‘ਆਪ’ ਨੂੰ ਠਿੱਬੀ ਲਾਉਣ ਲਈ ਸੁਖਬੀਰ ਬਾਦਲ ਦਾ ਡਿਪਟੀ ਕਮਿਸ਼ਨਾਂ ਨੂੰ ਫਰਮਾਨ

5ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਕਿਸਾਨ ਮੈਨੀਫੈਸਟੋ ਜਾਰੀ ਕਰਨ ਲਈ ਬਾਘਾ ਪੁਰਾਣਾ ਵਿੱਚ ਕਿਸਾਨਾਂ ਦੇ ਵੱਡੇ ਇਕੱਠ ਦੇ ਬੰਦੋਬਸਤ ਕੀਤੇ ਹਨ। ਪਾਰਟੀ ਨੂੰ ਇਸ ਵਿੱਚ ਸਫਲਤਾ ਵੀ ਮਿਲੀ ਹੈ ਪਰ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਇਸ ਰੈਲੀ ਨੂੰ ਫਲਾਪ ਕਰਨ ਲਈ ਬੱਸ ਤੇ ਵੈਨ ਚਾਲਕਾਂ ਨੂੰ ਰੈਲੀ ਵਿੱਚ ਨਾ ਜਾਣ ਲਈ ਮਜਬੂਰ ਕੀਤਾ ਹੈ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਾਇਆ ਹੈ।
ਦਰਅਸਲ ਬੀਤੇ ਕੱਲ੍ਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਨੂੰ ਫਰਮਾਨ ਜਾਰੀ ਕਰ ਦਿੱਤਾ ਕਿ ਪੂਰੇ ਸੂਬੇ ਵਿੱਚ ਬੱਸਾਂ ਤੇ ਵੈਨ ਡਰਾਈਵਰਾਂ ਨੂੰ ਐਤਵਾਰ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਹੀ ਨਹੀਂ ਜਾਰੀ ਹੁਕਮਾਂ ਵਿੱਚ ਇਹ ਖਾਸ ਕਰਕੇ ਕਿਹਾ ਗਿਆ ਕਿ ਜੋ ਵੀ ਡਰਾਈਵਰ ਇਸ ਟ੍ਰੇਨਿੰਗ ਕੈਂਪ ਵਿੱਚ ਹਿੱਸਾ ਨਹੀਂ ਲਵੇਗਾ, ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਫਰਮਾਨ ਰਾਸ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਨੇ ਅੱਜ ਦੇ ਲਈ ਟ੍ਰੇਨਿੰਗ ਕੈਂਪ ਇੱਕ ਬਹਾਨਾ ਹੈ। ਅਕਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਫਲਾਪ ਕਰਨ ਲਈ ਇਹ ਸਭ ਕੁਝ ਕਰ ਰਹੀ ਹੈ। ਦੂਜੇ ਪਾਸੇ ਇਸ ਸੈਮੀਨਾਰ ਨੂੰ ਲੈ ਕੇ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਚਰਨਦੀਪ ਦਾ ਕਹਿਣਾ ਹੈ ਕਿ ਸਾਨੂੰ ਸਰਕਾਰ ਵੱਲੋਂ ਟ੍ਰੇਨਿੰਗ ਕੈਂਪ ਲਾਉਣ ਦਾ ਇੱਕ ਪੱਤਰ ਮਿਲਿਆ ਸੀ। ਉਸ ਤਹਿਤ ਹੀ ਇਹ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਸਫਾਈ ਦਿੰਦਿਆ ਕਿਹਾ ਕਿ ਐਤਵਾਰ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ, ਇਸ ਲਈ ਹੀ ਇਹ ਕੈਂਪ ਅੱਜ ਲਾਇਆ ਜਾ ਰਿਹਾ ਹੈ।