ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1387

ਇੱਕ ਪੁਰਾਣੀ ਕਹਾਵਤ ਹੈ: ਦਰਖ਼ਤ ਜਿੰਨਾ ਵੱਡਾ ਹੁੰਦੈ, ਉਹ ਓਨੇ ਹੀ ਜ਼ੋਰ ਨਾਲ ਹੇਠਾਂ ਡਿਗਦੈ। ਇਹ ਇੱਕ ਚੰਗਾ ਕਾਰਨ ਹੈ ਨਿੰਮੋਝੂਣੇ ਹੋਣ ਦਾ। ਇੱਕ ਹੋਰ ਸੁਣੋ: ਲਚਕਦਾਰ ਬਣ ਕੇ ਅਸੀਂ ਆਪਣੀ ਬਿਹਤਰ ਸੁਰੱਖਿਆ ਕਰ ਸਕਦੇ ਹਾਂ … ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ। ਕਠੋਰ ਰਵੱਈਏ ਨਾਜ਼ੁਕ ਸ਼ਖ਼ਸੀਅਤਾਂ ਪੈਦਾ ਕਰਦੇ ਹਨ। ਥੋੜ੍ਹੀ ਜਿੰਨੀ ਅਸਵੀਕ੍ਰਿਤੀ ਵੀ ਸਾਨੂੰ ਚੂਰ-ਚੂਰ ਕਰ ਸਕਦੀ ਹੈ। ਤੁਹਾਡੇ ਲਈ ਦਰਿਆ-ਦਿਲ, ਕੋਮਲ, ਦਾਨਵੀਰ ਅਤੇ ਭੁੱਲਣਹਾਰਾ ਹੋਣਾ ਮਹੱਤਵਪੂਰਣ ਹੈ। ਜੇ ਤੁਸੀਂ ਜੰਗ ਲੜੀ, ਅਤੇ ਉਸ ਨੂੰ ਜਿੱਤ ਵੀ ਗਏ, ਤੁਸੀਂ ਆਪਣੇ ਸੁਭਾਅ ਦੇ ਸਭ ਤੋਂ ਮਧੁਰ ਪਹਿਲੂ ਨਾਲੋਂ ਆਪਣਾ ਸਬੰਧ ਤੋੜ ਬੈਠੋਗੇ। ਅਤੇ ਓਹੀ ਤੁਹਾਡਾ ਸਭ ਤੋਂ ਵੱਡਾ ਗੁਣ ਹੈ।
ਕੁਝ ਲੋਕ ਸੱਚਮੁੱਚ ਹੀ ਦੂਜਿਆਂ ਦੇ ਮਨਾਂ ਨੂੰ ਪੜ੍ਹਨ ਦਾ ਹੁਨਰ ਰੱਖਦੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਦੂਸਰੇ ਲੋਕ ਵੀ ਕਦੇ ਆਪਣਾ ਪੱਕਾ ਮਨ ਬਣਾਉਣ ਤੋਂ ਹਮੇਸ਼ਾ ਕਤਰਾਉਂਦੇ ਨੇ। ਸ਼ਾਇਦ ਉਹ ਸੋਚਦੇ ਹੋਣ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਘੁਸਪੈਠੀਏ ਟੈਲੀਪੈਥਾਂ ਦੀ ਛਾਂਟੀ ਕਰ ਕੇ ਬਹਾਰ ਕੱਢਣ ‘ਚ ਮਦਦ ਮਿਲੇਗੀ! ਪਰ, ਦਰਅਸਲ, ਹੁਨਰਮੰਦ ਤੋਂ ਹੁਨਰਮੰਦ ਮਾਈਂਡ-ਰੀਡਰ (ਦੂਸਰੇ ਦੇ ਮਨ ਦੀ ਗੱਲ ਨੂੰ ਬੁੱਝ ਲੈਣ ਵਾਲਾ) ਵੀ ਉਹ ਚੀਜ਼ ਬਿਲਕੁਲ ਨਹੀਂ ਦੇਖ ਸਕਦਾ ਜਿਹੜੀ ਕੋਈ ਸੱਚੀ ਲੁਕਾਉਣਾ ਚਾਹੁੰਦਾ ਹੋਵੇ। ਇਸ ਤੋਂ ਪਹਿਲਾਂ ਕਿ ਕੋਈ ਵਾਕਈ ਸਾਨੂੰ ਪੜ੍ਹ ਸਕੇ, ਸਾਡੇ ਵਲੋਂ ਕੁਝ ਵਿਅਕਤ ਕਰਨਾ – ਜਾਂ ਅਵਚੇਤਨ ‘ਚ ਇਹ ਚਾਹਣਾ ਜ਼ਰੂਰੀ ਹੈ ਕਿ ਅਸੀਂ ਪੂਰੀ ਪਾਰਦਰਸ਼ਤਾ ਨਾਲ ਦੇਖੇ ਜਾਈਏ। ਇਸ ਵਕਤ ਤੁਹਾਨੂੰ ਕਿਸੇ ਪਿਆਰੇ ਜਾਂ ਸਾਥੀ ਦੇ ਮਨ ਅੰਦਰਲੀ ਗੱਲ ਦਾ ਦੁਰਲੱਭ ਗਿਆਨ ਹਾਸਿਲ ਕਰਨ ਦਾ ਇੱਕ ਸੱਦਾ ਮਿਲ ਰਿਹੈ। ਉਸ ਦਾ ਖ਼ੂਬ ਫ਼ਾਇਦਾ ਉਠਾਓ।
”ਆਹ ਰਿਹਾ ਇੱਕ ਰੇਸ਼ਮ ਦਾ ਰੁਮਾਲ। ਮੈਂ ਇਸ ਨੂੰ ਹਵਾ ‘ਚ ਲਹਿਰਾਵਾਂਗਾ, ਦੂਹਰਾ ਕਰਾਂਗਾ ਅਤੇ ਫ਼ਿਰ ਇਸ ਦਾ ਇੱਕ ਕਬੂਤਰ ਬਣਾਵਾਂਗਾ। ਆਹ ਰਿਹਾ ਇੱਕ ਛੋਟਾ ਜਿਹਾ ਬੀਜ। ਮੈਂ ਇਸ ਨੂੰ ਜ਼ਮੀਨ ‘ਤੇ ਸੁੱਟਾਂਗਾ ਅਤੇ ਇਸ ‘ਚੋਂ ਇੱਕ ਦਰਖ਼ਤ ਪਰਗਟ ਹੋਣ ਦੇਵਾਂਗਾ।” ਪਹਿਲਾ ਦਾਅਵਾ ਅਕਸਰ ਸਟੇਜੀ ਜਾਦੂਗਰਾਂ ਵਲੋਂ ਕੀਤਾ ਜਾਂਦਾ ਹੈ ਜਦੋਂ ਉਹ ਆਪਣੇ ਹੱਥ ਦੀ ਸਫ਼ਾਈ ਦਿਖਾਉਣ ਲੱਗੇ ਹੋਣ। ਦੂਸਰਾ ਸੰਸਾਰ ਦੇ ਮਹਾਨਤਮ ਅਸਲੀ ਜਾਦੂਗਰ ਦੇ ਤਰਕਸ਼ ਦਾ ਹਿੱਸਾ ਹੈ, ਬੇਮਿਸਾਲ ਕੁਦਰਤ। ਉਸ ਦੀਆਂ ਕਰਾਮਾਤਾਂ ਵਕਤ ਜ਼ਿਆਦਾ ਜ਼ਰੂਰ ਲੈਂਦੀਆਂ ਹਨ, ਪਰ ਉਹ ਹੁੰਦੀਆਂ ਵਧੇਰੇ ਕੰਮ ਦੀਆਂ ਨੇ। ਤੁਸੀਂ ਕੁਝ ਨਹੀਂ ‘ਚੋਂ ਤਾਂ ਕੁਛ ਪੈਦਾ ਕਰ ਨਹੀਂ ਸਕਦੇ, ਪਰ ਤੁਸੀਂ ਇੱਕ ਸ਼ਾਨਦਾਰ ਪ੍ਰਕਿਰਿਆ ਜ਼ਰੂਰ ਸ਼ੁਰੂ ਕਰ ਸਕਦੇ ਹੋ।
ਇੰਨਾ ਜ਼ਿਆਦਾ ਵਿਸ਼ਵਾਸ। ਇੰਨੀ ਜ਼ਿਆਦਾ ਉਮੀਦ। ਇੰਨਾ ਜ਼ਿਆਦਾ ਉਤਸ਼ਾਹ। ਕੀ ਇਹ ਸਭ ਜਾਇਜ਼ ਹੋ ਸਕਦੈ? ਬਿਲਕੁਲ! ਕੁਝ ਵੀ ਜਾਇਜ਼ ਠਹਿਰਾਇਆ ਜਾ ਸਕਦੈ। ਇਹ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਹੜੇ ਆਪਣਾ ਸਾਰਾ ਵਕਤ ਸਭ ਤੋਂ ਅਸੰਗਤ ਵਿਚਾਰਾਂ ਨੂੰ ਜਾਇਜ਼ ਠਹਿਰਾਉਣ ‘ਚ ਬਿਤਾਉਂਦੇ ਹਨ। ਫ਼ਿਰ ਚਾਹੇ ਪੇਸ਼ਕਸ਼ ਜਿੰਨੀ ਮਰਜ਼ੀ ਵੱਲਦਾਰ ਜਾਂ ਬੇਵਕੂਫ਼ਾਨੀ ਕਿਉਂ ਨਾ ਹੋਵੇ, ਤੁਸੀਂ ਉਸ ਦੇ ਹੱਕ ‘ਚ ਹਮੇਸ਼ਾ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਖਚਰੀ ਦਲੀਲ ਲੱਭ ਹੀ ਸਕਦੇ ਹੋ। ਪਰ ਇਸ ਵਕਤ ਤੁਹਾਨੂੰ ਜੋ ਦਰਕਾਰ ਹੈ, ਉਹ ਪ੍ਰਮਾਣਿਕਤਾ ਨਹੀਂ, ਉਹ ਹੈ ਸਮਰਥਨ। ਉਹ ਤੁਹਾਨੂੰ ਬੱਸ ਮਿਲਣ ਹੀ ਵਾਲੈ। ਵੈਸੇ ਹੁਣ ਇਹ ਵੀ ਪਤਾ ਚੱਲ ਰਿਹੈ ਕਿ ਕਿਸੇ ਖ਼ਾਸ ਵਿਅਕਤੀ ਜਾਂ ਸਥਿਤੀ ਤੋਂ ਤੁਹਾਡੇ ਵਲੋਂ ਵੱਡੀਆਂ ਉਮੀਦਾਂ ਰੱਖੀਆਂ ਜਾਣੀਆਂ ਬਿਲਕੁਲ ਜਾਇਜ਼ ਸੀ।
ਮਨੁੱਖਾਂ ਦੇ ਕਈ ਅਜਿਹੇ ਸੁਪਨੇ ਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਇੰਨਾ ਜ਼ਿਆਦਾ ਸਤਾਉਂਦੇ ਨੇ ਕਿ ਉਹ ਹਰ ਉਸ ਸ਼ੈਅ ‘ਚ ਯਕੀਨ ਕਰਨ ਲਈ ਤਿਆਰ ਹੋ ਜਾਂਦੇ ਨੇ ਜਿਹੜੀ ਉਨ੍ਹਾਂ ਨੂੰ ਆਪਣੀਆਂ ਖ਼ਬਤਾਂ ਦੇ ਹੱਕ ‘ਚ ਭੁਗਤਦੀ ਲੱਗੇ। ਸਾਡੀ ਰਚਨਾ ਹੀ ਕੁਛ ਇਸ ਪ੍ਰਕਾਰ ਦੀ ਹੈ। ਪਰ ਸਾਨੂੰ ਖ਼ੁਦ ਨੂੰ ਇਹ ਵੀ ਚੇਤੇ ਕਰਾਉਂਦੇ ਰਹਿਣਾ ਚਾਹੀਦੈ ਕਿ ਅਜਿਹੀਆਂ ਆਸਾਂ ਅਤੇ ਖ਼ਿਆਲ ਫ਼ੈਸਲਾ ਕਰਨ ਦੀ ਸਾਡੀ ਕਾਬਲੀਅਤ ਨੂੰ ਖੋਰਾ ਲਗਾਉਂਦੇ ਹਨ ਅਤੇ ਸਾਨੂੰ ਸਿਆਣੀਆਂ, ਵਿਹਾਰਕ ਚੋਣਾਂ ਕਰਨ ਤੋਂ ਵਰਜਦੇ ਹਨ। ਸਾਨੂੰ ਉਸ ਵਿਵਾਦ ਬਾਰੇ ਵੀ ਸਾਵਧਾਨ ਰਹਿਣਾ ਚਾਹੀਦੈ ਜਿਹੜਾ ਓਦੋਂ ਉਭਰਦੈ ਜਦੋਂ ਅਜਿਹੀਆਂ ਅੰਦਰੂਨੀ ਭੁੱਖਾਂ ਦਾ ਟਕਰਾਅ ਦੂਸਰਿਆਂ ਦੀਆਂ ਗ਼ਲਤਫ਼ਹਿਮੀਆਂ ਅਤੇ ਖ਼ਵਾਹਿਸ਼ਾਂ ਨਾਲ ਹੁੰਦੈ। ਜਿੰਨਾ ਚਿਰ ਤਕ ਤੁਸੀਂ ਇਮਾਨਦਾਰ ਹੋ, ਘੱਟੋ-ਘੱਟ ਆਪਣੇ ਆਪ ਨਾਲ, ਸਭ ਠੀਕ ਹੋਵੇਗਾ। !