ਜਲੰਧਰ – ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਿਚ ਆਈ ਨੈਤਿਕ ਗਿਰਾਵਟ ਦੀ ਚਰਚਾ ਕਰਦਿਆਂ ਕਿਹਾ ਕਿ ਮਾਲਵਾ ਵਿਖੇ ਹੋਈ ਰੈਲੀ ਦੌਰਾਨ ਇਕ ‘ਆਪ’ ਵਿਧਾਇਕ ਨੇ ਮੌਜੂਦ ਲੋਕਾਂ ਨੂੰ ਸੁਖਬੀਰ ਬਾਦਲ ਦੇ ਕੋਰੋਨਾ ਪਾਜ਼ੇਟਿਵ ਹੋਣ ’ਤੇ ਤਾੜੀਆਂ ਵਜਾਉਣ ਲਈ ਕਿਹਾ ਸੀ।
ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਵਿਧਾਇਕ ਦੀਆਂ ਟਿੱਪਣੀਆਂ ਤੋਂ ਇਸ ਪਾਰਟੀ ਦੀ ਵਿਚਾਰਧਾਰਾ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨਾਲ ਉਨ੍ਹਾਂ ਦੇ ਅਤੇ ਕਾਂਗਰਸ ਪਾਰਟੀ ਦੇ ਵੀ ਤਿੱਖੇ ਵਿਚਾਰਕ ਮਤਭੇਦ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀ ਤਕਲੀਫ ’ਤੇ ਅਸੀਂ ਖੁਸ਼ ਹੋਈਏ। ਪੰਜਾਬੀ ਸੱਭਿਅਤਾ ਸਾਨੂੰ ਕਿਸੇ ਹੋਰ ਦੇ ਦੁੱਖ-ਦਰਦ ’ਚ ਹੱਸਣਾ ਨਹੀਂ ਸਿਖਾਉਂਦੀ, ਸਗੋਂ ਹਮੇਸ਼ਾ ਦੂਜੇ ਦੇ ਦੁੱਖ-ਦਰਦ ਨੂੰ ਵੰਡਣ ਦਾ ਸੁਨੇਹਾ ਦਿੰਦੀ ਆਈ ਹੈ।
ਉਨ੍ਹਾਂ ਕਿਹਾ ਕਿ ‘ਆਪ’ ਦੀ ਰੈਲੀ ਵਿਚ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਜਿਸ ਢੰਗ ਨਾਲ ਉਲੰਘਣਾ ਕੀਤੀ ਗਈ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਦਿੱਲੀ ਵਿਚ ਤਾਂ ‘ਆਪ’ ਦੀ ਸਰਕਾਰ ਨੇ ਜਗ੍ਹਾ-ਜਗ੍ਹਾ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਹੋਏ ਹਨ, ਜਿੱਥੋਂ ਉਹ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ 2-2 ਹਜ਼ਾਰ ਰੁਪਏ ਦੇ ਚਲਾਨ ਕੱਟ ਕੇ ਘਰਾਂ ’ਚ ਭੇਜ ਰਹੀ ਹੈ। ਪੰਜਾਬ ਵਿਚ ਆ ਕੇ ‘ਆਪ’ ਲੀਡਰਸ਼ਿਪ ਕਹਿੰਦੀ ਹੈ ਕਿ ਕੋਰੋਨਾ ਨਾਂ ਦੀ ਕੋਈ ਬੀਮਾਰੀ ਨਹੀਂ ਹੈ। ਜੇ ਅਜਿਹੀ ਗੱਲ ਹੈ ਤਾਂ ਫਿਰ ਦਿੱਲੀ ਵਿਚ ਲੋਕਾਂ ਦੇ ਚਲਾਨ ਕਿਉਂ ਕੱਟੇ ਜਾ ਰਹੇ ਹਨ?















