰ ਜੇ ਕੁੱਝ ਨਹੀਂ ਕਰਨਾ ਚਾਹੀਦਾ ਤਾਂ ਉਹ ਹੈ ਬਹੁਤੀ ਚਿੰਤਾ।
ਆਪਣੀਆਂ ਛੁੱਟੀਆਂ ਨੂੰ ਵਧਾ ਲੈਣ ਦੇ ਸੁਪਨੇ ਦੇਖਣਾ ਇੱਕ ਗੱਲ ਹੈ, ਪਰ ਜੇਕਰ ਤੁਸੀਂ ਸੱਚਮੁੱਚ ਕਿਸੇ ਅਜਿਹੀ ਜਗ੍ਹਾ ‘ਤੇ ਜਾ ਕੇ ਫ਼ੱਸ ਜਾਓ ਅਤੇ ਮੁੜ ਆਪਣੇ ਘਰ ਆਉਣ ਨੂੰ ਤਰਸਨ ਲੱਗੋ ਤਾਂ ਹਾਲਾਤ ਬਿਲਕੁਲ ਵੱਖਰੇ ਹੁੰਦੇ ਨੇ। ਘੁੰਮਣ ਜਾਣ ਵਾਲੀ ਕੋਈ ਵੀ ਨਵੀਂ ਜਗ੍ਹਾ ਚਾਹੇ ਕਿੰਨੀ ਵੀ ਰਮਣੀਕ ਕਿਉਂ ਨਾ ਹੋਵੇ, ਛੇਤੀ ਹੀ ਉਹ ਆਪਣੀ ਕੁੱਝ ਕੁ ਨਵੀਨਤਾ ਗੁਆ ਬੈਠਦੀ ਹੈ। ਠੀਕ ਇਸੇ ਤਰ੍ਹਾਂ, ਅਸੀਂ ਸ਼ਾਂਤਮਈ ਜੀਵਨ ਜਿਊਣ ਦੀ ਇੱਛਾ ਰੱਖਦੇ ਹਾਂ ਜਿਹੜਾ ਸਕੂਨ ਨਾਲ ਭਰਪੂਰ ਅਤੇ ਆਰਾਮਦਾਇਕ ਹੋਵੇ। ਇਹ ਨਿਰਸੰਦੇਹ ਇੱਕ ਬੇਹੱਦ ਮਜ਼ੇਦਾਰ ਤਜਰਬਾ ਹੈ, ਪਰ ਕੇਵਲ ਓਦੋਂ ਜਦੋਂ ਸਾਨੂੰ ਇਹ ਪਹਿਲੀ ਵਾਰ ਨਸੀਬ ਹੁੰਦੈ। ਬਹੁਤ ਜਲਦ ਇਹ ਕੁਛ ਹੱਦ ਤਕ ਬੋਰਿੰਗ ਲੱਗਣ ਲੱਗ ਪੈਂਦੈ। ਇਸ ਲਈ, ਆਪਣੀ ਜ਼ਿੰਦਗੀ ਵਿਚਲੇ ਡਰਾਮੇ ਅਤੇ ਉਸ ਦੀ ਤੀਬਰਤਾ ਲਈ ਖ਼ੁਸ਼ ਹੋਵੋ। ਇਹ ਉਹ ਦਬਾਅ ਲੈ ਕੇ ਆਉਂਦੈ ਜਿਸ ਹੇਠ ਤੁਸੀਂ ਹੋਰ ਵੀ ਨਿਖਰਦੇ ਹੋ, ਅਤੇ ਅਜਿਹੀ ਤਬਦੀਲੀ ਜਿਸ ਦਾ ਤੁਸੀਂ ਕੇਵਲ ਫ਼ਾਇਦਾ ਹੀ ਉਠਾ ਸਕਦੇ ਹੋ।
ਕੁੱਝ ਚੀਜ਼ਾਂ ਬਹੁਤ ਥੋੜ੍ਹੀ ਮਾਤਰਾ ‘ਚ ਉਪਲਬਧ ਹੁੰਦੀਆਂ ਹਨ, ਭਾਵ ਸ਼ੌਰਟ ਸਪਲਾਈ ‘ਚ ਹੁੰਦੀਆਂ ਹਨ। ਇਸੇ ਲਈ ਤਾਂ ਬੇਸ਼ਕੀਮਤੀ ਧਾਂਤਾਂ ਦੀਆਂ ਕੀਮਤਾਂ ਤਾਂਹ ਨੂੰ ਹੀ ਜਾਈ ਜਾਂਦੀਆਂ ਨੇ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕਿਸੇ ਚੀਜ਼ ਦੀ ਮੰਗ ਜ਼ਿਆਦਾ ਹੋਵੇ ਅਤੇ ਸਪਲਾਈ ਘੱਟ ਤਾਂ ਹਾਲਤ ਕਿਹੋ ਜਿਹੀ ਹੁੰਦੀ ਹੈ। ਕੀ ਅਸੀਂ ਇਹੀ ਗੱਲ ਪਿਆਰ ਸਬੰਧੀ ਵੀ ਕਹਿ ਸਕਦੇ ਹਾਂ? ਕੀ ਇਹ ਹੋ ਸਕਦਾ ਹੈ ਕਿ ਰਹਿਮ, ਤਰਸ, ਆਪਣਾਪਨ, ਸਤਿਕਾਰ, ਵਗੈਰਾ ਦੀ ਵਿਸ਼ਵ-ਵਿਆਪੀ ਕਿੱਲਤ ਆ ਗਈ ਹੋਵੇ? ਵੈਸੇ, ਇਨ੍ਹਾਂ ਚੀਜ਼ਾਂ ਦੀ ਤੋਟ ਕੁੱਝ ਲੋਕਾਂ ‘ਚ ਤਾਂ ਸਪੱਸ਼ਟ ਦੇਖੀ ਜਾ ਸਕਦੀ ਹੈ। ਪਰ ਇਹ ਸਿਰਫ਼ ਇਸ ਲਈ ਕਿਉਂਕਿ ਸਾਡੇ ‘ਚੋਂ ਕੁੱਝ ਪੂਰੀ ਤਰ੍ਹਾਂ ਨਾਲ ਇਸ ਗੱਲ ਨੂੰ ਸਮਝਦੇ ਨਹੀਂ ਕਿ ਉਨ੍ਹਾਂ ਨੇ ਆਪਣੇ ਦਿਲ ਦੇ ਧੁਰ ਅੰਦਰ ਪਹੁੰਚ ਕੇ ਕਿਵੇਂ ਉਸ ਕਦੇ ਨਾ ਮੁੱਕਣ ਵਾਲੇ ਸ੍ਰੋਤ ‘ਚ ਚੋਭਾ ਲਗਾਉਣੈ। ਪਰ ਤੁਹਾਡੇ ਅੰਦਰ ਤਾਂ ਇਹ ਕਾਬਲੀਅਤ ਮੌਜੂਦ ਹੈ। ਉਸ ਦਾ ਇਸਤੇਮਾਲ ਕਰੋ!