ਆਬਕਾਰੀ ਘਪਲਾ ਮਾਮਲਾ: ਅਦਾਲਤ ਨੇ ਸੰਜੇ ਸਿੰਘ ਦੀ ਜ਼ਮਾਨਤ ਮਗਰੋਂ ਦਿੱਤਾ ਇਹ ਨਿਰਦੇਸ਼

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਨੇਤਾ ਸੰਜੇ ਸਿੰਘ ਨੂੰ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਆਬਕਾਰੀ ਘਪਲੇ ਮਾਮਲੇ ਵਿਚ ਸਬੂਤਾਂ ਨਾਲ ਛੇੜਛਾੜ ਨਾ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ। ਸੁਪਰੀਮ ਕੋਰਟ ਤੋਂ ਸੰਜੇ ਸਿੰਘ ਨੂੰ ਮੰਗਲਵਾਰ ਨੂੰ ਜ਼ਮਾਨਤ ਮਿਲਣ ਮਗਰੋਂ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਨੇਤਾ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਪਾਸ ਕਰਨ ਤੋਂ ਪਹਿਲਾਂ ਨਿਰਦੇਸ਼ ਦਿੱਤੇ। ਜਸਟਿਸ ਨੇ ਸੰਜੇ ਨੂੰ ਪਾਸਪੋਰਟ ਜਮ੍ਹਾ ਕਰਾਉਣ, ਰਾਸ਼ਟਰੀ ਰਾਜਧਾਨੀ ਖੇਤਰ (NCR) ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੀ ਯਾਤਰਾ ਪ੍ਰੋਗਰਾਮ ਬਾਰੇ ਸੂਚਿਤ ਕਰਨ ਅਤੇ ਆਪਣੇ ਫੋਨ ਦੀ ਲੋਕੇਸ਼ਨ ਹਮੇਸ਼ਾ ਚਾਲੂ ਰੱਖਣ ਦਾ ਵੀ ਨਿਰਦੇਸ਼ ਦਿੱਤਾ।
ਸੰਜੇ ਸਿੰਘ ਦੇ ਵਕੀਲ ਨੇ ਸੰਖੇਪ ਸੁਣਵਾਈ ਦੌਰਾਨ ਅਦਾਲਤ ਨੂੰ ਸੂਚਿਤ ਕੀਤਾ ਕਿ ਨੇਤਾ ਦੀ ਪਤਨੀ ਇਸ ਮਾਮਲੇ ਵਿਚ ਦੋਸ਼ੀ ਦੀ ਜ਼ਮਾਨਤਦਾਰ ਹੋਵੇਗੀ। ਵਕੀਲ ਨੇ ਅਦਾਲਤ ਨੂੰ ਕਿਹਾ ਕਿ ਮੈਂ (ਸੰਜੇ ਸਿੰਘ) ਸੰਸਦ ਦਾ ਮੈਂਬਰ ਹਾਂ। ਮੇਰੇ ਦੌੜਨ ਦਾ ਕੋਈ ਜ਼ੋਖਮ ਨਹੀਂ ਹੈ। ਜਸਟਿਸ ਨੇ ਦੋਸ਼ੀ ਨੂੰ 2 ਲੱਖ ਰੁਪਏ ਦਾ ਨਿੱਜੀ ਮੁਚਲਕਾ ਅਤੇ ਇੰਨੀ ਹੀ ਰਾਸ਼ੀ ਦੀ ਜ਼ਮਾਨਤ ਰਾਸ਼ੀ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ।