ਅਜੇ ਨੇ ਖੋਲ੍ਹਿਆ ਖ਼ਾਨਜ਼ ਦੀਆਂ ਫ਼ਲੌਪ ਫ਼ਿਲਮਾਂ ਦਾ ਰਾਜ਼

ਸਿੰਘਮ ਸਟਾਰ ਅਜੇ ਦੇਵਗਨ ਨੇ ਪਿਛਲੇ ਸਾਲ ਖ਼ਾਨ ਤ੍ਰੀਮੂਰਤੀ ਦੀਆਂ ਫ਼ਿਲਮਾਂ ਨਾ ਚੱਲਣ ਦੇ ਕਾਰਨਾਂ ਬਾਰੇ ਆਖਿਆ ਹੈ ਕਿ ਇਹ ਫ਼ਿਲਮਾਂ ਚੰਗੀਆਂ ਨਹੀਂ ਸਨ। 2018 ਵਿੱਚ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ, ਸਲਮਾਨ ਖ਼ਾਨ ਦੀਆਂ ਫ਼ਿਲਮਾਂ ਪਰਦੇ ‘ਤੇ ਖ਼ਾਸ ਜਾਦੂ ਨਾ ਦਿਖਾ ਸਕੀਆਂ। ਇਹ ਗੱਲ ਅਜੇ ਵੀ ਚਰਚਾ ਦਾ ਵਿਸ਼ਾ ਹੈ। ਇਸ ਗੱਲ ਨੂੰ ਲੈ ਕੇ ਹੁਣ ਅਜੇ ਦੇਵਗਨ ਨੇ ਕਿਹਾ, ”ਪਿਛਲੇ ਸਾਲ ਸਲਮਾਨ, ਸ਼ਾਹਰੁਖ਼ ਅਤੇ ਆਮਿਰ ਦੀਆਂ ਜੋ ਫ਼ਿਲਮਾਂ ਨਹੀਂ ਚੱਲੀਆਂ, ਉਨ੍ਹਾਂ ਪਿੱਛੇ ਸਿਰਫ਼ ਇਹੀ ਕਾਰਨ ਸੀ ਕਿ ਉਹ ਫ਼ਿਲਮਾਂ ਚੰਗੀਆਂ ਨਹੀਂ ਸਨ। ਇਸੇ ਲਈ ਉਹ ਕਾਮਯਾਬ ਨਹੀਂ ਹੋਈਆਂ।”
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਲਮਾਨ ਖ਼ਾਨ ਦੀ ਫ਼ਿਲਮ ਰੇਸ 3, ਸ਼ਾਹਰੁਖ਼ ਦੀ ਜ਼ੀਰੋ ਅਤੇ ਆਮਿਰ ਦੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਬੌਕਸ ਔਫ਼ਿਸ ‘ਤੇ ਬੁਰੀ ਤਰ੍ਹਾਂ ਫ਼ਲੌਪ ਰਹੀਆਂ ਸਨ। ਉਸ ਤੋਂ ਬਾਅਦ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਸੀ ਕਿ ਹੁਣ ਖ਼ਾਨਜ਼ ਦੇ ਦਿਨ ਲੰਘ ਚੁੱਕੇ ਹਨ। ਅਜੇ ਨੇ ਆਪਣੀ ਅਗਲੀ ਫ਼ਿਲਮ ਟੋਟਲ ਧਮਾਲ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਇਸ ਫ਼ਿਲਮ ਦੇ ਨਿਰਦੇਸ਼ਕ ਇੰਦਰ ਕੁਮਾਰ ਨੇ ਉਸ ਨੂੰ ਫ਼ਿਲਮ ਦੀ ਕਹਾਣੀ ਸੁਣਾਈ ਹੈ ਜੇ ਉਸੇ ਤਰ੍ਹਾਂ ਉਹ ਇਸ ਨੂੰ ਪਰਦੇ ‘ਤੇ ਦਿਖਾਉਂਦਾ ਹੈ ਤਾਂ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸਮਦ ਆਵੇਗੀ।
ਇਸ ਫ਼ਿਲਮ ‘ਚ ਅਜੇ ਦੇਵਗਨ ਤੋਂ ਇਲਾਵਾ ਅਰਸ਼ਦ ਵਾਰਸੀ, ਅਨਿਲ ਕਪੂਰ, ਮਾਧੁਰੀ ਦੀਕਸ਼ਿਤ ਅਤੇ ਰੀਤੇਸ਼ ਦੇਸ਼ਮੁਖ ਦੀ ਵੀ ਅਹਿਮ ਭੂਮਿਕਾ ਹੈ। ਇਹ ਫ਼ਿਲਮ 22 ਫ਼ਰਵਰੀ ਨੂੰ ਰਿਲੀਜ਼ ਹੋਵੇਗੀ। ਅਜੇ ਦੀ ਇਸ ਤੋਂ ਅਗਲੀ ਫ਼ਿਲਮ ਤਾਨਾਜੀ ਹੋਵੇਗੀ। ਇਸ ਫ਼ਿਲਮ ਨੂੰ ਅਜੇ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੀ ਬਣਾ ਰਿਹਾ ਹੈ। 160 ਕਰੋੜ ਦੇ ਬਜਟ ਵਾਲੀ ਇਤਿਹਾਸ ਆਧਾਰਿਤ ਫ਼ਿਲਮ ਤਾਨਾਜੀ ‘ਚ ਲੰਬੇ ਸਮੇਂ ਬਾਅਦ ਅਜੇ ਅਤੇ ਕਾਜੋਲ ਦੀ ਜੋੜੀ ਮੁੜ ਪਰਦੇ ‘ਤੇ ਇਕੱਠਿਆਂ ਨਜ਼ਰ ਆਵੇਗੀ। ਇਸ ‘ਚ ਸੈਫ਼ ਅਲੀ ਖ਼ਾਨ ਇੱਕ ਨੈਗੇਟਿਵ ਕਿਰਦਾਰ ਨਿਭਾਏਗਾ।