ਕਿਉਂ ਜ਼ਿਆਦਾ ਫ਼ੀਸ ਨਹੀਂ ਲੈਂਦੀ ਆਲੀਆ ਭੱਟ!
ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਉਹ ਫ਼ੀਸ ਦੇ ਆਧਾਰ ‘ਤੇ ਕਦੇ ਫ਼ਿਲਮ ਨਹੀਂ ਕਰਦੀ। ਫ਼ਿਲਮਸਾਜ਼ ਕਰਨ ਜੌਹਰ ਦੀ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਹੁਣ ਤਕ ਆਲੀਆ ਨੇ ਆਪਣੀ ਪ੍ਰਤਿਭਾ ਦਾ ਚੰਗਾ ਲੋਹਾ ਮਨਵਾਇਆ ਹੈ। ਆਲੀਆ ਨੇ ਹਾਈਵੇ, ਉੜਤਾ ਪੰਜਾਬ ਅਤੇ ਰਾਜ਼ੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਅਤੇ ਖ਼ੂਬ ਤਾਰੀਫ਼ ਹਾਸਿਲ ਕੀਤੀ। ਇੱਕ ਪਾਸੇ ਦੀਪਿਕਾ ਪਾਦੁਕੋਣ ਬਾਰੇ ਚਰਚਾ ਹੈ ਕਿ ਉਹ ਪ੍ਰਤੀ ਫ਼ਿਲਮ ਪੁਰਸ਼ ਸਿਤਾਰਿਆਂ ਨਾਲੋਂ ਜ਼ਿਆਦਾ ਫ਼ੀਸ ਲੈਂਦੀ ਹੈ, ਦੂਜੇ ਪਾਸੇ ਆਲੀਆ ਭੱਟ ਸਾਥੀ ਪੁਰਸ਼ ਸਿਤਾਰਿਆਂ ਦੇ ਮੁਕਾਬਲੇ ਘੱਟ ਫ਼ੀਸ ਲੈ ਰਹੀ ਹੈ।
ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਗਲੀ ਬੁਆਏ ਵਿੱਚ ਰਣਵੀਰ ਸਿੰਘ ਦੇ ਮੁਕਾਬਲੇ ਘੱਟ ਫ਼ੀਸ ਮਿਲਣ ਬਾਰੇ ਆਲੀਆ ਨੇ ਇੱਕ ਸਵਾਲ ਦੇ ਜਵਾਬ ‘ਚ ਦੱਸਿਆ, ”ਮੈਂ ਸ਼ਾਇਦ ਓਨੀ ਫ਼ੀਸ ਨਾ ਮੰਗਾਂ ਜਿੰਨੀ ਰਣਵੀਰ ਲੈਂਦਾ ਹੈ, ਕਿਉਂਕਿ ਮੈਂ ਫ਼ੀਸ ਦੇ ਆਧਾਰ ‘ਤੇ ਕਦੇ ਫ਼ਿਲਮ ਸਾਈਨ ਨਹੀਂ ਕਰਦੀ। ਇਹ ਤੁਲਨਾ ਕਰਨਾ ਹੀ ਗ਼ਲਤ ਹੈ ਹਾਲਾਂਕਿ ਮੈਂ ਇਹ ਜ਼ਰੂਰ ਕਹਾਂਗੀ ਕਿ ਜੇ ਕੋਈ ਨਵਾਂ ਐਕਟਰ ਜਿਸ ਨੇ ਸਿਰਫ਼ ਇੱਕ-ਦੋ ਫ਼ਿਲਮਾਂ ਹੀ ਕੀਤੀਆਂ ਹਨ ਤੇ ਉਸ ਨੂੰ ਮੇਰੇ ਨਾਲੋਂ ਜ਼ਿਆਦਾ ਫ਼ੀਸ ਮਿਲਦੀ ਹੈ ਤਾਂ ਮੈਂ ਇਸ ਦੇ ਲਈ ਕਦੇ ਸਹਿਮਤ ਨਹੀਂ ਹੋਵਾਂਗੀ।”
ਜ਼ਿਕਰਯੋਗ ਹੈ ਕਿ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫ਼ਿਲਮ ਗਲੀ ਬੁਆਏ ਨੇ ਚੰਗੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਫ਼ਿਲਮ ‘ਚ ਆਲੀਆ ਨੇ ਰਣਵੀਰ ਨਾਲੋਂ ਘੱਟ ਫ਼ੀਸ ਲੈਣ ਦੇ ਕਾਰਨ ਬਾਰੇ ਗੱਲ ਕਰਦਿਆਂ ਇਹ ਸਭ ਕੁੱਝ ਦੱਸਿਆ। ਆਲੀਆ ਭੱਟ ਇਸ ਸਮੇਂ ਜਿਨ੍ਹਾਂ ਵੱਡੀਆਂ ਫ਼ਿਲਮਾਂ ‘ਚ ਕੰਮ ਕਰ ਰਹੀ ਹੈ ਉਨ੍ਹਾਂ ਵਿੱਚ ਕਲੰਕ, ਤਖ਼ਤ, ਬ੍ਰਹਮਾਸਤਰ ਅਤੇ ਸੜਕ 2 ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਕਲੰਕ ‘ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਚੱਲ ਰਹੀ ਹੈ, ਅਤੇ ਬ੍ਰਹਮਾਸਤਰ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ।











