ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1391

ਜਦੋਂ ਲੋਕ ਇਸ ਗੱਲ ਦੀ ਬਹੁਤ ਸ਼ਿੱਦਤ ਨਾਲ ਕੋਸ਼ਿਸ਼ ਕਰਦੇ ਹਨ ਕਿ ਉਹ ਕਿਤੇ ਕਿਸੇ ਹੋਰ ਨੂੰ ਨਾਰਾਜ਼ ਨਾ ਕਰ ਬੈਠਣ ਤਾਂ ਉਹ ਗ਼ਲਤ ਪ੍ਰਭਾਵ ਛੱਡ ਬੈਠਦੇ ਹਨ ਅਤੇ ਗ਼ਲਤਫ਼ਹਿਮੀ ਪੈਦਾ ਹੋ ਜਾਂਦੀ ਹੈ। ਕਈ ਵਾਰ, ਨਿਮਰਤਾ ਦੇ ਮਖੌਟੇ ਪਿੱਛੇ ਛੁਪੀ ਅਸਹਿਮਤੀ ਨਾਲੋਂ ਬਹਿਸ ਕਿਤੇ ਬਿਹਤਰ ਹੁੰਦੀ ਹੈ। ਤੁਹਾਡੀ ਜ਼ਿੰਦਗੀ ਵਿੱਚ, ਕਿਸੇ ਧਾਰਣਾ ‘ਤੇ ਸਵਾਲ ਉਠਾਏ ਜਾਣ ਅਤੇ ਉਸ ਨੂੰ ਦਰੁੱਸਤ ਕਰਨ ਦੀ ਲੋੜ ਹੈ। ਪਰ ਤੁਸੀਂ ਕਿਸੇ ਧਾਰਣਾ ਨੂੰ ਚੁਣੌਤੀ ਕਿਵੇਂ ਦੇ ਸਕਦੇ ਹੋ ਜੇ ਧਾਰਣਾ ਇਹ ਹੋਵੇ ਕਿ ਕੋਈ ਧਾਰਣਾ ਹੈ ਹੀ ਨਹੀਂ! ਬਹਾਦਰ ਬਣੋ। ਤੁਹਾਡੇ ਦਿਲ ਨੂੰ ਜਿਸ ਸ਼ੈਅ ਦੀ ਸਭ ਤੋਂ ਵੱਧ ਲੋੜ ਹੈ, ਉਹ ਹੈ ਸੱਚਾਈ।
ਮੈਗਜ਼ੀਨ ਜਾਂ ਰਸਾਲੇ ਕਾਇਆਕਲਪ ਦੇ ਵਾਅਦਿਆਂ ਨਾਲ ਭਰੇ ਹੁੰਦੇ ਹਨ। ”ਅਸੀਂ ਉਸ ਵਿਅਕਤੀ ਨੂੰ ਲੈ ਕੇ, ਉਸ ਦੇ ਮੇਕ ਅੱਪ, ਵਾਲਾਂ ਅਤੇ ਕੱਪੜਿਆਂ ਦੇ ਸਟਾਈਲ ‘ਚ ਤਬਦੀਲੀ ਕੀਤੀ। ਅਤੇ ਹੁਣ ਦੇਖੋ ਫ਼ਰਕ!” ਪਰ ਜਿਨ੍ਹਾਂ ਲੋਕਾਂ ਨੇ ਅੰਦਰੂਨੀ ਮੇਕ ਅੱਪ ਕੀਤਾ ਹੁੰਦੈ ਸਾਨੂੰ ਉਨ੍ਹਾਂ ਦੇ ਨੈਣ ਨਕਸ਼ ਚਮਕੀਲੇ ਕਦੋਂ ਲੱਗਦੇ ਨੇ? ਕਿਰਦਾਰਾਂ ਦੇ ਦਾਗ਼ ਛੁਪਾਉਣੇ ਕਦੇ ਵੀ ਇੰਨੇ ਸੌਖੇ ਨਹੀਂ ਹੁੰਦੇ। ਅਸੀਂ, ਆਮਤੌਰ ‘ਤੇ, ਅਣਜਾਣ ਲੋਕਾਂ ਤੋਂ ਬੇਸੱਬਰੀ, ਗੁੱਸਾ ਜਾਂ ਭੈਅ ਲੁਕਾ ਸਕਦੇ ਹਾਂ, ਪਰ ਸਾਡੇ ਪਿਆਰੇ ਤਾਂ ਸਭ ਕੁਝ ਦੇਖ ਸਕਦੇ ਹੁੰਦੇ ਹਨ ਅਤੇ ਪ੍ਰਤੀਕਿਰਿਆ ਦਿੰਦੇ ਹਨ, ਅਕਸਰ ਮਾਮਲਿਆਂ ਨੂੰ ਹੋਰ ਵੀ ਖ਼ਰਾਬ ਕਰਦੇ ਹੋਏ! ਜੇਕਰ ਦਿਲ ਦੇ ਕਿਸੇ ਮਾਮਲੇ ‘ਚ ਇਸ ਵਕਤ ਪਰਿਵਰਤਨ ਦੀ ਲੋੜ ਹੈ ਤਾਂ ਓਦੋਂ ਤਕ ਬਣਾਓਟੀ ਬਣੇ ਰਹੋ ਜਦੋਂ ਤਕ ਤੁਸੀਂ ਉਹ ਤਬਦੀਲੀ ਲਿਆਉਣ ਦੇ ਕਾਬਿਲ ਨਹੀਂ ਬਣ ਜਾਂਦੇ।
ਕੁਦਰਤੀ ਸ਼ਕਤੀਆਂ ਸਾਡੇ ਲਈ ਢੇਰ ਸਾਰੇ ਦੁਰਲੱਭ ਅਤੇ ਸ਼ਾਨਦਾਰ ਤੋਹਫ਼ੇ ਲਿਆਉਂਦੀਆਂ ਹਨ, ਜਿਨ੍ਹਾਂ ‘ਚੋਂ ਚੇਤਨਾ ਦੀ ਬਖ਼ਸ਼ਿਸ਼ ਵੀ ਇੱਕ ਹੈ। ਚੇਤਨਾ ਜਾਂ ਸੰਵੇਦਨਾ ਇਸ ਅਨੋਖੇ ਗ੍ਰਹਿ ‘ਤੇ ਆਪਣੀ ਹੋਂਦ ਦੇ ਕੌਤਕ ਨੂੰ ਮਹਿਸੂਸ ਕਰਨਾ ਅਤੇ ਸਿਆਣਨਾ ਹੈ। ਤੁਹਾਡੇ ਕੋਲ ਵੀ ਅਚੰਭਿਤ ਹੋਣ, ਪ੍ਰਸ਼ੰਸਾ ਕਰਨ ਅਤੇ ਆਨੰਦ ਮਾਣਨ ਲਈ ਬਹੁਤ ਕੁਝ ਹੈ। ਕੇਵਲ ਇਹ ਤੱਥ ਕਿ ਤੁਸੀਂ ਇੱਥੇ ਇਸ ਧਰਤੀ ‘ਤੇ ਹੋ ਆਪਣੇ ਆਪ ‘ਚ ਕਿਸੇ ਚਮਤਕਾਰ ਤੋਂ ਘੱਟ ਨਹੀਂ। ਕੀ ਤੁਸੀਂ ਇਸ ਤੋਂ ਵੀ ਵੱਧ ਖ਼ੁਸ਼ਕਿਸਮਤ ਬਣਨਾ ਚਾਹੁੰਦੇ ਹੋ? ਫ਼ਿਰ ਸ਼ੁਰੂਆਤ ਇਸ ਗੱਲ ਨੂੰ ਮਾਨਤਾ ਦੇਣ ਨਾਲ ਕਰੋ ਕਿ ਤੁਸੀਂ ਤਾਂ ਪਹਿਲਾਂ ਹੀ ਸੱਚਮੁੱਚ ਬਹੁਤ ਭਾਗਾਂ ਵਾਲੇ ਹੋ। ਉਸ ਨੂੰ ਅੱਗੇ ਲਿਆਓ ਜੋ ਪ੍ਰੇਰਿਤ ਕਰਦੈ, ਨਾ ਕਿ ਜੋ ਪਰੇਸ਼ਾਨ ਕਰਦੈ, ਅਤੇ ਤੁਸੀਂ ਅਜਿਹੇ ਸਬੰਧ ਪੈਦਾ ਕਰ ਸਕੋਗੇ ਜਿਹੜੇ ਤੁਹਾਨੂੰ ਦੂਸਰਿਆਂ ਦੇ ਲਾਗੇ ਲਿਆਉਣਗੇ।
ਜੀਵਨ ‘ਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੁੰਦੇ। ਪਰ ਫ਼ਿਰ ਵੀ, ਕਿਸੇ ਨਾ ਕਿਸੇ ਤਰ੍ਹਾਂ, ਸਾਨੂੰ ਉਹ ਕਰਨੀਆਂ ਹੀ ਪੈਂਦੀਆਂ ਹਨ। ਬਹੁਤ ਸਾਰੇ ਅਜਿਹੇ ਕਾਰਜ ਹਨ ਜਿਹੜੇ ਸਾਨੂੰ ਨੇਪਰੇ ਚਾੜ੍ਹਨੇ ਪੈਂਦੇ ਹਨ। ਵਾਅਦੇ ਜਿਹੜੇ ਪੁਗਾਉਣੇ ਪੈਂਦੇ ਹਨ। ਉਨ੍ਹਾਂ ਤੋਂ ਪਿੱਛਾ ਛੁੜਾਉਣ ਦਾ ਕੋਈ ਢੰਗ ਨਹੀਂ ਹੁੰਦਾ, ਪਰ ਅਜਿਹੇ ਫ਼ਰਜ਼ਾਂ ਦੀ ਗਿਣਤੀ ਵਧਾਉਣ ਦੀ ਵੀ ਕੋਈ ਲੋੜ ਨਹੀਂ। ਤੁਸੀਂ ਸਿਧਾਂਤਵਾਦੀ ਬਣਨ ‘ਚ ਮਾਹਿਰ ਹੋ। ਲਗਭਗ ਲੋੜੋਂ ਵੱਧ। ਤੁਹਾਨੂੰ ਖ਼ੁਦ ਨੂੰ ਵਾਧੂ ਆਜ਼ਾਦੀਆਂ ਦੇਣ ਦੇ ਆਪਣੇ ਫ਼ੈਸਲਿਆਂ ਬਾਰੇ ਬੁਰਾ ਮਹਿਸੂਸ ਕਰਨ ਦੀ ਤਾਂ ਉੱਕਾ ਹੀ ਕੋਈ ਲੋੜ ਨਹੀਂ। ਜਿੰਨਾ ਚਿਰ ਤੁਸੀਂ ਓਹੀ ਆਗਿਆ ਕਿਸੇ ਹੋਰ ਨੂੰ ਦੇਣ ਲਈ ਤਿਆਰ ਹੋ, ਤੁਸੀਂ ਜ਼ਖ਼ਮਾਂ ‘ਤੇ ਮਰਹਮ ਲਗਾਉਣ ਦੇ ਕਾਬਿਲ ਬਣੋਗੇ।
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ – ਖ਼ਾਸਕਰ ਪੁਰਾਣੀਆਂ ਉਹ ਆਦਤਾਂ ਜਿਹੜੀਆਂ ਸ਼ੂਰੂ ‘ਚ, ਅਸਲ ‘ਚ ਕਿਸੇ ਚੰਗੀ ਮਨਸ਼ਾ ਨਾਲ ਬਣਾਈਆਂ ਗਈਆਂ ਹੋਣ। ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਨੂੰ ਭਿੱਜਣ ਦੀ ਲੋੜ ਕੇਵਲ ਇੱਕ ਵਾਰ ਪੈਂਦੀ ਹੈ, ਅਤੇ ਮੁੜ ਉਹ ਜਿੱਥੇ ਵੀ ਜਾਂਦੇ ਹਨ ਛੱਤਰੀ ਆਪਣੇ ਨਾਲ ਲਿਜਾਣਾ ਨਹੀਂ ਭੁੱਲਦੇ। ਪਰ ਜੇਕਰ ਕਈ ਸਾਲ ਬਾਰਿਸ਼ ਹੀ ਨਾ ਹੋਵੇ ਤਾਂ ਨਿਰਸੰਦੇਹ ਇਹ ਨਤੀਜਾ ਕੱਢਿਆ ਜਾ ਸਕਦੈ ਕਿ ਉਹ ਗ਼ਲਤ ਕਿਸਮ ਦੀ ਸਾਵਧਾਨੀ ਵਰਤ ਰਹੇ ਹਨ, ਅਤੇ ਉਨ੍ਹਾਂ ਨੂੰ ਕਿਸੇ ਹੋਰ ਸ਼ੈਅ ਦੀ ਚਿੰਤਾ ਕਰਨ ਦੀ ਲੋੜ ਹੈ। ਜਿਵੇਂ, ਮੀਂਹ ਆਖ਼ਿਰ ਪੈ ਕਿਉਂ ਨਹੀਂ ਰਿਹਾ? ਚੰਗੀ ਚੀਜ਼ ‘ਚ ਬੁਰਾ ਨਾ ਦੇਖੋ। ਪਰ ਇਹ ਜ਼ਰੂਰ ਦੇਖੋ ਕਿ ਜੋ ਮਾੜਾ ਜਾਪਦੈ ਉਸ ਵਿੱਚ ਚੰਗਾ ਕੀ ਹੈ।