ਜਲੰਧਰ – ਸਥਾਨਕ ਸ਼ੇਖੇ ਪਿੰਡ ‘ਚ ਸ਼ਨੀਵਾਰ ਸ਼ਾਮ ਅਚਾਨਕ ‘ਆਪ’ ਨੇਤਾ ਜਗਜੀਤ ਸਿੰਘ ਗਾਬਾ ਦੇ ਬੇਟੇ ਮਨਪ੍ਰੀਤ ਸਿੰਘ ਗਾਬਾ ਦੀ ਸੈਲੋਟੇਪ ਬਣਾਉਣ ਵਾਲੀ ਫੈਕਟਰੀ ‘ਚ ਅਚਾਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਘਟਨਾ ਤੋਂ ਬਾਅਦ ਫੈਕਟਰੀ ‘ਚ ਕੰਮ ਕਰ ਰਹੀ ਲੇਬਰ ਸੜਕਾਂ ਵੱਲ ਭੱਜੀ। ਇਸ ਦੇ ਨਾਲ ਹੀ ਲੋਕਾਂ ਨੇ ਘਟਨਾ ਸੰਬੰਧੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਫੈਕਟਰੀ ਦੇ ਅੰਦਰ ਕੈਮੀਕਲ ਅਤੇ ਪਲਾਸਟਿਕ ਭਾਰੀ ਮਾਤਰਾ ‘ਚ ਪਿਆ ਹੋਣ ਕਾਰਨ ਅੱਗ ਨੇ ਥੋੜ੍ਹੇ ਹੀ ਸਮੇਂ ‘ਚ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ਲਈ ਫੈਕਟਰੀ ਵਿਚ ਡਿੱਚ ਮਸ਼ੀਨਾਂ ਨੂੰ ਬੁਲਾਉਣਾ ਪਿਆ, ਜਿਨ੍ਹਾਂ ਦੀ ਮਦਦ ਨਾਲ ਫੈਕਟਰੀ ਦੀਆਂ ਕੰਧਾਂ ਤੋੜ ਕੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕੀਤਾ, ਜਿਸ ਦੌਰਾਨ ਕਰੀਬ 5 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਇਕ ਦਰਜਨ ਤੋਂ ਵੀ ਜ਼ਿਆਦਾ ਫਾਇਰ ਬ੍ਰਿਗੇਡ ਗੱਡੀਆਂ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਬੁਝਾਉਂਦੇ ਸਮੇਂ ਫੈਕਟਰੀ ਦਾ ਇਕ ਕਰਮਚਾਰੀ ਸੰਜੂ ਵੀ ਝੁਲਸ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ।
ਫੈਕਟਰੀ ਮਾਲਕ ਮਨਪ੍ਰੀਤ ਸਿੰਘ ਗਾਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸਵਾ 4 ਵਜੇ ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦਾ ਪੂਰਾ ਯਤਨ ਕੀਤਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸੰਪਰਕ ਕਰਨ ‘ਤੇ ‘ਆਪ’ ਨੇਤਾ ਜਗਜੀਤ ਸਿੰਘ ਗਾਬਾ ਨੇ ਦੱਸਿਆ ਕਿ ਦੇਰ ਰਾਤ ਤੱਕ ਫਾਇਰ ਬ੍ਰਿਗੇਡ ਕਰਮਚਾਰੀ ਫੈਕਟਰੀ ਵਿਚ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਜੁਟੇ ਹੋਏ ਸਨ।















