‘ਆਪ’ ਨੇ ਇਤਰਾਜ਼ਯੋਗ ਟਿੱਪਣੀ ਦੇ ਦੋਸ਼ ‘ਚ 5 ਲੋਕਾਂ ਦੇ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ

4ਮੁੰਬਈ :  ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ 5 ਵਿਅਕਤੀਆਂ ਦੇ ਖਿਲਾਫ ਇੱਥੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ‘ਆਪ’ ਦੀ ਰਾਸ਼ਟਰੀ ਮਹਿਲਾ ਬੁਲਾਰੇ ਪ੍ਰੀਤੀ ਸ਼ਰਮਾ ਮੇਨਨ ਨੇ ਐਤਵਾਰ ਨੂੰ ਇੱਥੇ ਚੈਂਬੂਰ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਨੂੰ ‘ਜ਼ੀਰੋ ਐੱਫ.ਆਈ.ਆਰ.’ ‘ਚ ਤਬਦੀਲ ਕਰ ਦਿੱਤਾ ਜਾਵੇ। ‘ਜ਼ੀਰੋ ਐੱਫ.ਆਈ.ਆਰ.’ ਦੇ ਅਧੀਨ ਸ਼ਿਕਾਇਤ ਕਿਸੇ ਵੀ ਪੁਲਸ ਸਟੇਸ਼ਨ ‘ਚ ਦਾਖਲ ਕੀਤੀ ਜਾ ਸਕਦੀ ਹੈ, ਭਾਵੇਂ ਹੀ ਕਥਿਤ ਘਟਨਾ ਦਾ ਸਥਾਨ ਉੱਥੇ ਨਾ ਹੋਵੇ।
ਉਨ੍ਹਾਂ ਨੇ ਪੁਲਸ ਨੂੰ ਕਿਹਾ ਕਿ ਸ਼ਿਕਾਇਤ ਦੇ ਨਾਲ ਸੌਂਪੇ ਗਏ ਦਸਤਾਵੇਜ਼ ‘ਚ ਆਈ.ਟੀ. ਕਾਨੂੰਨ ਅਤੇ ਭਾਰਤੀ ਸਜ਼ਾ ਜ਼ਾਬਤਾ ਦੀਆਂ ਵਿਵਸਥਾਵਾਂ ਦੀ ਵਰਤੋਂ ਕਰਨ ਲਈ ‘ਪੂਰੇ ਆਧਾਰ’ ਦਾ ਜ਼ਿਕਰ ਕੀਤਾ ਗਿਆ ਹੈ। ਮੇਨਨ ਨੇ ਵਿਅਕਤੀਆਂ ਵੱਲੋਂ ਕੀਤੀ ਗਈ ਕਥਿਤ ਟਿੱਪਣੀ ਦਾ ਵੇਰਵਾ ਵੀ ਪੁਲਸ ਨੂੰ ਸੌਂਪਿਆ ਹੈ। ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਸਤੀਸ਼ ਡਲ ਨੇ ਕਿਹਾ ਕਿ ਇਸ ਮਾਮਲੇ ‘ਚ ਕਾਨੂੰਨ ਅਨੁਸਾਰ ਉੱਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਕਾਰਵਾਈ ਲਈ ਸ਼ਿਕਾਇਤ ਨੂੰ ਸਾਈਬਰ ਸੈੱਲ ‘ਚ ਭੇਜਿਆ ਜਾ ਰਿਹਾ ਹੈ।