ਕੀ ਸੱਚਮੁੱਚ ਕੋਈ ਦੋ ਵਿਅਕਤੀ ਇੱਕ ਦੂਜੇ ਲਈ ਬਣੇ ਹੋਏ ਹੋ ਸਕਦੇ ਹਨ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਕੀ , ਅੰਤ ਨੂੰ, ਅਸੀਂ ਸਾਰੇ ਹੀ ਆਪਣੇ ਆਪ ਲਈ ਹੀ ਨਹੀਂ ਬਣੇ? ਕਈ ਅਜਿਹੇ ਵੇਲੇ ਹੁੰਦੇ ਹਨ ਜਦੋਂ ਅਸੀਂ ਇੰਝ ਮਹਿਸੂਸ ਕਰਦੇ ਹਾਂ ਕਿ ਹਰ ਸ਼ੈਅ ਠੀਕ-ਠਾਕ ਹੈ ਖ਼ਾਸਕਰ ਜਦੋਂ ਕੋਈ ਵਿਅਕਤੀ ਵਿਸ਼ੇਸ਼ ਸਾਡੀ ਹਮਾਇਤ ‘ਚ ਖੜ੍ਹਾ ਹੋਵੇ, ਅਤੇ ਫ਼ਿਰ ਕੁਝ ਅਜਿਹੀਆਂ ਪ੍ਰਸਥਿਤੀਆਂ ਵੀ ਬਣਦੀਆਂ ਹਨ ਜਦੋਂ ਸਾਨੂੰ ਜਾਪਣ ਲੱਗਦੈ ਕਿ ਉਹੀ ਵਿਅਕਤੀ ਕੇਵਲ ਸਾਡੇ ਧੀਰਜ ਦਾ ਇਮਤਿਹਾਨ ਲੈਣ ਲਈ ਇਸ ਧਰਤੀ ‘ਤੇ ਭੇਜਿਆ ਗਿਐ! ਜਿੰਨਾ ਜ਼ਿਆਦਾ ਤੁਸੀਂ ਉਸ ਤੋਂ ਖ਼ੁਸ਼ ਹੋਵੋਗੇ ਜੋ ਤੁਸੀਂ ਖ਼ੁਦ ਹਕੀਕਤ ‘ਚ ਹੋ, ਤੁਹਾਡੇ ਲਈ ਕਿਸੇ ਦੂਸਰੇ ਵਿਅਕਤੀ ਨਾਲ ਖ਼ੁਸ਼ ਮਹਿਸੂਸ ਕਰਨਾ ਓਨਾ ਹੀ ਜ਼ਿਆਦਾ ਸੌਖਾ ਹੋਵੇਗਾ ਅਤੇ ਉਸ ਲਈ ਤੁਹਾਡੇ ਨਾਲ।
ਕੁਝ ਲੋਕ ਬਹਿਸਣਗੇ ਕਿ ਆਪਣੇ ਪਰਿਵਾਰ ਲਈ ਪਿਆਰ ਤੁਹਾਡੀਆਂ ਰੋਮੈਂਟਿਕ ਭਾਵਨਾਵਾਂ ਨਾਲੋਂ ਵਧੇਰੇ ਹੰਢਣਸਾਰ ਹੁੰਦੈ। ਹਾਲਾਂਕਿ ਕੁਝ ਇਹ ਵੀ ਕਹਿਣਗੇ ਕਿ ਇਹ ਬਾਅਦ ਵਾਲਾ ਵਧੇਰੇ ਰੋਮਾਂਚਕਾਰੀ ਹੁੰਦੈ ਅਤੇ ਪਹਿਲੇ ਵਾਲਾ ਵਧੇਰੇ ਚੁਣੌਤੀ ਭਰਪੂਰ। ਪਿਆਰ ਦੀਆਂ ਵੰਨਗੀਆਂ ‘ਚ ਵੀ ਨਿਰਸੰਦੇਹ ਵੱਡਾ ਫ਼ਰਕ ਹੈ। ਦੇਰ-ਸਵੇਰ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਆਪਣੀ ਮੁਹੱਬਤ ਕਿਸ ਵੱਲ ਸੇਧਦੇ ਹਾਂ, ਕਦੇ-ਕਦੇ ਸਾਡਾ ਨਿਰਾਸ਼ ਜਾਂ ਮਾਯੂਸ ਹੋਣਾ ਤੈਅ ਹੈ। ਮਨੁੱਖੀ ਅਦਾਨ-ਪ੍ਰਦਾਨ ਕੁਝ ਇਸੇ ਤਰ੍ਹਾਂ ਹੀ ਚੱਲਦੈ! ਪਰ ਜੇ ਤੁਸੀਂ ਇਸ ਤੋਂ ਉੱਪਰ ਉੱਠ ਸਕੋ ਤਾਂ, ਬਾਵਜੂਦ ਇਸ ਸਭ ਦੇ, ਤੁਸੀਂ ਇੱਕ ਸ਼ਾਨਦਾਰ ਤਜਰਬਾ ਹਾਸਿਲ ਕਰ ਸਕਦੇ ਹੋ।
ਆ ਰਿਹਾ ਜੇ ਤੁਹਾਡੇ ਲਈ ਇੱਕ ਕੇਕ। ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ ਜਾਂ ਖਾ ਸਕਦੇ ਹੋ, ਪਰ ਤੁਸੀਂ ਦੋਹੇਂ ਨਹੀਂ ਕਰ ਸਕਦੇ। ਜਾਂ ਪਰੰਪਰਿਕ ਗਿਆਨ ਵਲੋਂ, ਸਪੱਸ਼ਟ ਰੂਪ ‘ਚ, ਸਾਨੂੰ ਇਹ ਦੱਸਿਆ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦੈ, ਉਸ ਕੇਕ ਦੇ ਹੋਣ ਜਾਂ ਨਾ ਹੋਣ ਦਾ ਕੀ ਫ਼ਾਇਦਾ ਜਿਹੜਾ ਤੁਸੀਂ ਖਾ ਹੀ ਨਹੀਂ ਸਕਦੇ? ਅਤੇ ਕਿਉਂਕਿ ਉਸ ਕੇਕ ਨੂੰ ਖਾਣਾ ਨਾਮੁਮਕਿਨ ਹੈ ਜਿਹੜਾ ਤੁਹਾਡੇ ਕੋਲ ਹੋਵੇ ਹੀ ਨਾ, ਫ਼ਿਰ ਤੁਸੀਂ ਉਸ ਨੂੰ ਓਦੋਂ ਹੀ ਖਾਣ ਦੀ ਕੋਸ਼ਿਸ਼ ਕਿਉਂ ਨਾ ਕਰੋਗੇ ਜਦੋਂ ਉਹ ਤੁਹਾਡੇ ਕਬਜ਼ੇ ‘ਚ ਹੋਵੇ? ਤੁਸੀਂ ਇੰਝ ਮਹਿਸੂਸ ਕਰ ਰਹੇ ਹੋ ਜਿਵੇਂ ਜ਼ਿੰਦਗੀ ਤੁਹਾਨੂੰ ਕਿਸੇ ਕਿਸਮ ਦਾ ਕੋਈ ਚਮਤਕਾਰ ਸਰਅੰਜਾਮ ਦੇਣ ਲਈ ਕਹਿ ਰਹੀ ਹੋਵੇ। ਸੰਭਵ ਹੈ ਕਿ ਉਸ ਚਮਤਕਾਰ ਨੂੰ ਵਰਤਾਉਣ ਲਈ, ਤੁਹਾਨੂੰ ਕਿਸੇ ਪੁਰਾਣੇ ਵਿਚਾਰ ਜਾਂ ਧਾਰਣਾ ਦਾ ਮੁੜ-ਮੁਲਾਂਕਣ ਕਰਨ ਤੋਂ ਵੱਧ ਹੋਰ ਕੁਛ ਵੀ ਨਾ ਕਰਨਾ ਪਵੇ। ਕੇਕ ਨੂੰ ਥੋੜ੍ਹਾ ਘੱਟ ਨਿਰਾਸ਼ਾਜਨਕ ਨਜ਼ਰ ਨਾਲ ਤੱਕੋ!
ਉਹ ਨਿਯਮਾਵਲੀ ਕਿੱਥੇ ਹੈ ਜਿਸ ਦੀ ਅਸੀਂ ਸਭ ਨੇ ਪਾਲਣਾ ਕਰਨੀ ਹੈ? ਤੁਹਾਨੂੰ ਪਤੈ, ਓਹੀ ਜਿਹੜੀ ਸਾਨੂੰ ਦੱਸਦੀ ਹੈ ਕਿ ਇੱਕ ਦੂਸਰੇ ਪ੍ਰਤੀ ਅਸੀਂ ਹਰ ਸਥਿਤੀ ‘ਚ ਕਿਵੇਂ ਵਿਹਾਰ ਕਰਨਾ ਹੈ ਅਤੇ ਕਿਵੇਂ ਨਹੀਂ। ਤੁਹਾਨੂੰ ਪਤਾ ਹੀ ਹੈ ਨਾ ਕਿ ਮੇਰੀ ਮੁਰਾਦ ਕਿਸ ਤੋਂ ਹੈ, ਕਿ ਨਹੀਂ? ਸਾਡੇ ਸਭਨਾਂ ਕੋਲ ਉਸ ਦੀ ਇੱਕ-ਇੱਕ ਕਾਪੀ ਤਾਂ ਹੈ ਹੀ, ਕਿ ਨਹੀਂ? ਤੁਹਾਡੇ ਵਾਲੀ ਕਿੱਥੇ ਹੈ? ਜੇਕਰ ਤੁਸੀਂ ਆਪਣੇ ਦਿਲ ‘ਤੇ ਹੱਥ ਰੱਖ ਕੇ ਇਹ ਨਹੀਂ ਕਹਿ ਸਕਦੇ ਕਿ ਤਹਾਨੂੰ ਕਦੇ ਵੀ ਅਜਿਹਾ ਕੋਈ ਅਧਿਕਾਰਿਕ ਦਸਤਾਵੇਜ਼ ਜਾਰੀ ਕੀਤਾ ਗਿਆ ਸੀ, ਸ਼ਾਇਦ ਕਿਸੇ ਹੋਰ ਨੇ ਵੀ ਉਸ ਨੂੰ ਕਦੇ ਨਾ ਦੇਖਿਆ ਹੋਵੇ। ਜਿਸ ਸੂਰਤ ‘ਚ, ਉਨ੍ਹਾਂ ਦੇ ਸਿਰ ‘ਤੇ ਉਸ ਦੀ ਪਾਲਣਾ ਨਾ ਕਰਨ ਦਾ ਦੋਸ਼ ਨਹੀਂ ਮੜ੍ਹਿਆ ਜਾ ਸਕਦਾ। ਚੰਗੀ ਖ਼ਬਰ ਇਹ ਹੈ ਕਿ ਤੁਹਾਡੇ ਕੋਲ ਹਾਲੇ ਵੀ ਸਮਾਂ ਹੈ ਕਿ ਤੁਸੀਂ ਰਲ ਕੇ ਉਸ ਨੂੰ ਤਿਆਰ ਕਰ ਸਕੋ।
ਕੁਝ ਲੋਕਾਂ ਨਾਲ ਨਜਿੱਠਣਾ ਲਗਭਗ ਅਸੰਭਵ ਹੁੰਦੈ ਕਿਉਂਕਿ ਉਨ੍ਹਾਂ ਨਾਲ ਗੱਲ ਕਰਨਾ, ਉਨ੍ਹਾਂ ਨਾਲ ਰਹਿਣਾ ਜਾਂ ਉਨ੍ਹਾਂ ਦੀ ਦੇਖਭਾਲ ਕਰਨਾ ਜ਼ਾਹਿਰਾ ਤੌਰ ‘ਤੇ ਇਕਦਮ ਮੁਸ਼ਕਿਲ ਹੁੰਦੈ। ਉਹ ਖ਼ੁਦ ਨੂੰ ਦੂਸਰਿਆਂ ਦੀ ਪਹੁੰਚ ਤੋਂ ਹੀ ਬਾਹਰ ਕਰ ਲੈਂਦੇ ਹਨ। ਅਕਸਰ, ਇਹ ਇੱਕ ਤਰ੍ਹਾਂ ਦੀ ਸਵੈ-ਰੱਖਿਆ ਦਾ ਤਰੀਕਾ ਹੁੰਦੈ। ਉਹ ਨਕਾਰੇ ਜਾਣ ਤੋਂ ਡਰਦੇ ਹਨ। ਸੋ, ਇਹ ਸੋਚਦੇ ਹੋਏ ਕਿ ਬਚਾਅ ਕਰਨ ਦਾ ਸਭ ਤੋਂ ਵਧੀਆ ਢੰਗ ਹਮਲਾ ਕਰਨਾ ਹੈ, ਇਸ ਤੋਂ ਪਹਿਲਾਂ ਕਿ ਕੋਈ ਹੋਰ ਉਨ੍ਹਾਂ ਦੇ ਨੁਕਸ ਖੋਜਣ ਦੀ ਕੋਸ਼ਿਸ਼ ਕਰੇ, ਉਹ ਅਸਵੀਕਾਰ ਕੀਤੇ ਜਾਣ ਦੇ ਖ਼ੁਦ ਦੇ ਕਾਰਨ ਪੇਸ਼ ਕਰ ਦਿੰਦੇ ਹਨ। ਇਸ ਦੇ ਬਾਵਜੂਦ, ਇਸ ਵਕਤ ਕਿਸੇ ਖ਼ਾਸ ਮਖੌਟੇ ਪਿੱਛੇ ਇੱਕ ਬਿਲਕੁਲ ਹੀ ਵੱਖਰੇ ਲੋਕ ਹਨ। ਤੁਹਾਨੂੰ ਡਰ ਹੈ ਕਿ ਜੋ ਸਪੱਸ਼ਟ ਹੈ ਉਸ ਤੋਂ ਅੱਗੇ ਦੇਖਣਾ ਤੁਹਾਡੀ ਮੂਰਖਤਾ ਹੋਵੇਗੀ, ਪਰ ਹੋ ਸਕਦੈ ਕਿ ਇਹ ਕੋਈ ਵੱਡੀ ਬਖ਼ਸ਼ਿਸ਼ ਪ੍ਰਾਪਤ ਕਰਨ ਲਈ ਇੱਕ ਕੁੰਜੀ ਹੋ ਨਿਬੜੇ।














